
ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਪੰਜਾਬੀ ਵਿਭਾਗ ਦੀ ਧਨੀ ਰਾਮ ਚਾਤ੍ਰਿਕ ਸਾਹਿਤ ਸਭਾ ਦੇ ਸਹਿਯੋਗ ਨਾਲ ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਉੱਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਮਨਬੀਰ ਕੌਸ਼ਲ, ਪੰਜਾਬੀ ਵਿਭਾਗ ਦੀ ਮੁੱਖੀ ਡਾ. ਰੁਪਿੰਦਰ ਕੌਰ, ਡਾ. ਰਾਣੀ ਅਤੇ ਸਮੂਹ ਪ੍ਰੋਫੈਸਰ ਸ਼ਾਮਿਲ ਸਨ। ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ, ਕਿਕਲੀ ਅਤੇ ਟੱਪਿਆਂ ਰਾਹੀਂ ਪੁਰਾਣੇ ਪੰਜਾਬ ਦਾ ਜੀਵੰਤ ਚਿੱਤਰ ਸਿਰਜ ਦਿੱਤਾ।ਉਹਨਾਂ ਵਿਦਿਆਰਥਣਾਂ ਦੇ ਗਿੱਧੇ ਦੀ ਧਮਾਲ ਦੂਰ ਤੱਕ ਸੁਣਾਈ ਦਿਤੀ।ਰੰਗ-ਬਿਰੰਗੇ, ਪੰਜਾਬੀ ਪਹਿਰਾਵਾ ਧਾਰਣ ਕੀਤੀਆਂ ਹੋਈਆਂ ਮੁਟਿਆਰਾਂ ਨੇ ਮੇਲੇ ਦਾ ਦ੍ਰਿਸ਼ ਸਿਰਜਿਆ।ਤੀਆਂ ਦੇ ਤਿਉਹਾਰ ਸਮੇਂ ਕੁਝ ਕੁੜੀਆਂ ਜਿਵੇਂ ਪੀਂਘ ਦਾ ਆਨੰਦ ਲੈ ਰਹੀਆਂ ਸਨ, ਉਥੇ ਦੂਸਰੇ ਪਾਸੇ ਬਾਕੀ ਕੁੜੀਆਂ ਗੀਟੇ ਅਤੇ ਖੋ-ਖੋ ਖੇਡ ਕੇ ਮਨ ਦੀਆਂ ਸਧਰਾਂ ਪੂਰੀਆਂ ਕਰ ਰਹੀਆਂ ਸਨ।ਕੁੜੀਆਂ ਦੁਆਰਾ ਪਾਈਆਂ ਜਾ ਰਹੀਆਂ ਬੋਲੀਆਂ ਤੀਆਂ ਦੇ ਤਿਉਹਾਰ ਦੀ ਮਹੱਤਤਾ ਉਜਾਗਰ ਕਰ ਰਹੀਆਂ ਸਨ। ਅੰਤ ਉਤੇ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਨੱਚਣ ਦਾ ਖੁੱਲਾ ਸੱਦਾ ਦਿਤਾ।
Punjab Post Daily Online Newspaper & Print Media