ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਜੂਨ ‘84 ਦੌਰਾਨ ਸ਼ਹਾਦਤਾਂ ਪ੍ਰਾਪਤ ਕਰ ਗਏ ਸਿੰਘ ਸਿੰਘਣੀਆਂ ਦੀ ਯਾਦ ‘ਚ ਗੁਰਦਵਾਰਾ ਯਾਦਗਾਰ ਸ਼ਹੀਦਾਂ
ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਬੇਸਮੈਂਟ ‘ਚ ਸ਼ਹੀਦੀ ਗੈਲਰੀ ਬਣਾਉਣ ਸੰਬੰਧੀ ਦਮਦਮੀ ਟਕਸਾਲ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਕੁੱਲ 890 ਸ਼ਹੀਦਾਂ ਦੇ ਨਾਮ ਦਰਜ ਹਨ, ਜਿਨ੍ਹਾਂ ‘ਚ 50 ਇਸਤਰੀਆਂ ਵੀ ਹਨ।ਜੋ ਕਿ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਯੂ.ਪੀ, ਦਿਲੀ, ਮਹਾਰਾਸ਼ਟਰ, ਅਤੇ ਰਾਜਸਥਾਨ ਆਦਿ ਨਾਲ ਸੰਬੰਧਿਤ ਹਨ।
ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਹੀਦੀ ਗੈਲਰੀ ਦੇ ਨਿਰਮਾਣ ’ਚ ਸਹਿਯੋਗ ਦੇਣ ਲਈ ਸਮੂਹ ਸੰਗਤਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਅਪੀਲ ਕੀਤੀ ਹੈ।ਜੂਨ ’84 ਦੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ ਚੋਧਵੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਸਮੇਤ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਤਮਾਮ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ’ਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ਸਥਾਪਿਤ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਜ਼ਮੀਨਦੋਜ਼ ਹਾਲ ’ਚ ਇਹ ਸ਼ਹੀਦੀ ਗੈਲਰੀ ਬਣਾਈ ਜਾਣੀ ਹੈ।ਜਿਸ ਦੇ ਨਿਰਮਾਣ ਦਾ ਕਾਰਜ ਸ਼੍ਰੋਮਣੀ ਕਮੇਟੀ ਅਤੇ ਸਿਖ ਪੰਥ ਵੱਲੋਂ ਦਮਦਮੀ ਟਕਸਾਲ ਦੇ ਸਪੁਰਦ ਕੀਤੀ ਹੋਈ ਹੈ।
ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ, ਜਨਰਲ ਭਾਈ ਸੁਬੇਗ ਸਿੰਘ ਅਤੇ ਬਾਬਾ ਠਾਰਾ ਸਿੰਘ ਤੋ ਇਲਾਵਾ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਨਾਲ ਸੰਬੰਧਿਤ 471 ਸ਼ਹੀਦ ਸਿੰਘਾਂ ਅਤੇ 323 ਹੋਰਨਾਂ ਜ਼ਿਲ੍ਹਿਆਂ ਅਤੇ ਦੂਜੇ ਰਾਜਾਂ ਨਾਲ ਸੰਬੰਧਿਤ ਹਨ।
ਉਨਾਂ ਕਿਹਾ ਕਿ ਜਿਨ੍ਹਾਂ ਸ਼ਹੀਦਾਂ ਦੇ ਨਾਮ ਇਸ ਸੂਚੀ ਵਿਚ ਸ਼ਾਮਿਲ ਕਰਨ ਤੋਂ ਰਹਿ ਗਏ ਹਨ ਉਨ੍ਹਾਂ ਦਾ ਵੇਰਵਾ ਤਸਵੀਰਾਂ ਸਹਿਤ ਦਫ਼ਤਰ ਕਾਰਸੇਵਾ ਦਮਦਮੀ ਟਕਸਾਲ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ (ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ) ਪਹੁੰਚਾਉਣ ਦੀ ਕਿਰਪਾਲਤਾ ਕਰਨ।ਉਨ੍ਹਾਂ ਦਸਿਆ ਕਿ ਦਮਦਮੀ ਟਕਸਾਲ ਵੱਲੋਂ ਵੱਖ ਵੱਖ ਟੀਮਾਂ ਰਾਹੀਂ ਵੀ ਸ਼ਹੀਦ ਪਰਿਵਾਰਾਂ ਅਤੇ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚ ਕਰਦਿਆਂ ਉਕਤ ਸੂਚੀ ਵਿਚ ਜਲਦ ਸੋਧ ਕੀਤੀ ਜਾਵੇਗੀ।ਉਨ੍ਹਾਂ ਦਸਿਆ ਕਿ ਸ਼ਹੀਦਾਂ ਦਾ ਵੇਰਵਾ ਅਤੇ ਤਸਵੀਰਾਂ ਈ ਮੇਲ (shaheedigallery1984@gmail.com) (ਸ਼ਹੀਦੀਗੈਲਰੀ1984ਐਟਦਰੇਟਜੀਮੇਲਡਾਊਟਕਾਮ) ‘ਤੇ ਵੀ ਭੇਜ ਸਕਦੇ ਹਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media