ਗਾਇਕ ਨੌਜਵਾਨਾਂ ਨੂੰ ਸਿੱਖੀ ਸੇਧ ਦੇਣ ਵਾਲੇ ਗੀਤ ਹੀ ਗਾਉਣ – ਭਾਈ ਮਾਨ
ਸੰਦੌੜ, 21 ਅਪੈ੍ਰਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਾਬਤ ਸੂਰਤ ਸਿੱਖ ਸਰਦਾਰ ਗਾਇਕ ਭਾਈ ਕੁਲਵਿੰਦਰ ਸਿੰਘ ਮਾਨ ਅਮਰੀਕਾ ਵਾਲੇ ਆਪਣੀ ਪੰਜਾਬ ਫੇਰੀ ਦੌਰਾਨ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਈ ਛੇਵੀਂ ਪਿੰਡ ਅਲੀਪੁਰ ਵਿਖੇ ਨਸਮਸ਼ਤਕ ਹੋਣ ਪਹੁੰਚੇ ਜਿਥੇ ਉਹਨਾਂ ਦਾ ਗੁਰੂ ਘਰ ਦੇ ਮੁੱਖ ਸੇਵਾਦਾਰ ਉਘੇ ਸਿੱਖ ਧਰਮ ਪ੍ਰਚਾਰਿਕ ਵੀਰ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਵਾਲਿਆਂ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ।ਵੀਰ ਮਨਪੀ੍ਰਤ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਦੀ ਲੋੜ ਹੈ ਤਾਂ ਜੋ ਲੱਚਰ ਗਾਇਕੀ `ਤੇ ਲੱਚਰ ਗੀਤ ਗਾਉਣ ਵਾਲੇ ਗਾਇਕਾਂ ਦਾ ਤਿਆਗ ਕਰ ਸਕਣ, ਭਾਈ ਕੁਲਵਿੰਦਰ ਸਿੰਘ ਮਾਨ ਅਤੇ ਭਾਈ ਜਗਦੇਵ ਸਿੰਘ ਗੱਗੜੀ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਾਲੇ ਗੀਤ ਗਾ ਕੇ ਆਪਣਾ ਫਰਜ਼ ਬਾਖੂਬੀ ਨਿਭਾਅ ਰਹੇ ਹਨ।ਭਾਈ ਕੁਲਵਿੰਦਰ ਸਿੰਘ ਮਾਨ ਨੇ ਕਿਹਾ ਕਿ ਅੱਜ ਪੰਜਾਬੀ ਨੋਜਵਾਨੀ ਨੂੰ ਨਸ਼ਿਆਂ, ਹਥਿਆਰਾਂ ਅਤੇ ਲੜਾਈ ਵਾਲੇ ਗੀਤ ਪੇਸ਼ ਕਰਕੇ ਸਿੱਖ ਧਰਮ ਤੋਂ ਭਟਕਾਉਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ।ਉਹਨਾਂ ਪੰਜਾਬੀ ਗਾਇਕਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਸਿੱਖੀ ਸੇਧ ਦੇਣ ਵਾਲੇ ਗੀਤ ਹੀ ਗਾਉਣ ਤਾਂ ਜੋ ਪੰਜਾਬ ਦੇ ਨੋਜਵਾਨਾਂ ਨੂੰ ਨਸ਼ਿਆਂ ਵਰਗੀ ਭੇੜੀ ਲਾਹਣਤ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਉਹਨਾਂ ਨਾਲ ਗਾਇਕ ਏਕਮ ਅਟਵਾਲ ਕਾਤਰੋਂ, ਬਾਬਾ ਗੁਰਚਰਨ ਸਿੰਘ ਕਾਤਰੋਂ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਮਨਦੀਪ ਸਿੰਘ, ਜਗਦੀਪ ਸਿੰਘ, ਫਤਿਹ ਸਿੰਘ ਹਾਜ਼ਰ ਸਨ।
Punjab Post Daily Online Newspaper & Print Media