Sunday, April 12, 2026

ਭੇਖੀ ਨਰਾਇਣ ਦਾਸ ਵਰਗੇ ਅਨਸਰਾਂ ਨੂੰ ਤੁਰੰਤ ਨੱਥ ਪਾਈ ਜਾਵੇ – ਜਥੇਦਾਰ ਗਿ. ਗੁਰਬਚਨ ਸਿੰਘ

G. Gurbachan S11aਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਸਮੇਂ-ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮੀਡੀਆ ਰਾਹੀਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਰਿਹਾ ਹੈ।ਪੰਥ ਦੋਖੀ ਲੋਕ ਬਹੁਤ ਕੋਝੀਆਂ ਚਾਲਾਂ ਚੱਲ ਰਹੇ ਹਨ।ਕਦੇ ਅੰਮ੍ਰਿਤ ਸੰਚਾਰ ਦੀਆਂ ਬਾਣੀਆ, ਮਹਾਨ ਸਿੱਖ ਪ੍ਰੰਪਰਾਵਾਂ ਅਤੇ ਕਦੇ ਸ੍ਰੀ ਦਸਮ ਗ੍ਰੰਥ ਸਬੰਧੀ ਵਾਦ-ਵਿਵਾਦ ਪੈਦਾ ਕੀਤਾ ਜਾਂਦਾ ਹੈ।ਪ੍ਰੰਤੂ ਜਿਸ ਗੱਲ ਦਾ ਹਮੇਸ਼ਾਂ ਡਰ ਰਹਿੰਦਾ ਸੀ, ਹੁਣ ਉਹ ਹੀ ਗੱਲਾਂ ਵਾਪਰ ਰਹੀਆਂ ਹਨ।ਇੱਕ ਭਗਵੇਂ ਪਾਖੰਡੀ ਸਾਧ ਜਿਸ ਨੂੰ ਨਰਾਇਣ ਦਾਸ ਕਹਿੰਦੇ ਹਨ ਉਸ ਵੱਲੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਰ ਕਿੰਤੂ-ਪ੍ਰੰਤੂ ਕੀਤਾ ਗਿਆ ਹੈ ਕਿ ਉਹਨਾਂ ਨੇ ਭਗਤ ਬਾਣੀ ਵਿੱਚ ਆਪਣੇ ਕੋਲੋਂ ਹੀ ਅੱਖਰ ਵੱਧ-ਘੱਟ ਕਰ ਕੇ ਬਾਣੀ ਰਚੀ ਹੈ।ਸਿੱਖ ਕੌਮ ਦੇ ਗੁਰੂ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਹਨਾਂ ਦੀ ਆਨ-ਸ਼ਾਨ ਬਦਲੇ ਸਿੱੱਖ ਸੰਗਤਾਂ ਆਪਣਾ ਸਿਰ ਵੀ ਦੇ ਸਕਦੀਆਂ ਹਨ।ਹੁਣ ਜੋ ਭਗਵੇਂ ਸਾਧ ਵਲੋਂ ਇੱਕ ਵੀਡੀਓ ਵਾਇਰਲ ਹੋਈ ਹੈ, ਉਸ ਨੂੰੰ ਸੁਣ ਕੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ ਜੋ ਅਸਹਿ ਹੈ।ਇਸ ਤਰ੍ਹਾਂ ਦੇ ਲੋਕ ਜੋ ਅਤਿ ਨੀਵੀਆਂ ਸ਼ਰਾਰਤਾਂ ਕਰਦੇ ਹਨ ਅਸੀਂ ਇਹਨਾਂ ਦੀਆਂ ਕਰਤੂਤਾਂ ਨੂੰ ਭਲੀ ਭਾਂਤ ਜਾਣਦੇ ਹਾਂ ਕਿ ਇਹ ਕਿੰਨੇ ਕੁ ਪਾਣੀ ‘ਚ ਹਨ।
                  ਜਥੇਦਾਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਗ਼ਲਤ ਟਿੱਪਣੀ ਕਰਨ ਵਾਲੇ ਸਾਧ ਨੂੰ ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਕੇ ਜੇਲ੍ਹ ਦੀਆਂ ਸੀਖਾਂ ਅੰਦਰ ਡੱਕਿਆ ਜਾਵੇ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਬੇਵਕੂਫੀ ਕਰਨ ਦੀ ਕੋਈ ਵੀ ਹਿੰਮਤ ਨਾ ਕਰੇ।ਉਨਾਂ ਕਿਹਾ ਕਿ ਇਹ ਸਭ ਕੁਝ ਗਿਣੀ-ਮਿਥੀ ਸਾਜਿਸ਼ ਤਹਿਤ ਹੋ ਰਿਹਾ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।ਜੇਕਰ ਸਾਡੇ ਗੁਰੂ ਸਾਹਿਬਾਨਾ ਉਪਰ ਉਹਨਾਂ ਵਲੋਂ ਜਿਹਨਾਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਸਿੱਖ ਬਚਾਉਂਦੇ ਰਹੇ, ਉਹਨਾਂ ਵਲੋਂ ਹੀ ਇਤਰਾਜ਼ਯੋਗ ਟਿਪਣੀਆਂ ਕੀਤੀਆਂ ਜਾਣਗੀਆਂ ਤਾਂ ਸਿੱਖ ਭਾਜੀ ਮੋੜਨੀ ਵੀ ਜਾਣਦੇ ਹਨ।ਸਿੱਖ ਗੁਰੂ ਸਾਹਿਬਾਨਾ ਵਲੋਂ ਦਰਸਾਏ ਮਾਰਗ ਅਨੁਸਾਰ ਸਿੱਖ ਕਿਸੇ ਵੀ ਧਰਮ ਦੇ ਖਿਲਾਫ਼ ਕੋਈ ਟਿੱਪਣੀ ਨਹੀਂ ਕਰਦੇ ਸਗੋਂ ਸਰਬੱਤ ਦਾ ਭਲਾ ਮੰਗਦੇ ਹਨ ਪਰ ਇਹ ਯਾਦ ਰੱਖੋ ਕਿ ਆਪਣੇ ਗੁਰੂ ਉਪਰ ਹੋਏ ਹਮਲੇ ਨੂੰ ਕਦੇ ਵੀ ਸਿੱਖ ਬਰਦਾਸ਼ਤ ਨਹੀਂ ਕਰਦੇ।ਸਿੰਘ ਸਾਹਿਬ ਜੀ ਨੇ ਸਮੇਂ ਦੀਆਂ ਸਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭੇਖੀ ਨਰਾਇਣ ਦਾਸ ਵਰਗੇ ਅਨਸਰਾਂ ਨੂੰ ਤੁਰੰਤ ਨੱਥ ਪਾਈ ਜਾਵੇ ਨਹੀਂ ਤਾ ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ,ਜਿਸ ਦੀ ਜ਼ਿੰਮੇਵਾਰੀ ਵੀ ਸਮੇਂ ਦੀਆਂ ਸਰਕਾਰਾਂ ਉੱਪਰ ਹੋਵੇਗੀ।ਪੰਥਕ ਵਿਦਵਾਨ ਆਪਸ ਵਿੱਚ ਉਲਝ ਕੇ ਆਪਣੀਆਂ ਦਸਤਾਰਾਂ ਨਾ ਲਾਉਣ ਸਗੋਂ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਮੂੰਹ ਤੋੜ ਜਵਾਬ ਦੇਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਇਸ ਤਰ੍ਹਾਂ ਦਾ ਹੀਆ ਨਾ ਕਰ ਸਕੇ।ਪ੍ਰਧਾਨ ਸ਼ੋ੍ਰਮਣੀ ਗੁ:ਪ੍ਰੰ:ਕਮੇਟੀ, ਸਮੁੱਚੀਆਂ ਸਿੱਖ ਪੰਥਕ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਪੰਥ ਦੋਖੀ ਵਿਰੁੱਧ ਧਾਰਾ 295-ਏ ਦੇ ਤਹਿਤ ਪਰਚੇ ਦਰਜ਼ ਕਰਵਾਏ ਜਾਣ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply