Thursday, July 9, 2026

ਧੋਖਾਧੜੀ ਦੇ ਪੁਰਾਣੇ ਮਾਮਲੇ ‘ਚ ਪਟਵਾਰੀ ਕਾਬੂ

ਬਠਿੰਡਾ, 21 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈੰਥ) – ਦੋ ਸਾਲ ਪੁਰਾਣੇ ਜ਼ਮੀਨੀ ਮਾਮਲੇ ਵਿੱਚ ਧੋਖਾਧੜੀ ਕਰਨ ‘ਚ ਪਟਵਾਰੀ ਨੂੰ ਨਥਾਣਾ ਤਹਿਸੀਲ ਕੰਪਲੈਕਸ ਵਿੱਚੋਂ ਕਾਬੂ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਿਉਰ ਦੇ ਕਿਸਾਨ ਭਗਵੰਤ ਸਿੰਘ ਨੇ 22 ਮਈ 2017 ਨੂੰ ਐਸ.ਐਸ.ਪੀ ਬਠਿੰਡਾ ਨੂੰ ਇੱਕ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਕਤ ਪਟਵਾਰੀ ਨੇ ਉਸ ਦੀ ਪ੍ਰਨੋਟ ਰਾਹੀ ਦਿੱਤੀ ਰਕਮ ਦੇ ਇਵਜ਼ ਵਜੋਂ ਕੁਰਕ ਕੀਤੀ ਜ਼ਮੀਨ ਨੂੰ ਮੁੜ ਮਾਲਕ ਦੇ ਨਾਮ ਦਰਜ ਕਰ ਦਿੱਤਾ ਗਿਆ ਸੀ।ਭਗਵੰਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਪਿੰਡ ਕਲਿਆਣ ਦੇ ਕਿਸਾਨ ਨਿਰੰਜਣ ਸਿੰਘ ਨੇ ਉਸ ਦੇ ਪਿਤਾ ਮਹਿੰਦਰ ਸਿੰਘ ਕੋਲੋ ਪ੍ਰਨੋਟ ਉਪਰ ਲਿਖਤ ਕਰਕੇ ਇੱਕ ਲੱਖ ਪੈਂਹਠ ਹਜ਼ਾਰ ਰੁਪਏ ਦੀ ਰਕਮ ਉਧਾਰ ਲਈ ਸੀ, ਪਰ ਬਾਅਦ ‘ਚ ਨਿਰੰਜਣ ਸਿੰਘ ਨੇ ਉਕਤ ਉਧਾਰ ਲਈ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।ਇਸ ਪਿੱਛੋਂ ਉਸ ਨੇ ਪ੍ਰਨੋਟ ਦੀ ਰਕਮ ਦਾ ਕੇਸ ਅਦਾਲਤ ਵਿੱਚ ਕੀਤਾ ਤਾਂ ਅਦਾਲਤ ਨੇ ਉਕਤ ਕਿਸਾਨ ਨਿਰੰਜਣ ਸਿੰਘ ਦੀ 34 ਕਨਾਲ ਜ਼ਮੀਨ ਦੀ ਕੁਰਕੀ ਉਸ ਦੇ ਹੱਕ ਵਿੱਚ ਕਰ ਦਿੱਤੀ, ਪਰ 2015 ਵਿੱਚ ਪਟਵਾਰੀ ਭੋਜਰਾਜ ਨੇ ਪਿਛਲੀ ਤਰੀਕ ਵਿੱਚ ਉਕਤ ਜ਼ਮੀਨ ਨੂੰ ਇਹ ਕਹਿੰਦਿਆਂ ਨਿਰੰਜਣ ਸਿੰਘ ਦੇ ਹੱਕ ਵਿੱਚ ਕਰ ਦਿੱਤਾ ਕਿ ਇਹ ਅਦਾਲਤ ਦਾ ਫੈਸਲਾ ਹੈ, ਜਦੋਂ ਕਿ ਅਜਿਹਾ ਕੁੱਝ ਵੀ ਨਹੀਂ ਸੀ।ਜ਼ਮੀਨ ਮੁੜ ਆਪਣੇ ਨਾਮ ਚੜਨ੍ਹ ਤੋਂ ਬਾਅਦ ਨਿਰੰਜਣ ਸਿੰਘ ਨੇ ਇਸ ਜ਼ਮੀਨ ਦਾ ਕੁੱਝ ਹਿੱਸਾ ਬੈਂਕ ਕੋਲ ਗਹਿਣੇ ਕਰਕੇ ਪੰਜ ਲੱਖ ਰੁਪਏ ਦਾ ਕਰਜਾ ਲੈ ਲਿਆ ਅਤੇ ਬਾਕੀ ਦੀ ਜ਼ਮੀਨ ਦਾ ਆਪਣੇ ਭਤੀਜਿਆਂ ਨਾਲ ਤਬਾਦਲਾ ਕਰ ਲਿਆ।ਇਸ ਸ਼ਿਕਾਇਤ ਦੀ ਪੜਤਾਲ ਦਾ ਕੰਮ ਉਸ ਸਮੇਂ ਦੇ ਐਸ.ਐਸ.ਪੀ ਬਠਿੰਡਾ ਨੇ ਜਸਵਿੰਦਰ ਸਿੰਘ ਡੀ.ਐਸ.ਪੀ ਫੂਲ ਨੂੰ ਸੌਂਪੀ ਸੀ।ਜਿੰਨ੍ਹਾ ਨੇ ਮਾਮਲੇ ਦੀ ਪੜਤਾਲ ਪਿੱਛੋਂ ਪਟਵਾਰੀ ਭੋਜਰਾਜ ਅਤੇ ਕਿਸਾਨ ਨਿਰੰਜਣ ਸਿੰਘ ਖਿਲਾਫ ਧੋਖਾਧੜੀ ਅਤੇ ਹੋਰ ਕਈ ਧਰਾਵਾਂ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਸ ਕੀਤੀ, ਪਰ ਉਕਤ ਵਿਅਕਤੀ ਆਪਣਾ ਅਸਰ-ਰਸੂਖ ਵਰਤ ਕੇ ਹੁਣ ਤੱਕ ਪੁਲਿਸ ਕਾਰਵਾਈ ਤੋਂ ਬਚਦੇ ਆ ਰਹੇ ਸਨ।ਪੀੜਤ ਕਿਸਾਨ ਭਗਵੰਤ ਸਿੰਘ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੋਣ ਦੀ ਸ਼ਿਕਾਇਤ ਅਦਾਲਤ ਅਤੇ ਉਚ ਅਧਿਕਾਰੀਆਂ ਨੂੰ ਕੀਤੀ ਤਾਂ ਪੁਲਿਸ ਨੇ ਕਾਰਵਈ ਕਰਦਿਆਂ ਪਟਵਾਰੀ ਭੋਜਰਾਜ ਨੂੰ ਨਥਾਣਾ ਤਹਿਸੀਲ ਵਿੱਚੋਂ ਗ੍ਰਿਫਤਾਰ ਕਰ ਲਿਆ, ਜਦੋਂ ਕਿ ਕਿਸਾਨ ਨਿਰੰਜਣ ਸਿੰਘ ਪੁਲਿਸ ਗ੍ਰਿਫਤ ਤੋਂ ਬਾਹਰ ਹੈ।ਜਦੋਂ ਪੱਤਰਕਾਰਾਂ ਨੇ ਪੁਲਿਸ ਤੋਂ ਇਸ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਟਾਲਮਟੋਲ ਕਰਨ ਦੀ ਆਪਣੀ ਪੁਰਾਣੀ ਨੀਤੀ ‘ਤੇ ਚਲਦਿਆਂ ਥਾਣਾ ਨਥਾਣਾ ਮੁੱਖੀ ਭੁਪਿੰਦਰ ਸਿੰਘ ਨੇ ਕਿਹਾ ਕਿ ਕਿਸੇ ਸਰਕਾਰੀ ਕਰਮਚਾਰੀ ਦੀ ਗ੍ਰਿਫਤਾਰੀ ਤੋਂ ਪਹਿਲਾ ਪ੍ਰਸ਼ਾਸਨਿਕ ਪ੍ਰਵਾਨਗੀ ਲੈਣੀ ਜਰੂਰੀ ਹੁੰਦੀ ਹੈ, ਜਿਸ ਨੂੰ ਉਹ ਪੂਰਾ ਕਰ ਰਹੇ ਹਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply