ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਪਿੰਡ ਰਾਮਪੁਰਾ ਵਿਖੇ ਲਗਭਗ ਪਿਛਲੇ 6 ਮਹੀਨਿਆਂ ਤੋਂ ਸਰਕਾਰ ਦੀ ਬੰਦ ਪਈ ਆਟਾ ਦਾਲ ਸਕੀਮ ਨੂੰ ਲੈ ਕੇ ਸਮੂਹ ਪਿੰਡ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਗੁਰਮੁੱਖ ਸਿੰਘ ਅਤੇ ਇਲਾਕਾ ਕਨਵੀਨਰ ਸੰਗਰਾਮ ਮੰਚ ਕੇਸੋ ਰਾਮ ਦੀ ਦੀ ਅਗਵਾਈ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਪਿਡ ਵਾਸੀਆਂ ਨੇ ਰੋਸ ਸਰਕਾਰ ਪ੍ਰਤੀ ਦਿਖਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਵੱਡੀ ਪੱਧਰ ‘ਤੇ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ, ਅਤੇ ਜੋ ਬਾਕੀ ਬਚੇ ਹਨ ਉਨ੍ਹਾਂ ਵੀ ਲਗਭਗ ਪਿਛਲੇ 6 ਮਹੀਨਿਆਂ ਤੋਂ ਕਣਕ ਨਹੀਂ ਦਿੱਤੀ ਗਈ।ਇਸ ਤੋਂ ਇਲਵਾ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ, ਜਿਸ ਤਹਿਤ ਕਿ ਗਰੀਬ ਪਰਿਵਾਰਾਂ ਨੂੰ ਪਖਾਨੇ ਬਣਾਉਣ ਲਈ ਰਾਸ਼ੀ ਦਿੱਤੀ ਜਾਂਦੀ ਹੈ ਉਹ ਵੀ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਗਰੀਬ ਲੋਕਾਂ ਲਈ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਢੰਡੋਰਾ ਪਿੱਟ ਰਹੀ ਹੈ, ਪਰ ਦੂਜੇ ਪਾਸੇ ਉਨ੍ਹਾਂ ਦੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਸਿਰਫ ਇੱਕ ਡਰਾਮਾ ਸਾਬਤ ਹੋ ਰਹੀਆਂ ਹਨ।ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਸਹੂਲਤਾਂ ਦੇਣ ਦੇ ਵਾਅਦੇ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਸਿੱਧੇ ਰੂਪ ‘ਚ ਪੂਰੇ ਕਰੇ ਨਾ ਕਿ ਲੋਕਾਂ ਨੂੰ ਵੋਟਾਂ ਵਟੋਰਣ ਦਾ ਸਾਧਨ ਬਣਾਉਣ।
ਪਿੰਡ ਵਾਸੀਆਂ ਨੇ ਕਿਹਾ ਕਿ ਪਿੱਛਲੇ ਸਮੇਂ 2 ਮਜ਼ਦੂਰ ਜਿੰਨਾਂ ਦੀ ਕਿ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਦੇ ਦੋਸ਼ੀਆਂ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਮੁਆਵਜਾ ਦਿੱਤਾ ਗਿਆ ਹੈ।ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੀ ਮੌਤ ਦੇ ਜਿੰਮੇਵਾਰ ਵਾਹਨ ਚਾਲਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਸਹਾਹਿਤਾ ਰਾਸ਼ੀ ਪ੍ਰਦਾਨ ਕੀਤੀ ਜਾਵੇ।ਆਗੂ ਗੁਰਮੁੱਖ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਗਿਆ, ਜਿਸ ਉਪਰੰਤ ਉਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਕਰਨ ਦਾ ਵਿਸ਼ਵਾਸ ਦੁਆਇਆ ਗਿਆ ਸੀ, ਪ੍ਰੰਤੂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਸਬੰਧੀ ਦੁਸਬਾਰਾ ਫਿਰ ਡੀ ਸੀ ਨੂੰ ਮਿਲੇ ਹਨ ਅਤੇ ਮੰਗਾਂ ਤੋਂ ਜਾਣੂ ਕਰਵਾਇਆ ਹੈ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਇਸ ਮੌਕੇ ਪਿ੍ਰਤਪਾਲ ਸਿੰਘ, ਹਰਨੇਕ ਸਿੰਘ, ਮੇਜਰ ਸਿੰਘ, ਜਸਪਾਲ ਸਿੰਘ, ਹਰਦੇਵ ਸਿੰਘ, ਬਸੰਤ ਸਿੰਘ, ਰੂਪ ਸਿੰਘ ਤੋਂ ਇਲਾਵਾ ਪਿੰਡ ਵਾਸੀ ਮੌਜ਼ੂਦ ਸਨ।
Punjab Post Daily Online Newspaper & Print Media