ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ 72ਵਾਂ ਆਜ਼ਾਦੀ ਦਿਹਾੜਾ
ਭੀਖੀ, 15 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਜ਼ਿਲ੍ਹੇ ਵਿਚ ਜ਼ਿਲ੍ਹਾ ਪੱਧਰੀ 72ਵਾਂ ਆਜ਼ਾਦੀ ਦਿਵਸ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ
ਗਿਆ।ਕੌਮੀ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਵੱਲੋਂ ਅਦਾ ਕੀਤੀ ਗਈ। ਜ਼ਿਲ੍ਹਾ ਵਾਸੀਆਂ ਦੇ ਨਾਂਅ ਆਪਣਾ ਸੰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਜ਼ਾਦੀ ਦੇ ਪਰਵਾਨਿਆਂ ਵਲੋਂ ਸਮੇਂ-ਸਮੇਂ `ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ, ਜਿਸ ਸਦਕਾ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ ਅਤੇ ਇਨ੍ਹਾਂ ਸ਼ਹੀਦਾਂ ਨੂੰ ਸਾਡਾ ਨਮਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਨੂੰ ਮਾਨਸਾ ਵਿੱਚ ਪੂਰੀ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰਾ ਅਤੇ ਤੰਦਰੁਸਤ ਵਾਤਾਵਰਣ ਪ੍ਰਦਾਨ ਕਰਨ ਲਈ ਵੱਡੇ ਪੱਧਰ `ਤੇ ਪੌਦੇ ਲਗਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਮੇਂ-ਸਮੇਂ `ਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ।
ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀਆਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪੁੱਜਦਾ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ, ਜਿਸ ਤਹਿਤ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕਰੀਬ 19000 ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਜ਼ਿਲ੍ਹੇ ਅੰਦਰ 12199 ਡੈਪੋ (ਡਰੱਗ ਐਬਯਜ਼ ਪ੍ਰੀਵੈਨਸ਼ਨ ਅਫ਼ਸਰ) ਬਣਾਏ ਗਏ ਹਨ, ਜਿਨ੍ਹਾਂ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਆਪਣਾ ਸਹੀ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸੇ ਲੜੀ ਦੇ ਦੂਜੇ ਪੜਾਅ ਤਹਿਤ ਹੁਣ ਸਰਕਾਰ ਵੱਲੋਂ ਬੱਡੀਜ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸਕੂਲਾਂ-ਕਾਲਜਾਂ ਅੰਦਰ 5-5 ਬੱਚਿਆਂ ਦੇ ਗਰੁੱਪ ਤਿਆਰ ਕਰ ਕੇ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਦਿਹਾਤੀ ਅਤੇ ਸ਼ਹਿਰੀ ਖੇਤਰ ਵਿੱਚ 455 ਰਾਸ਼ਨ ਡਿਪੂਆਂ ਰਾਹੀਂ 4.27 ਲੱਖ ਲਾਭਪਾਤਰੀਆਂ ਨੂੰ 6 ਮਹੀਨੇ ਦਾ ਅਨਾਜ ਈ-ਪੌਸ ਮਸ਼ੀਨਾਂ ਰਾਹੀਂ ਬਿਲਕੁੱਲ ਪਾਰਦਰਸ਼ੀ ਢੰਗ ਨਾਲ ਵੰਡਿਆ ਜਾ ਰਿਹਾ ਹੈ।
ਇਸ ਮੌਕੇ ਐਸ.ਐਸ.ਪੀ ਮਨਧੀਰ ਸਿੰਘ ਰਹਿਨੁਮਾਈ ਹੇਠ ਪਰੇਡ ਕਮਾਂਡਰ ਡੀ.ਐਸ.ਪੀ ਕਰਨਵੀਰ ਸਿੰਘ ਦੀ ਅਗਵਾਈ ਵਿੱਚ ਅਨੁਸ਼ਾਸ਼ਿਤ ਫੋਰਸ ਦੇ ਜਵਾਨ ਜਿੰਨ੍ਹਾਂ ਵਿਚ ਪੰਜਾਬ ਪੁਲਿਸ, ਹੋਮ ਗਾਰਡਜ਼, ਐਨ.ਸੀ.ਸੀ, ਸਕਾਊਟਸ ਤੇ ਗਾਈਡਾਂ ਦੀਆਂ ਟੁਕੜੀਆਂ ਸ਼ਾਮਿਲ ਸਨ, ਨੇ ਮਾਰਚ ਪਾਸਟ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਸਲਾਮੀ ਦਿੱਤੀ।ਵੱਖ-ਵੱਖ ਵਿਭਾਗਾਂ ਵਲੋਂ ਸਰਕਾਰੀ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ।ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪੀ.ਟੀ ਅਤੇ ਡੰਬਲ ਲੇਜ਼ੀਅਮ ਸ਼ੋਅ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਆਜ਼ਾਦੀ ਘੁਲਾਟੀਆਂ ਦੇ ਨਾਲ-ਨਾਲ ਜੰਗੀ ਵਿਧਵਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਖੇਤਰਾਂ ਅਤੇ ਸਰਕਾਰੀ ਅਦਾਰਿਆਂ ਵਿਚ ਅਹਿਮ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਸ਼ੇਸ਼ ਨਾਮਣਾ ਖੱਟਣ ਵਾਲੀਆਂ ਸਖਸੀਅਤਾਂ ਨੂੰ ਪ੍ਰਸ਼ੰਸ਼ਾ ਪੱਤਰਾਂ ਦੀ ਵੰਡ ਕੀਤੀ ਗਈ।11ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਅਪਾਹਿਜ਼ਾਂ ਨੂੰ 6 ਟਰਾਈ ਸਾਈਕਲ ਦਿੱਤੇ ਗਏ। ਸਮਾਗਮ ਦੌਰਾਨ ਉਨ੍ਹਾਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਲਾਭਪਤਾਰੀਆਂ ਨੂੰ ਵੱਖ-ਵੱਖ-ਸਕੀਮਾਂ ਤਹਿਤ ਮਨਜੂਰੀ ਪੱਤਰਾਂ ਦੀ ਵੰਡ ਕੀਤੀ ਅਤੇ ਕਿਸਾਨਾਂ ਨੂੰ ਕਰਜ਼ਾ ਮੁਕਤੀ ਪ੍ਰਮਾਣ ਪੱਤਰ ਵੀ ਸੌਂਪੇ।
ਇਸ ਮੌਕੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਜਸਪਾਲ ਵਰਮਾ, ਐਸ.ਐਸ.ਪੀ ਮਨਧੀਰ ਸਿੰਘ, ਹਲਕਾ ਵਿਧਾਇਕ ਮਾਨਸਾ ਨਾਜ਼ਰ ਸਿੰਘ ਮਾਨਸਾਹੀਆ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿਧੂ, ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਬਿਕਰਮ ਸਿੰਘ ਮੋਫਰ, ਡਾ. ਮੰਜੂ ਬਾਂਸਲ, ਸ਼੍ਰੀਮਤੀ ਗੁਰਪ੍ਰੀਤ ਕੌਰ ਗਾਗੋਵਾਲ, ਬਲਵਿੰਦਰ ਨਾਰੰਗ ਅਤੇ ਕਰਮ ਸਿੰਘ ਚੌਹਾਨ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਹਾਜ਼ਰ ਸਨ।
Check Also
ਸਿੱਖਿਆ ਖੇਤਰ ‘ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ, ਸਰਕਾਰ ਨੇ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ – ਹਰਭਜਨ ਸਿੰਘ ਈ.ਟੀ.ਓ
ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media