Sunday, March 15, 2026

ਨਸ਼ੇ ਦੀ ਤੋਟ ਕਾਰਨ ਨਹੀਂ ਓਵਰਡੋਜ਼ ਕਾਰਨ ਮਰ ਰਹੇ ਨੇ ਨਸ਼ੇੜੀ – ਡਾ. ਰਾਣਾ

ਇਲਾਕੇ ਵਿੱਚ ਨਸ਼ਾ ਵਿਕਦਾ ਪਾਇਆ ਗਿਆ ਐਸ.ਐਚ.ਓ ਜਿੰਮੇਵਾਰ ਹੋਵੇਗਾ – ਐਸ.ਐਸ.ਪੀ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਬੀਤੀ ਸ਼ਾਮ ਸਵਾਮੀ ਵਿਵੇਕਾਨੰਦ ਮੁੜ ਵਸੇਬਾ ਕੇਂਦਰ ਵਿਖੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਦਿਹਾਤੀ PPN0407201813ਪੁਲਿਸ ਅਧਿਕਾਰੀਆਂ ਨੂੰ ਨਸ਼ੇ ਅਤੇ ਨਸ਼ੇੜੀਆਂ ਦੀਆਂ ਅਲਾਮਤਾਂ ਸਬੰਧੀ ਜਾਣਕਾਰੀ ਦੇਣ ਲਈ ਲਗਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦੇ ਮਨੋਵਿਗਿਆਨਕਾਂ ਤੇ ਨਸ਼ਾ ਛੁਡਾਊ ਕੇਂਦਰ ਦੇ ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਨਸ਼ੇ ਦੀ ਤੋਟ ਕਦੇ ਵੀ ਜਾਨ ਨਹੀਂ ਲੈਂਦੀ, ਬਲਕਿ ਗਲਤ ਨਸ਼ਾ ਕਰਨ ਜਾਂ ਵੱਧ ਡੋਜ਼ ਲੈਣ ਕਾਰਨ ਆਦਮੀ ਦੀ ਮੌਤ ਹੁੰਦੀ ਹੈ।  ਹਾਲ ਹੀ ਵਿਚ ਨਸ਼ੇ ਕਾਰਨ ਹੋਈਆਂ ਮੌਤਾਂ ਸਬੰਧੀ ਬੋਲਦੇ ਮਾਹਿਰਾਂ ਨੇ ਪੁਲਿਸ ਦੇ ਕਈ ਖਦਸ਼ੇ ਵੀ ਇਸ ਮੌਕੇ ਦੂਰ ਕੀਤੇ ਅਤੇ ਦੱਸਿਆ ਕਿ ਅੱਜਕੱਲ ਹੋ ਰਹੀਆਂ ਜਿਆਦਾ ਮੌਤਾਂ ਦੀ ਵਜ੍ਹਾ ਨਕਲੀ ਹੈਰੋਇਨ ਦੇ ਇੰਜੈਕਸ਼ਨ ਵੀ ਹਨ।
   ਡਾ: ਪੀ.ਡੀ ਗਰਗ ਮੁੱਖ ਹੈਡ ਮਨੋਵਿਗਿਆਨੀ ਸਵਾਮੀ ਵਿਵੇਕਾਨੰਦ ਕੇਂਦਰ ਨੇ ਦੱਸਿਆ ਕਿ ਨਸ਼ੇੜੀ ਕਈ ਤਰ੍ਹਾਂ ਦਾ ਨਸ਼ਾ ਕਰ ਰਹੇ ਹਨ ਅਤੇ ਇਨ੍ਹਾਂ ਨਸ਼ਿਆ ਕਾਰਨ ਹੀ ਕਾਲਾ ਪੀਲੀਆ ਅਤੇ ਐਚ.ਆਈ.ਵੀ ਏਡਜ ਦੇ ਮਰੀਜ਼ ਵੀ ਬਣ ਰਹੇ ਹਨ, ਕਿਉਂਕਿ ਇਕ ਹੀ ਸਰਿਜ਼ ਦੀ ਵਰਤੋਂ ਅਕਸਰ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਨਸ਼ੇੜੀ ਵੱਖ-ਵੱਖ ਕਿਸਮਾਂ ਦੇ ਕੈਮੀਕਲ ਦੀ ਵਰਤੋਂ ਵੀ ਨਸ਼ੇ ਲਈ ਕਰਦੇ ਹਨ, ਜੋ ਕਿ ਜਾਨ ਲੇਵਾ ਸਾਬਤ ਹੁੰਦਾ ਹੈ।ਡਾ: ਗਰਗ ਨੇ ਦੱਸਿਆ ਕਿ ਜੇਕਰ ਮਾਪੇ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਤਾਂ ਉਨ੍ਹਾਂ ਨੂੰ ਨਸ਼ਾ ਰੋਕਣ ਤੋਂ ਬਚਾਇਆ ਜਾ ਸਕਦਾ ਹੈ।
     ਇਸ ਮੌਕੇ ਡਾ. ਰਾਣਾ ਰਣਬੀਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ੇ ਦੀ ਤੋਟ ਕਰਕੇ ਨਹੀਂ ਸਗੋਂ ਓਵਰਡੋਜ਼ ਹੋਣ ਕਾਰਨ ਮੌਤਾਂ ਹੋ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਓਟ ਕੇਂਦਰਾਂ ਵਿੱਚ ਨਸ਼ੇੜੀਆਂ ਨੂੰ ਜੋ ਦਵਾਈ ਦਿੱਤੀ ਜਾਂਦੀ ਹੈ, ਉਹ ਇਸ ਦਵਾਈ ਨੂੰ ਲੈਣ ਨਾਲ ਕਾਫੀ ਹੱਦ ਤੱਕ ਠੀਕ ਹੋ ਸਕਦੇ ਹਨ ਅਤੇ ਇਸ ਦਵਾਈ ਦਾ ਕੋਈ ਸਿਹਤ ਤੇ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ।ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਓਟ ਕੇਂਦਰ ਦਿਨ ਰਾਤ ਖੁੱਲੇ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ੇੜੀ ਰਾਤ ਫੜਿਆ ਜਾਂਦਾ ਹੈ ਤਾਂ ਉਹ ਉਸ ਨੂੰ ਓਟ ਕੇਂਦਰ ਵਿੱਚ ਲਿਆ ਕੇ ਇਲਾਜ਼ ਕਰਵਾ ਸਕਦੇ ਹਨ।
     ਇਸ ਮੌਕੇ ਬੋਲਦਿਆਂ ਪਰਮਪਾਲ ਸਿੰਘ ਐਸ.ਐਸ.ਪੀ ਦਿਹਾਤੀ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਦਫਤਰਾਂ ਵਿੱਚ ਨਾ ਬੈਠਣ ਸਗੋਂ ਫੀਲਡ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਨਸ਼ੇ ਦੇ ਵਪਾਰੀਆਂ ਨੂੰ ਫੜਣ।ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਸ ਇਲਾਕੇ ਵਿੱਚ ਨਸ਼ਾ ਵਿਕਦਾ ਪਾਇਆ ਗਿਆ ਤਾਂ ਉਸ ਇਲਾਕੇ ਦੇ ਮੁੱਖ ਥਾਣਾ ਅਫਸਰ ਦੀ ਜਿੰਮੇਵਾਰੀ ਨਿਸ਼ਚਿਤ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਏਜੰਸੀ ਨਸ਼ੇ ਨੂੰ ਠੱਲ ਨਹੀਂ ਪਾ ਸਕਦੀ ਹੈ, ਇਸ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ ਤਾਂ ਹੀ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ।ਇਸ ਮੌਕੇ ਹਰਪਾਲ ਸਿੰਘ ਐਸ.ਪੀ. ਇਨਵੈਸਟੀਗੇਸ਼ਨ, ਮਨੋਹਰ ਲਾਲ ਐਸ.ਪੀ ਹੈਡਕੁਆਟਰ ਅਤੇ ਦਿਹਾਤੀ ਜਿਲੇ੍ਹ ਦੇ ਐਸ.ਐਚ.ਓ ਸ਼ਾਮਲ ਸਨ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply