ਬਠਿੰਡਾ, 8 ਸਤੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸਥਾਨਕ ਬਠਿੰਡਾ ਪ੍ਰੈਸ ਕਲੱਬ ਵਿਖੇ ਗੱਲਬਾਤ ਕਰਦਿਆਂ ਇੱਕ ਕਾਂਗਰਸੀ ਵਿਧਾਇਕ ਦੇ ਇਸ਼ਾਰੇ `ਤੇ ਜਿਲ੍ਹਾ ਪ੍ਰੀਸ਼ਦ ਦੇ ਮੱਲਣ ਜੋਨ ਤੋਂ ਅਕਾਲੀ ਉਮੀਦਵਾਰ ਗੁਰਦੀਪ ਸਿੰਘ ਉਰਫ ਵਿੱਕੀ ਨੂੰ ਅਗਵਾ ਕਰਨ ਦੇ ਦੋਸ਼ ਲਾਏ ਹਨ।ਉਨ੍ਹਾਂ ਆਖਿਆ ਕਿ ਇਸ ਮਾਮਲੇ ’ਚ ਥਾਣਾ ਕੋਟਭਾਈ ਦੇ ਮੁੱਖ ਥਾਣਾ ਅਫਸਰ ਦਾ ਵੀ ਕਥਿਤ ਹੱਥ ਹੈ।ਡਿੰਪੀ ਢਿੱਲੋਂ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਰਾਖਵੇਂ ਜੋਨ ਮੱਲਣ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਹੈ।ਕਾਂਗਰਸੀ ਨੇਤਾ ਨੇ ਉਸ ਨੂੰ ਇੱਕ ਚਿੱਟੇ ਰੰਗ ਦੀ ਬਲੈਰੋ ’ਚ ਦੋ ਅਣਪਛਾਤੇ ਵਿਅਕਤੀਆਂ ਦੀ ਸਹਾਇਤਾ ਨਾਲ ਕੁੱਝ ਲੋਕਾਂ ਨੂੰ ਮਿਲਾਉਣ ਦੇ ਬਹਾਨੇ ਜਬਰਦਸਤੀ ਕਾਰ ’ਚ ਬਿਠਾ ਲਿਆ ਅਤੇ ਰੌਲਾ ਪਾਉਣ `ਤੇ ਅਸਲੇ ਦੀ ਨੋਕ `ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।ਇਸੇ ਦੌਰਾਨ ਬਲੈਰੋ ਸਵਾਰ ਵਾਇਆ ਕਾਉਣੀ ਸ੍ਰੀ ਮੁਕਤਸਰ ਸਾਹਿਬ ਵੱਲ ਚੱਲ ਪਏ।ਉਨ੍ਹਾਂ ਦੱਸਿਆ ਕਿ ਰਸਤੇ ’ਚ ਐਸ.ਐਚ.ਓ ਨੇ ਆਪਣੇ ਫੋਨ ਤੋਂ ਗੁਰਸੇਵਕ ਦੇ ਫੋਨ `ਤੇ ਕਾਲ ਕਰਕੇ ਕਾਗਜ਼ ਵਾਪਸ ਲੈਣ ਲਈ ਧਮਕੀਆਂ ਦਿੱਤੀਆਂ ਅਤੇ ਜਾਤੀ ਸੂਚਕ ਸ਼ਬਦ ਬੋਲੇ।ਉਸ ਨੇ ਦੱਸਿਆ ਕਿ ਇਸੇ ਦੌਰਾਨ ਜਦੋਂ ਬਲੈਰੋ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਚੌਂਕ ’ਚ ਪੁੱਜੀ ਤਾਂ ਉਹ ਬਾਰੀ ਖੋਹਲ ਕੇ ਫੋਨ ਸਮੇਤ ਬਲੈਰੋਂ ਚੋਂ ਬਾਹਰ ਕੁੱਦ ਕੇ ਭੱਜਣ ’ਚ ਸਫਲ ਹੋ ਗਿਆ।
ਉਨ੍ਹਾਂ ਦੱਸਿਆ ਕਿ ਉਸ ਨੇ ਸਾਰੀ ਰਾਤ ਝੋਨੇ ਦੀ ਫਸਲ ’ਚ ਲੁੱਕ ਕੇ ਗੁਜ਼ਾਰੀ ਜਿਥੋਂ ਚਰਨਜੀਤ ਸਿੰਘ ਲੁਹਾਰਾ ਉਸ ਨੂੰ ਡਿੰਪੀ ਢਿੱਲੋਂ ਕੋਲ ਛੱਡ ਗਿਆ।ਡਿੰਪੀ ਢਿੱਲੋਂ ਨੇ ਦੋਸ਼ ਲਾਏ ਕਿ ਐਸ.ਐਚ.ਓ ਸਿਆਸੀ ਦਬਾਅ ਤਹਿਤ ਅਕਾਲੀ ਉਮੀਦਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਡੀ.ਐਸ.ਪੀ ਗਿਦੜਬਾਹਾ ਨੂੰ ਪੱਤਰ ਲਿਖ ਕੇ ਇਸ ਮਾਮਲੇ `ਚ ਕਾਰਵਾਈ ਦੀ ਮੰਗ ਕੀਤੀ ਹੈ।ਓਧਰ ਐਸ.ਐਚ.ਓ ਕੋਟ ਭਾਈ ਨੇ ਆਪਣੇ `ਤੇ ਲਾਏ ਜਾ ਰਹੇ ਦੋਸ਼ਾਂ ਨੂੰ ਪੂਰੀ ਤਰਾਂ ਬੇਬੁਨਿਆਦ ਕਰਾਰ ਦਿੱਤਾ ਹੈ।
ਇਸੇ ਦੌਰਾਨ ਸੰਪਰਕ ਕਰਨ `ਤੇ ਡੀ.ਐਸ.ਪੀ ਗਿਦੜਬਾਹਾ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ, ਜਿਸ ਦੀ ਉਹ ਪੜਤਾਲ ਕਰਵਾਉਣਗੇ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਮੁਤਾਬਿਕ ਕਾਰਵਾਈ ਕੀਤੀ ਜਾਏਗੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media