ਮੈਡੀਕਲ ਵਿਦਿਆਰਥੀਆਂ ਨੇ ਕੀਤਾ ਓਟ ਕੇਂਦਰ ਦਾ ਦੌਰਾ
ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਨੂੰ ਨਸ਼ਾ ਮੁਕਤ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਬਲ ਦਿੰਦੇ ਹੋਏ ਅੱਜ ਮੈਡੀਕਲ ਐਸੋਸੀਏਸ਼ਨ, ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ, ਮੈਡੀਕਲ ਕਾਲਜ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਮੁੜ ਵਸੇਬਾ ਕੇਂਦਰ, ਸਿਵਲ ਸਰਜਨ ਦੇ ਸਟਾਫ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਵਾਉਣ ਦੇ ਮਕਸਦ ਨਾਲ ਜਾਗਰੂਕਤਾ ਰੈਲੀ ਕੱਢੀ ਗਈ।ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਕਾਰਜਕਾਰੀ ਮੈਜਿਸਟਰੇਟ ਸ਼ਿਵਰਾਜ ਸਿੰਘ ਬੱਲ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।ਇਹ ਰੈਲੀ ਮੈਡੀਕਲ ਕਾਲਜ ਦੇ ਆਡੀਟੋਰੀਅਮ ਤੋਂ ਸ਼ੁਰੂ ਹੋਈ ਅਤੇ ਮੁੜ ਵਸੇਬਾ ਕੇਂਦਰ ਤੱਕ ਕੱਢੀ ਗਈ।
ਸਵਾਮੀ ਵਿਵੇਕਾਨੰਦ ਸੈਂਟਰ ਦੇ ਸੰਚਾਲਕ ਪੀ.ਡੀ ਗਰਗ ਨੇ ਦੱਸਿਆ ਕਿ ਇਸ ਮੌਕੇ ਸੰਬੋਧਨ ਕਰਦੇ ਔਜਲਾ ਨੇ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ, ਉਥੇ ਨਸ਼ਾ ਛੁਡਾਊ ਕੇਂਦਰਾਂ ਦੀ ਮਹੱਤਤਾ ਬਾਰੇ ਬੋਲਦੇ ਕਿਹਾ ਕਿ ਸਰਕਾਰ ਕੁਰਾਹੇ ਪਏ ਨੌਜਵਾਨਾਂ ਨੂੰ ਮੁੜ ਲੀਹਾਂ ’ਤੇ ਲਿਆਉਣਾ ਚਾਹੁੁੰਦੀ ਹੈ ਤੇ ਨਸ਼ਾ ਛੁਡਾਊ ਤੇ ਓਟ ਕੇਂਦਰ ਇਸ ਵਿਚ ਵੱਡੀ ਭੂਮਿਕਾ ਨਿਭਾਅ ਰਹੇ ਹਨ।ਉਨਾਂ ਕਿਹਾ ਕਿ ਅੱਜ ਸਮਾਜ ਦੇ ਹਰ ਵਰਗ ਨੂੰ ਨਸ਼ਿਆਂ ਦੀਆਂ ਅਲਾਮਤਾਂ ਤੇ ਬੁਰੇ ਲੱਛਣਾਂ ਤੋਂ ਜਾਣੂ ਹੋਣਾ ਚਾਹੀਦਾ ਹੈ, ਤਾਂ ਹੀ ਉਹ ਆਪਣੇ ਆਂਢ-ਗੁਆਂਢ ਤੇ ਪਰਿਵਾਰ ਦੀ ਨਸ਼ਿਆਂ ਤੋਂ ਰੱਖਿਆ ਕਰ ਸਕਦਾ ਹੈ।ਉਨਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਇਸ ਜਾਗਰੂਕਤਾ ਰੈਲੀ ਨੂੰ ਨਸ਼ਿਆਂ ਖਿਲਾਫ ਜੰਗ ਦਾ ਵੱਡਾ ਹਥਿਆਰ ਕਰਾਰ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਨਵੀਨਾ, ਸੁਪਰਡੈਂਟ ਡਾ. ਐਸ.ਪੀ ਸਿੰਘ, ਪ੍ਰਧਾਨ ਮੈਡੀਕਲ ਐਸੋਸੀਏਸ਼ਨ ਡਾ. ਮ੍ਰਿਧੂ ਗੋਰਵਰ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਪੀ.ਡੀ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾਕਟਰ ਤੇ ਵਿਦਿਆਰਥੀ ਹਾਜ਼ਰ ਸਨ।
ਰੈਲੀ ਦੌਰਾਨ ਵਿਦਿਆਰਥੀ ਸਵਾਮੀ ਵਿਵੇਕਾਦਨੰਦ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਨ ਵੀ ਵਿਸ਼ੇਸ ਤੌਰ ’ਤੇ ਗਏ ਅਤੇ ਉਥੇ ਚੱਲ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ।
Punjab Post Daily Online Newspaper & Print Media