ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਕੌਮੀ ਖੇਤੀ ਅਤੇ ਦਿਹਾਤੀ ਵਿਕਾਸ ਬੈਂਕ (ਨਾਬਾਰਡ) ਵਲੋਂ ਇਥੇ ਕਰਵਾਈ ਗਈ ਇਕ ਦਿਨਾ ਵਰਕਸ਼ਾਪ ਦੌਰਾਨ ਜ਼ਿਲ੍ਹੇ ਵਿੱਚ ਡੇਅਰੀ ਉਦਮਤਾ ਵਿਕਾਸ ਸਕੀਮ ਨਾਲ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਜੋੜਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ।
ਬਤੌਰ ਮੁੱਖ ਮਹਿਮਾਨ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਸ਼੍ਰੀ ਗੁਰਮੀਤ ਸਿੰਘ ਸਿੱਧੂ ਨੇ ਸਬੰਧਤ ਵਿਭਾਗਾਂ, ਬੈਂਕਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਲਾਭਪਾਤਰੀਆਂ ਨੂੰ ਜਾਗਰੂਕ ਕਰਕੇ ਸਕੀਮ ਦਾ ਫ਼ਾਇਦਾ ਪਹੁੰਚਾਇਆ ਜਾਵੇ।ਵਰਕਸ਼ਾਪ ਵਿੱਚ ਪਹੁੰਚੇ ਵੱਖ-ਵੱਖ ਬੈਂਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਇਸ ਤੋਂ ਪਹਿਲਾਂ ਨਾਬਾਰਡ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਚਾਨੇ ਰਾਮ ਠਾਕੁਰ ਨੇ ਪੁੱਜੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੀਮ ਦਾ ਉਦੇਸ਼ ਸਾਫ਼-ਸੁਥਰੇ ਦੁੱਧ ਦਾ ਕਾਰੋਬਾਰ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਸਵੈ-ਰੁਜ਼ਗਾਰ ਪੈਦਾ ਕਰਨਾ ਹੈ।ਉਨ੍ਹਾਂ ਦੱਸਿਆ ਕਿ ਨਾਬਾਰਡ ਬੈਂਕ ਵੱਲੋਂ ਵਿੱਤੀ ਵਰ੍ਹੇ 2018-19 ਤਹਿਤ ਪੰਜਾਬ ਰਾਜ ਲਈ ਡੇਅਰੀ ਉਦਮਤਾ ਵਿਕਾਸ ਸਕੀਮ ਲਈ 13.67 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਿਸ ਵਿੱਚੋਂ ਆਮ ਵਰਗ ਲਈ 9.91 ਕਰੋੜ ਰੁਪਏ, ਅਨੁਸੂਚਿਤ ਜਾਤੀਆਂ ਲਈ 2.46 ਅਤੇ ਅਨੁਸੂਚਿਤ ਕਬੀਲਿਆਂ ਲਈ 1.30 ਕਰੋੜ ਰੁਪਏ ਦਾ ਬਜ਼ਟ ਰੱਖਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਡੇਅਰੀ ਉਦਮਤਾ ਵਿਕਾਸ ਸਕੀਮ ਤਹਿਤ 10 ਦੁਧਾਰੂ ਪਸ਼ੂਆਂ ਲਈ 7 ਲੱਖ ਰੁਪਏ ਅਤੇ ਘੱਟੋ-ਘੱਟ 2 ਪਸ਼ੂਆਂ ਲਈ ਬੈਂਕਾਂ ਰਾਹੀਂ ਕਰਜ਼ਾ ਦਿੱਤਾ ਜਾਵੇਗਾ।ਇਸ ਵਿੱਚ ਪਸ਼ੂ ਖ਼ਰੀਦਣ, ਚਾਰਾ, ਪਸ਼ੂ ਸ਼ੈਡ, ਫ਼ੀਡ, ਵਾਈ, ਮਿਲਕ ਪਾਰਲਰ ਆਦਿ ਲਈ ਆਮ ਵਰਗ ਦੇ ਪਸ਼ੂ ਪਾਲਕਾਂ ਨੂੰ 25 ਫ਼ੀਸਦੀ ਅਤੇ ਅਨੁਸੂਚਿਤ ਜਾਤੀਆਂ ਲਈ 33 ਫ਼ੀਸਦੀ ਸਹਾਇਤਾ ਰਾਸ਼ੀ ਨਾਬਾਰਡ ਸਬਸਿਡੀ ਵਜੋਂ ਦੇਵੇਗਾ।
ਉਨ੍ਹਾਂ ਦੱਸਿਆ ਕਿ ਚਾਹਵਾਨ ਬੈਂਕ ਕੋਲ ਸਿੱਧਾ ਸੰਪਰਕ ਕਰ ਸਕਦੇ ਹਨ ਜਾਂ ਫਿਰ ਵਿਭਾਗ ਅਜਿਹੇ ਕੇਸ ਨਾਬਾਰਡ ਬੈਂਕ ਨੂੰ ਭੇਜ ਸਕਦੇ ਹਨ।ਉਨ੍ਹਾਂ ਉਚੇਚੇ ਤੌਰ `ਤੇ ਦੱਸਿਆ ਕਿ ਲਾਭਪਾਤਰੀਆਂ ਨੂੰ ਪਹਿਲਾਂ ਆਉ-ਪਹਿਲਾਂ ਪਾਉ ਦੇ ਆਧਾਰ `ਤੇ ਸਬਸਿਡੀ ਦਿੱਤੀ ਜਾਵੇਗੀ।
ਲੀਡ ਬੈਂਕ ਮੈਨੇਜਰ ਸ੍ਰੀ ਬੀ.ਐਲ ਦੁੱੱਗਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਨਸਾ ਜ਼ਿਲ੍ਹੇ ਦਾ ਇਸ ਸਕੀਮ ਵਿੱਚ ਵੱਧ ਤੋਂ ਵੱਧ ਯੋਗਦਾਨ ਹੋਣਾ ਚਾਹੀਦਾ ਹੈ।ਇਸ ਲਈ ਤੁਰੰਤ ਇਸ ਸਕੀਮ ਦੇ ਫ਼ਾਇਦਿਆਂ ਸਬੰਧੀ ਲਾਭਪਾਤਰੀਆਂ ਨੂੰ ਜਾਗਰੂਕ ਕੀਤਾ ਜਾਵੇ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media