ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਸਿੱਖਿਆ ਵਿਭਾਗ ਵੱਲੋਂ ਜਿੱਥੇ ਸਕੂਲਾਂ ਵਿਚ ਮੁੱਢਲੇ ਢਾਂਚੇ ਦੇ ਵਿਕਾਸ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉਥੇ ਸਕੂਲਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।ਇਸੇ ਲੜੀ ਤਹਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀਮਤੀ ਹਰਪ੍ਰੀਤ ਕੌਰ, ਸਟੇਟ ਕੁਆਰਡੀਨੇਟਰ ਅਤੇ ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਸੁਨੀਤਾ ਕਿਰਨ ਦੀ ਰਹਿਨੁਮਾਈ ਹੇਠ ਅੰਮ੍ਰਿਤਸਰ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਪੜਾਉਂਦੇ ਅਧਿਆਪਕਾਂ ਦਾ ਸੈਮੀਨਾਰ ਲਗਾਇਆ ਗਿਆ।
ਸਰਕਾਰੀ ਇਨ ਸਰਵਿਸ ਟ੍ਰੇਨਿਗ ਸੈਂਟਰ ਵਿਚ ਡੀ.ਐਮ ਸ੍ਰੀਮਤੀ ਜਸਵਿੰਦਰ ਕੌਰ ਦੀ ਅਗਵਾਈ ਹੇਠ ਲਗਾਏ ਗਏ ਇਸ ਸੈਮੀਨਾਰ ਨੂੰ ਦੋ ਗਰੁੱਪਾਂ ਵਿਚ ਵੰਡ ਕੇ 100 ਅਧਿਆਪਕਾਂ ਨੂੰ ਸਿੱਖਿਅਤ ਕੀਤਾ ਗਿਆ।ਸ੍ਰੀਮਤੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਬੁਲਾਰਿਆਂ ਨੇ ਦੋਵਾਂ ਵਿਸ਼ਿਆਂ ਨੂੰ ਰੌਚਕ ਬਨਾਉਣ ਤੇ ਵਿਦਿਆਰਥੀਆਂ ਦੇ ਅਨੁਸਾਰ ਢਲ ਕੇ ਪੜਾਉਣ ਦੀਆਂ ਨਵੀਆਂ ਤਕਨੀਕਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਲਰਨਿੰਗ ਆਊਟਕੰਮ, ਨੈਸ਼ਨਲ ਅਚੀਵਮੈਂਟ ਸਰਵੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਹੁੰਦੇ ਕਿਤਾਬਚਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। 
ਸੈਮੀਨਾਰ ਵਿਚ ਰਿਸੋਰਸ ਪਰਸਨ ਦੀ ਜ਼ਿੰਮੇਵਾਰੀ ਨਵਦੀਪ ਸਿੰਘ ਰੰਧਾਵਾ, ਰਣਦੀਪ ਕੌਰ, ਹਰਪ੍ਰੀਤ ਕੌਰ, ਸੰਦੀਪ ਕੌਰ, ਬਲਜੀਤ ਕੌਰ ਤੇ ਬੀਰਇੰਦਰ ਸਿੰਘ ਨੇ ਨਿਭਾਈ।ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਸੁਨੀਤਾ ਕਿਰਨ ਨੇ ਇਸ ਸੈਮੀਨਾਰ ਦਾ ਵਿਸ਼ੇਸ਼ ਤੌਰ ’ਤੇ ਨਿਰੀਖਣ ਕੀਤਾ ਅਤੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨਾਂ ਦੱਸਿਆ ਕਿ ਇਸ ਸੈਮੀਨਾਰ ਦਾ ਇਕ ਪੜਾਅ ਖਿਲਚੀਆਂ ਸਕੂਲ ਵਿਚ ਵੀ ਚਲਾਇਆ ਜਾ ਰਿਹਾ ਹੈ।
Punjab Post Daily Online Newspaper & Print Media