ਸਕੂਲਾਂ `ਚ ਲਾਇਬਰੇਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ – ਸੋਨੀ
ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹਾ ਲਾਇਬਰੇਰੀ ਵੱਲੋਂ ਸਕੂਲਾਂ ਦੇ ਬੱਚਿਆਂ ਨੂੰ ਪਾਠ ਪੁਸਤਕਾਂ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ ਦੇ ਗਿਆਨ ਬਾਰੇ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਸਕੂਲ ਲਾਇਬੇ੍ਰਰੀਅਨਾਂ ਦੀ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਦਾ ਉਦਘਾਟਨ ਸਹਾਇਕ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ ਨੇ ਕੀਤਾ, ਜਦਕਿ ਸਮਾਪਤੀ ਸਮਾਰੋਹ ’ਤੇ ਸਿੱਖਿਆ ਅਤੇ ਵਾਤਾਵਰਣ ਬਾਰੇ ਮੰਤਰੀ ਓ.ਪੀ ਸੋਨੀ ਨੇ ਸ਼ਿਰਕਤ ਕੀਤੀ।ਇਸ ਸਮਾਗਮ ਵਿਚ ਬੋਲਦੇ ਸੋਨੀ ਨੇ ਜਿਲ੍ਹਾ ਲਾਇਬ੍ਰੇਰੀਅਨ ਸ੍ਰੀਮਤੀ ਪ੍ਰਭਜੌਤ ਕੌਰ ਸੰਧੂ ਨੂੰ ਇਸ ਮਹੱਤਵਪੂਰਨ ਵਿਸ਼ੇ ’ਤੇ ਵਰਕਸ਼ਾਪ ਕਰਵਾਉਣ ਲਈ ਵਧਾਈ ਦਿੱਤੀ ਅਤੇ ਸਕੂਲਾਂ ਵਿਚ ਲਾਇਬ੍ਰੇਰੀ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜੋਰ ਦਿੱਤਾ।ਉਨਾਂ ਸਕੂਲ ਲਾਇਬ੍ਰੇਰੀਅਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਬਤੌਰ ਸਿੱਖਿਆ ਮੰਤਰੀ ਜੋ ਸਹਾਇਤਾ ਤੁਹਾਡੀ ਕਰ ਸਕਦਾ ਹਾਂ, ਕਰਾਂਗਾ, ਪਰ ਤੁਸੀਂ ਬੱਚਿਆਂ ਵਿਚ ਲਾਇਬਰੇਰੀ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰੋ।ਉਨਾਂ ਕਿਹਾ ਕਿ ਬੱਚਿਆਂ ਨੂੰ ਜਿੰਦਗੀ ਦਾ ਸਹੀ ਗਿਆਨ ਪੁਸਤਕਾਂ ਪੜ੍ਹਨ ਨਾਲ ਹੀ ਆ ਸਕਦਾ ਹੈ ਅਤੇ ਇਸ ਲਈ ਜ਼ਰੂਰੀ ਹੈ ਕਿ ਉਹ ਆਪਣੀਆਂ ਪਾਠ ਪੁਸਤਕਾਂ ਦੇ ਨਾਲ-ਨਾਲ ਆਪਣੀ ਰੁਚੀ ਅਨੁਸਾਰ ਵੱਖ-ਵੱਖ ਵਿਸ਼ਿਆਂ ਦੀਆਂ ਪੁਸਤਕਾਂ ਵੀ ਪੜ੍ਹਨ।ਸੋਨੀ ਨੇ ਅਜਿਹੀਆਂ ਵਰਕਸ਼ਾਪਾਂ ਨੂੰ ਪੰਜਾਬ ਦੇ ਸਾਰੇ ਜਿਲਿਆਂ ਤੇ ਤਹਿਸੀਲ ਹੈਡਕੁਆਰਟਰਾਂ ’ਤੇ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। 
ਇਸ ਮੌਕੇ ਸੰਬੋਧਨ ਕਰਦੇ ਜਿਲ੍ਹਾ ਲਾਇਬਰੇਰੀਅਨ ਸ੍ਰੀਮਤੀ ਪ੍ਰਭਜੋਤ ਕੌਰ ਸੰਧੂ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮਕਸਦ ‘ਪੜ੍ਹੇ ਪੰਜਾਬ-ਵਧੇ ਪੰਜਾਬ ਦੀ ਸਫਲਤਾ ਲਈ ਨੈਸ਼ਨਲ ਰੀਡਿੰਗ ਮਿਸ਼ਨ 2022 ਨਾਲ ਜੋੜਣਾ ਸੀ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਇਸ ਵਿਚ ਜਿਲ੍ਹੇ ਦੇ 26 ਸਕੂਲ ਲਾਇਬ੍ਰੇਰੀਆਂ ਦੇ ਸਟਾਫ ਮੈਂਬਰਾਂ ਨੇ ਹਿੱਸਾ ਲਿਆ। ਉਨਾਂ ਕਿਹਾ ਕਿ ਸਾਰੇ ਹਾਜ਼ਰੀਨ ਬੜੇ ਉਤਸ਼ਾਹ ਨਾਲ ਵਰਕਸ਼ਾਪ ਵਿਚ ਆਏ ਅਤੇ ਬੱਚਿਆਂ ਵਿਚ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਲੋੜੀਂਦੇ ਨੁਕਤੇ ਵੀ ਸਿੱਖ ਗਏ। ਉਨਾਂ ਭਰੋਸਾ ਦਿੱਤਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਅਜਿਹੀ ਵਰਕਸ਼ਾਪ ਸਾਲ ਵਿਚ ਇਕ ਵਾਰ ਜ਼ਰੂਰ ਲੱਗੇ।ਇਸ ਮੌਕੇ ਡਾ. ਬਬੀਤਾ ਲਾਇਬ੍ਰੇਰੀਅਨ ਸਰਕਾਰੀ ਕਾਲਜ ਅੰਮ੍ਰਿਤਸਰ, ਡਾ. ਪੀ.ਵੀ ਰਾਓ ਲਾਇਬ੍ਰੇਰੀਅਨ ਮੈਗਾਸੀਪਾ ਚੰਡੀਗੜ੍ਹ, ਡਾ. ਜਸਪਾਲ ਕੌਰ ਲਾਇਬ੍ਰੇਰੀਅਨ ਦੇਵ ਸਮਾਜ ਕਾਲਜ ਚੰਡੀਗੜ੍ਹ ਨੇ ਬਤੌਰ ਰਿਸੋਰਸ ਪਰਸਨ ਵਰਕਸ਼ਾਪ ਵਿਚ ਸ਼ਿਰਕਤ ਕੀਤੀ।ਹੋਰਨਾਂ ਤੋਂ ਇਲਾਵਾ ਇਸ ਮੌਕੇ ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਸੁਨੀਤਾ ਕਿਰਨ ਅਤੇ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਰੇਖਾ ਮਹਾਜਨ, ਕੌਂਸਲਰ ਵਿਕਾਸ ਸੋਨੀ ਵੀ ਹਾਜ਼ਰ ਸਨ।
Punjab Post Daily Online Newspaper & Print Media