ਅੰਮ੍ਰਿਤਸਰ `ਚ ਨੈਸ਼ਨਲ ਲੋਕ ਅਦਾਲਤ 14 ਜੁਲਾਈ, 8 ਸਤੰਬਰ ਤੇ 8 ਦਸੰਬਰ ਨੂੰ -ਜਿਲ੍ਹਾ ਤੇ ਸੈਸ਼ਨ ਜੱਜ
ਅੰਮਿ੍ਤਸਰ, 30 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਜਿਲ੍ਹਾ ਤੇ ਸੈਸ਼ਨ ਜੱਜ ਦੇ ਕਾਨਫਰੰਸ ਹਾਲ ਵਿਖੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ, ਐਸ. ਸ੍ਰੀਵਾਸਤਵਾ ਪੁਲਿਸ ਕਮਿਸ਼ਨਰ, ਐਸ.ਐਸ ਧਾਲੀਵਾਲ ਵਧੀਕ ਜਿਲ੍ਹਾ ਤੇ ਸੈਸ਼ਨ ਜੱਜ, ਸੁਮਿਤ ਮੱਕੜ ਸਿਵਲ ਜੱਜ, ਪਰਮਪਾਲ ਸਿੰਘ ਐਸ.ਐਸ.ਪੀ ਦਿਹਾਤੀ, ਹਰਦੀਪ ਸਿੰਘ ਘਈ ਸਿਵਲ ਸਰਜਨ, ਜੇ.ਪੀ ਸਲਵਾਨ ਜਿਲ੍ਹਾ ਅਟਾਰਨੀ ਅੰਮਿ੍ਰਤਸਰ, ਪ੍ਰਦੀਪ ਸੈਣੀ ਪ੍ਰਧਾਨ ਬਾਰ ਐਸੋਸੀਏਸ਼ਨ, ਸ੍ਰੀਮਤੀ ਮਨਪ੍ਰੀਤ ਕੌਰ ਜਿਲ੍ਹਾ ਬਾਲ ਸੁਰੱਖਿਆ ਅਫਸਰ, ਜੇ.ਐਸ ਵਾਲੀਆ ਏ.ਡੀ.ਸੀ.ਪੀ, ਲਖਵਿੰਦਰ ਸਿੰਘ ਏ.ਡੀ.ਸੀ.ਪੀ ਅਤੇ ਸੁਪਰਡੈਂਟ ਜੇਲ ਵੀ ਹਾਜਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਮਜੀਤ ਸਿੰਘ ਕੰਗ ਜਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰ ਨੇ ਦੱਸਿਆ ਕਿ ਸਾਲ 2018 ਦੌਰਾਨ ਹੁਣ ਤੱਕ 415 ਕੇਸਾਂ ਵਿੱਚ ਮੁਫ਼ਤ ਕਾਨੁੰਨੀ ਸੇਵਾਵਾਂ ਉਪਲਬੱਧ ਕਰਵਾਈ ਗਈ ਹੈ, ਜਿੰਨਾਂ ਵਿੱਚ 104 ਔਰਤਾਂ ਅਤੇ 211 ਪੁਲਿਸ ਹਿਰਾਸਤ ਵਿੱਚ ਕੈਦੀਆਂ ਨੂੰ, 18 ਐਸ.ਸੀ/ ਐਸ.ਟੀ ਅਤੇ ਵਿਚੋਲਗੀ ਕੇਂਦਰ ਰਾਹੀਂ 62 ਕੇਸਾਂ ਦਾ ਆਪਸੀ ਰਜਾਮੰਦੀ ਨਾਲ ਨਿਪਟਾਰਾ ਕਰਵਾਇਆ ਗਿਆ ਹੈ।ਸੈਸ਼ਨ ਜੱਜ ਨੇ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਉਨਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ ਜਿੰਨਾਂ ਵਿੱਚ ਐਸ.ਸੀ/ ਐਸ.ਟੀ, ਪੁਲਿਸ ਹਿਰਾਸਤ ਵਿੱਚ ਕੈਦੀ, ਔਰਤਾਂ, 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਜਾਂ ਜਿੰਨਾਂ ਦੀ ਆਮਦਨ 1,50,000 ਰੁਪਏ ਸਲਾਨਾ ਤੋਂ ਘੱਟ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ ਪਰਮਾਨੈਂਟ ਲੋਕ ਅਦਾਲਤ ਵਿੱਚ 1700 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਜਿਲ੍ਹਾ ਤੇ ਸੈਸ਼ਨ ਜੱਜ ਨੇ ਦੱਸਿਆ ਕਿ ਇਸ ਸਾਲ ਦੌਰਾਨ 14 ਜੁਲਾਈ, 8 ਸਤੰਬਰ ਅਤੇ 8 ਦਸੰਬਰ, 2018 ਨੂੰ ਅੰਮਿ੍ਰਤਸਰ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾਵੇਗੀ।ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਵਿਚਾਰ ਅਧੀਨ ਕੇਸਾਂ ਦੀ ਪੈਰਵੀ ਵਿੱਚ ਤੇਜ਼ੀ ਲਿਆਉਣ ਲਈ ਵਿਚਾਰ ਚਰਚਾ ਕੀਤੀ।ਕੰਗ ਨੇ ਸਿਵਲ ਸਰਜਨ ਨੂੰ ਹਦਾਇਤਾਂ ਕੀਤੀਆਂ ਕਿ ਬਿਮਾਰ ਕੈਦੀਆਂ ਦੇ ਇਲਾਜ ਲਈ ਇੰਤਜ਼ਾਮ ਕੀਤੇ ਜਾਣ ਅਤੇ ਉਨ੍ਹਾਂ ਨੂੰ ਬਣਦੀਆਂ ਮੈਡੀਕਲ ਸਹੂਲਤ ਦਿੱਤੀਆਂ ਜਾਣ। ਜਿਲ੍ਹਾ ਤੇ ਸੈਸ਼ਨ ਜੱਜ ਨੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਉਹ ਸਟੇਟ ਆਫਟਰ ਕੇਅਰ ਹੋਮ ਦੀ ਲਗਾਤਾਰ ਚੈਕਿੰਗ ਕਰਨ ਅਤੇ ਇਸ ਦੀ ਬਣਦੀ ਰਿਪੋਰਟ ਪੇਸ਼ ਕੀਤੀ ਜਾਵੇ।
ਪੁਲਿਸ ਅਧਿਕਾਰੀਆਂ ਨਾਲ ਵਿਚਾਰ ਕਰਦਿਆਂ ਜਿਲ੍ਹਾ ਸੈਸ਼ਨ ਜੱਜ ਨੇ ਕਿਹਾ ਕਿ ਥਾਣਿਆਂ ਵਿੱਚ ਪਏ ਲਵਾਰਸ ਵਾਹਣਾਂ ਨੂੰ ਜਲਦ ਨਿਲਾਮ ਕੀਤਾ ਜਾਵੇ।ਇਸ ਮੌਕੇ ਪੁਲਿਸ ਕਮਿਸ਼ਨਰ ਵੱਲੋਂ ਸੁਝਾਓ ਦਿਤਾ ਗਿਆ ਕਿ ਜੇ.ਜੇ ਐਕਟ ਅਤੇ ਪੋਕਸੋ ਐਕਟ ਸਬੰਧੀ ਸੈਮੀਨਾਰ ਲਗਾ ਕੇ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ।
ਸੁਪਰਡੈਂਟ ਜੇਲ ਨੇ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਕੇਂਦਰੀ ਜੇਲ ਵਿੱਚ ਬੱਤੀ ਜਾਣ ਦੀ ਸੂਰਤ ਵਿੱਚ ਬਦਲਵਾਂ ਪ੍ਰਬੰਧ ਹੋਣਾ ਚਾਹੀਦਾ ਹੈ।ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਂਦਰੀ ਜੇਲ ਵਿੱਚ ਬਿਜਲੀ ਨੂੰ ਚਾਲੂ ਹਾਲਤ ਵਿੱਚ ਰੱਖਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਮੌਕੇ ਪੁਲਿਸ ਕਮਿਸ਼ਨਰ ਵੱਲੋ ਜਿਲ੍ਹਾ ਕਚਿਹਰੀ ਵਿਖੇ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਦਾ ਵੀ ਭਰੋਸਾ ਦਿੱਤਾ।
Punjab Post Daily Online Newspaper & Print Media