ਸ਼ਹਿਰ ਵਾਸੀਆਂ ਵੱਲੋਂ ਬਹੁਤ ਹੀ ਗਰਮਜੋਸ਼ੀ ਨਾਲ ਕੀਤਾ ਗਿਆ ਸਵਾਗਤ
ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਦੇ ਮਾਲ, ਜਲ ਸਰੋਤ (ਸਿੰਚਾਈ) ਅਤੇ ਖਣਨ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਬਹੁਤ ਮਹੱਤਵਪੂਰਨ ਵਿਭਾਗਾਂ ਦੀ ਜਿੰਮੇਵਰੀ ਸੌਂਪੀ ਹੈ, ਜਿਨ੍ਹਾਂ ਦਾ ਸਿੱਧਾ ਸਬੰਧ ਪੰਜਾਬ ਦੇ ਆਮ ਲੋਕਾਂ ਨਾਲ ਹੈ।
ਸ੍ਰੀ ਸਰਕਾਰੀਆ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਸੁਚੱਜਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਉਨ੍ਹਾਂ ਦੀ ਪਹਿਲ ਰਹੇਗਾ।ਉਨ੍ਹਾਂ ਕਿਹਾ ਕਿ ਜਿੱਥੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਉਥੇ ਹੀ ਲੋਕਾਂ ਨਾਲ ਜੁੜੇ ਕਾਰਜਾਂ ਨੂੰ ਖਾਸ ਤਵਜੋ ਦਿੱਤੀ ਜਾਵੇਗੀ।ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਖਾਸ ਧੰਨਵਾਦ ਕਰਦਿਆਂ ਕਿਹਾ ਕਿ ਜੋ ਵਿਸ਼ਵਾਸ਼ ਮੁੱਖ ਮੰਤਰੀ ਨੇ ਉਨ੍ਹਾਂ ਵਿਚ ਪ੍ਰਗਟਾਇਆ ਹੈ ਉਹ ਉਸ ਵਿਸ਼ਵਾਸ਼ ਵਿਚ ਖਰੇ ਉਤਰਨਗੇ।
ਅੰਮ੍ਰਿਤਸਰ ਦੇ ਸਿਰੜੀ ਤੇ ਸੂਝਵਾਨ ਆਗੂ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਜੋ ਕਿ ਅੱਜ ਪੰਜਾਬ ਕੈਬਨਿਟ ਵਿਚ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਸ਼ਹਿਰ ਪੁੱਜੇ ਸਨ, ਦਾ ਸ਼ਹਿਰ ਵਾਸੀਆਂ ਵੱਲੋਂ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਲੈ ਕੇ ਆਮ ਵਰਕਰ ਤੱਕ ਸਰਕਾਰੀਆ ਦੇ ਸਵਾਗਤ ਲਈ ਪੱਬਾਂ ਭਾਰ ਨਜ਼ਰ ਆ ਰਿਹਾ ਸੀ।ਸਾਰਾ ਸ਼ਹਿਰ ਸਵੇਰ ਤੋਂ ਹੀ ਉਨਾਂ ਦੇ ਆਉਣ ਦੀ ਖੁਸ਼ੀ ਵਿਚ ਵੱਡ ਅਕਾਰੀ ਤੇ ਰੰਗ ਬਿਰੰਗੇ ਪੋਸਟਰਾਂ, ਬੈਨਰਾਂ ਨਾਲ ਭਰਿਆ ਪਿਆ ਸੀ।ਉਨਾਂ ਦਾ ਕਾਫਲਾ ਜਿਉਂ ਹੀ ਚੰਡੀਗੜ੍ਹ ਤੋਂ ਜਿਲ੍ਹਾ ਅੰਮ੍ਰਿਤਸਰ ਵਿਚ ਪ੍ਰਵੇਸ਼ ਕੀਤਾ ਤਾਂ ਸਵਾਗਤ ਕਰਨ ਵਾਲਿਆਂ ਨੇ ਥਾਂ-ਥਾਂ ਰੋਕਣਾ ਸ਼ੁਰੂ ਕਰ ਦਿੱਤਾ।ਸਭ ਤੋਂ ਪਹਿਲਾਂ ਰਈਆ ਗੈਸਟ ਹਾਊਸ ਵਿਚ ਜਿਲ੍ਹਾ ਕਾਂਗਰਸ ਦਿਹਾਤੀ ਅਤੇ ਪੰਜਾਬ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ ਉਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਜਿਲ੍ਹੇ ਦੇ ਸੀਨੀਅਰ ਕਾਂਗਰਸ ਆਗੂ ਰਈਆ ਵਿਖੇ ਹੀ ਉਨਾਂ ਨੂੰ ਲੈਣ ਲਈ ਪਹੁੰਚੇ ਹੋਏ ਸਨ।ਇਥੋਂ ਉਨਾਂ ਦਾ ਕਾਫਲਾ ਟਾਂਗਰਾ, ਜੰਡਿਆਲਾ ਗੁਰੂ ਵਿਖੇ ਰੁਕਦਾ ਹੋਇਆ ਅੰਮ੍ਰਿਤਸਰ ਬਾਈਪਾਸ ’ਤੇ ਪੁੱਜਾ, ਜਿੱਥੇ ਜਿਲ੍ਹੇ ਭਰ ਵਿਚੋਂ ਆਏ ਕਾਂਗਰਸੀ ਵਰਕਰਾਂ ਨੇ ਉਨਾਂ ਨੂੰ ਹੱਥਾਂ ’ਤੇ ਚੁੱਕ ਲਿਆ।
ਆਮ ਲੋਕਾਂ ਦੇ ਨਾਲ-ਨਾਲ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਫੁੱਲਾਂ ਦੇ ਹਾਰ ਅਤੇ ਫੁੱਲਾਂ ਦੀ ਵਰਖਾ ਨਾਲ ਗੁਰੂ ਨਗਰੀ ਪੁੱਜਣ ’ਤੇ ਉਨਾਂ ਦਾ ਸਵਾਗਤ ਕੀਤਾ।ਬਾਈਪਾਸ ਤੋਂ ਲੈ ਕੇ ਭੰਡਾਰੀ ਪੁੱਲ ਤੱਕ ਛੋਟਾ ਜਿਹਾ ਕਾਫਲੇ ਬਹੁਤ ਵੱਡੇ ਕਾਫਲੇ ਵਿਚ ਬਦਲ ਗਿਆ।ਭੰਡਾਰੀ ਪੁੱਲ ’ਤੇ ਸ਼ਹਿਰ ਵਾਸੀਆਂ ਨੇ ਕੈਪਟਨ ਸਰਕਾਰ, ਸੁੱਖ ਸਰਕਾਰੀਆ ਜਿੰਦਾਬਾਦ ਦੇ ਨਾਅਰੇ ਲਗਾ ਕੇ ਉਨਾਂ ਨੂੰ ਜੀ ਆਇਆਂ ਕਿਹਾ।ਇਥੋਂ ਉਨਾਂ ਨੂੰ ਖੁੱਲੀ ਜੀਪ ਵਿਚ ਬਿਠਾ ਕੇ ਫੁੱਲਾਂ ਦੀ ਵਰਖਾ ਹੇਠ ਸਰਕਟ ਹਾਊਸ ਤੱਕ ਲਿਆਂਦਾ ਗਿਆ, ਜਿੱਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਰਸਮੀ ਤੌਰ ’ਤੇ ਸੁੱਖ ਸਰਕਾਰੀਆ ਦਾ ਸਵਗਾਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਸੁਨੀਲ ਦੱਤੀ ਵਿਧਾਇਕ ਹਲਕਾ ਉੱਤਰੀ, ਇੰਦਰਬੀਰ ਸਿੰਘ ਬੁਲਾਰੀਆ ਵਿਧਾਇਕ ਹਲਕਾ ਦੱਖਣੀ, ਤਰਸੇਮ ਸਿੰਘ ਡੀ.ਸੀ ਵਿਧਾਇਕ ਅਟਾਰੀ, ਸੰਤੋਖ ਸਿੰਘ ਭਲਾਈਪੁਰਾ ਵਿਧਾਇਕ ਬਾਬਾ ਬਕਾਲਾ, ਹਰਪ੍ਰਤਾਪ ਸਿੰਘ ਅਜਨਾਲਾ ਵਿਧਾਇਕ ਅਜਨਾਲਾ, ਧਰਮਵੀਰ ਅਗਨੀਹੋਤਰੀ ਵਿਧਾਇਕ ਤਰਨਤਾਰਨ, ਕਰਮਜੀਤ ਸਿੰਘ ਰਿੰਟੂ ਮੇਅਰ ਅੰਮ੍ਰਿਤਸਰ, ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਭਗਵੰਤ ਪਾਲ ਸਿੰਘ ਸੱਚਰ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਵੀ ਹਾਜ਼ਰ ਸਨ।
ਸਰਕਾਰੀਆ ਦੇ ਸਰਕਟ ਹਾਊਸ ਪੁੱਜਣ `ਤੇ ਪੁਲਿਸ ਦੀ ਟੁੱਕੜੀ ਵਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ।ਸਲਾਮੀ ਮੌਕੇ ਉਨ੍ਹਾਂ ਦੇ ਨਾਲ ਅਮਰੀਕ ਸਿੰਘ ਪਵਾਰ ਡਿਪਟੀ ਕਮਿਸ਼ਨਰ ਆਫ਼ ਪੁਲਿਸ, ਵਿਕਾਸ ਹੀਰਾ ਐਸ.ਡੀ.ਐਮ ਅੰਮ੍ਰਿਤਸਰ-2 ਵੀ ਹਾਜ਼ਰ ਸਨ।ਸਰਕਟ ਹਾਊਸ ਵਿਖੇ ਜਿਲ੍ਹਾ ਪ੍ਰਸ਼ਾਸ਼ਨ ਦੇ ਟੀ.ਪੀ.ਐਸ ਸੰਧੂ ਵਧੀਕ ਮੁੱਖ ਪ੍ਰਸ਼ਾਸ਼ਕ ਪੁੱਡਾ, ਨਿਤਿਨ ਸਿੰਗਲਾ ਐਸ.ਡੀ.ਐਮ ਅੰਮ੍ਰਿਤਸਰ-1, ਮੁਕੇਸ਼ ਕੁਮਾਰ ਜਿਲ੍ਹਾ ਮਾਲ ਅਫ਼ਸਰ, ਮਨਿੰਦਰ ਸਿੰਘ ਤਹਿਸੀਲਦਾਰ ਅੰਮ੍ਰਿਤਸਰ-2, ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਅੰਮ੍ਰਿਤਸਰ-1 ਵੀ ਹਾਜ਼ਰ ਸਨ।
Punjab Post Daily Online Newspaper & Print Media