ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਪੰਜਾਬ ਨੂੰ ਕਰਾਂਗੇ ਨਸ਼ਾ ਮੁਕਤ
ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜਿਲ੍ਹਾ ਅੰਮਿ੍ਰਤਸਰ ਵਿੱਚ 72ਵਾਂ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ
ਗਿਆ।ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰੂ ਨਾਨਕ ਸਟੇਡੀਅਮ ਅੰਮਿ੍ਰਤਸਰ ਵਿਖੇ ਆਯੋਜਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਆਜਾਦੀ ਦਿਵਸ ਸਮਾਰੋਹ ਦੌਰਾਨ ਮਨਪ੍ਰੀਤ ਸਿੰਘ ਬਾਦਲ ਖਜਾਨਾ, ਯੋਜਨਾ ਤੇ ਰੁਜਗਾਰ ਉਤਪਤੀ ਮੰਤਰੀ ਪੰਜਾਬ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ ਤੇ ਸ਼ਾਨਦਾਰ ਪਰੇਡ ਦਾ ਨਿਰੀਖਣ ਵੀ ਕੀਤਾ।ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਐਸ.ਸ੍ਰੀਵਾਸਤਵਾ ਪੁਲਿਸ ਕਮਿਸ਼ਨਰ ਉਨ੍ਹਾਂ ਦੇ ਨਾਲ ਸਨ। ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਐਨ.ਸੀ.ਸੀ ਕੈਡਿਟਸ, ਗਰਲਜ਼ ਗਾਈਡਜ਼ ਟੁਕੜੀਆਂ `ਤੇ ਅਧਾਰਿਤ ਸ਼ਾਨਦਾਰ ਪਰੇਡ ਦੀ ਅਗਵਾਈ ਪਰੇਡ ਕਮਾਂਡਰ ਪ੍ਰਭਜੋਤ ਸਿੰਘ ਵਿਰਕ ਏ.ਸੀ.ਪੀ ਟ੍ਰੈਫਿਕ ਨੇ ਕੀਤੀ।ਜ਼ਿਲ੍ਹਾ ਪ੍ਰਸਾਸਨ ਵਲੋਂ ਵੱਖ-ਵੱਖ ਖੇਤਰਾਂ `ਚ ਨਾਮਣਾ ਖੱਟਣ ਵਾਲੇ ਵਿਅਕਤੀਆਂ ਦਾ ਸਨਮਾਨ ਵੀ ਕੀਤਾ ਗਿਆ।
ਬਾਦਲ ਨੇ ਆਪਣੇ ਸੰਬੋਧਨ `ਚ ਦੇਸ਼ ਦੀ ਆਜਾਦੀ ਦੇ 72 ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਵਾਸੀ ਜੋ ਅੱਜ ਅਜਾਦੀ ਦਾ ਨਿੱਘ ਮਾਣ ਰਹੇ ਹਨ, ਉਹ ਅਜ਼ਾਦੀ ਪ੍ਰਾਪਤ ਕਰਨ ਲਈ ਦੇਸ਼ ਭਗਤਾਂ ਨੇ ਅਜਾਦੀ ਲਈ ਕੁਰਬਾਨੀਆਂ ਕੀਤੀਆਂ ਅਤੇ ਪੰਜਾਬ ਦੇ ਸਭ ਤੋਂ ਵੱਧ ਨੋਜਵਾਨਾਂ ਨੇ ਵੱਡੀਆਂ ਸ਼ਹਾਦਤਾਂ ਦਿਤੀਆਂ।ਇਸੇ ਸਦਕਾ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ।ਉਨਾਂ ਕਿਹਾ ਕਿ ਆਜ਼ਾਦੀ ਦੀ ਕੀਮਤ ਉਹੀ ਲੋਕ ਦੱਸ ਸਕਦੇ ਹਨ ਜਿੰਨਾਂ ਨੇ ਕੁਰਬਾਨੀਆਂ ਕੀਤੀਆਂ ਅਤੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ ਹੈ।ਬਾਦਲ ਨੇ ਕਿਹਾ ਕਿ 1919 ਦੀ ਘਟਨਾ ਤੋਂ ਸ਼ਹੀਦ ਉਧਮ ਸਿੰਘ ਨੇ ਸਹੁੰ ਖਾਧੀ ਅਤੇ ਇਸ ਦਾ ਬਦਲਾ ਲਿਆ।ਅੱਜ ਸਾਨੂੰ ਵੀ ਭ੍ਰਿਸ਼ਟਾਚਾਰ, ਗੁਰਬਤ, ਨਸ਼ਾਖੋਰੀ ਵਿਰੁੱਧ ਸਹੁੰ ਚੁੱਕਣੀ ਚਾਹੀਦੀ ਹੈ ।
ਬਾਦਲ ਨੇ ਕਿਹਾ ਕਿ ਕਈ ਮੁਲਕਾਂ ਵਿੱਚ ਘੁੰਮਿਆ ਹਾਂ, ਇਸ ਦੇਸ਼ ਤੋਂ ਸੋਹਣਾ ਮੁਲਕ ਕੋਈ ਵੀ ਨਹੀਂ ਹੈ, ਪ੍ਰੰਤੂ ਸਾਡੇ ਦੇਸ਼ ਵਿੱਚ ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਨੌਜਵਾਨ ਗੁੁੰਮਰਾਹ ਹੋ ਕੇ ਨਸ਼ਿਆ ਵਿੱਚ ਪੈ ਗਏ ਹਨ।ਇੰਨਾਂ ਬੁਰਾਈਆਂ ਵਿਰੁੱਧ ਸਾਨੂੰ ਸਭ ਨੂੰ ਇਕਮੁੱਠ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉਹ ਅੱਜ ਗੁਰੂ ਰਾਮਦਾਸ ਦੀ ਨਗਰੀ ਵਿੱਚ ਜਨਤਾ ਦੀ ਮਦਦ ਲੈਣ ਲਈ ਆਏ ਹਨ।ਕੈਪਟਨ ਸਰਕਾਰ ਜਨਤਾ ਦੀਆਂ ਆਸਾਂ `ਤੇ ਪੂਰਾ ਉਤਰੇਗੀ। ਉਨ੍ਹਾਂ ਕਿਹਾ ਕਿ ਬਟਾਲਾ, ਮੰਡੀ ਗੋਬਿੰਦਗੜ੍ਹ ਅਤੇ ਹੋਰ ਥਾਵਾਂ ਤੇ ਜਿਥੇ ਕਾਰਖਾਨਿਆਂ ਦੀ ਚਿਮਨੀਆਂ ਉਦਾਸ ਸਨ, ਅਸੀਂ ਉਨ੍ਹਾਂ ਚਿਮਨੀਆਂ ਨੂੰ ਮੁੜ ਚਾਲੂ ਕਰਾਂਗੇ ਅਤੇ ਇਨ੍ਹਾਂ ਵਿੱਚੋਂ ਮੁੜ ਧੂੰਆਂ ਨਿਕਲੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਬਹਾਰਾਂ ਫਿਰ ਵਾਪਸ ਆਉਣਗੀਆਂ।ਬਾਦਲ ਨੇ ਕਿਹਾ ਕਿ ਇਸੇ ਹੀ ਸਰਕਾਰ ਨੇ ਪਹਿਲਾਂ ਪੰਜਾਬ ਵਿੱਚ ਅੱਤਵਾਦ ਖਤਮ ਕੀਤਾ ਸੀ ਅਤੇ ਜੇਕਰ ਇਹ ਅੱਤਵਾਦ ਖਤਮ ਕਰ ਸਕਦੀ ਹੈ ਤਾਂ ਨਸ਼ਾ ਵੀ ਖਤਮ ਕਰ ਸਕਦੀ ਹੈ।ਬਾਦਲ ਨੇ ਕਿਹਾ ਕਿ ਗੱਲਾਂ ਕਰਨ ਨਾਲ ਕੁੱਝ ਨਹੀਂ ਬਣਦਾ, ਕਾਮਯਾਬੀ ਮੇਹਨਤ ਮੰਗਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਛੋਟੀ ਤੋਂ ਛੋਟੀ ਸੇਵਾ ਵੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਜਿਵੇਂ ਕਿ ਪੌਦੇ ਲਗਾਓ, ਸਾਫ ਸਫਾਈ ਰੱਖੋ, ਗਰਜ਼ਮੰਦ ਦੀ ਗਰਜ ਪੂਰੀ ਕਰਨੀ, ਗਰੀਬ ਬੱਚੇ ਦੀ ਫੀਸ ਭਰਨੀ।
ਉਨਾਂ ਨੇ ਜ਼ਿਲ੍ਹੇ ਦੇ ਸੁਤੰਤਰਤਾ ਸੈਨਾਨੀਆਂ, ਵੱਖ-ਵੱਖ ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ ਆਦਿ ਨੂੰ ਚੰਗੀਆਂ ਪ੍ਰਾਪਤੀਆਂ ਅਤੇ ਆਪਣੀ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਨਿਭਾੳਣ ਬਦਲੇ ਸਨਮਾਨਿਤ ਕੀਤਾ।ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਦਿਵਆਂਗਾਂ ਨੂੰ ਟਰਾਈਸਾਈਕਲ ਅਤੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ।ਬਾਦਲ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੇਘਰਾਂ ਨੂੰ ਘਰਾਂ ਦੇ ਪ੍ਰਵਾਨਗੀ ਪੱਤਰ, ਘਰ-ਘਰ ਰੁਜਗਾਰ ਯੋਜਨਾ ਅਧੀਨ 50 ਵਿਅਕਤੀਆਂ ਨੂੰ ਨਿਯੁੱਕਤੀ ਪੱਤਰ ਅਤੇ ਮਨਰੇਗਾ ਅਧੀਨ ਜਾਬ ਕਾਰਡ ਵੀ ਤਕਸੀਮ ਕੀਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ੍ਰ ਗੁਰਜੀਤ ਸਿੰਘ ਔਜਲਾ ਮੈਂਬਰ ਲੋਕ ਸਭਾ, ਸੁਨੀਲ ਦੱਤੀ, ਇੰਦਰਬੀਰ ਸਿੰਘ ਬੁਲਾਰੀਆ, ਡਾ: ਰਾਜ ਕੁਮਾਰ ਵੇਰਕਾ, ੍ਰ ਤਰਸੇਮ ਸਿੰਘ (ਸਾਰੇ ਵਿਧਾਇਕ), ਮੇਅਰ ਕਰਮਜੀਤ ਸਿੰਘ ਰਿੰਟੂ, ਕਰਮਜੀਤ ਸਿੰਘ ਕੰਗ ਜਿਲ੍ਹਾ ਤੇ ਸੈਸ਼ਨ ਜੱਜ, ਕਮਿਸ਼ਨਰ ਨਗਰ ਨਿਗਮ ਮੈਡਮ ਸੋਨਾਲੀ ਗਿਰੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਅਲਕਾ ਕਾਲੀਆ, ਕਾਰਜਕਾਰੀ ਮੈਜਿਸਟਰੇਟਅਤ ਸ਼ਿਵਰਾਜ ਸਿੰਘ ਬੱਲ, ਐਸ.ਡੀ.ਐਮ ਵਿਕਾਸ ਹੀਰਾ, ਰਾਜੇਸ਼ ਸ਼ਰਮਾ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media