ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਪ੍ਰਕਿਰਿਆ ਮੁਕੰਮਲ
ਪਟਨਾ ਸਾਹਿਬ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੀਟਿੰਗ ਹਾਲ ਵਿਚ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੀ ਨਾਮਜ਼ਦਗੀ ਲਈ ਹੋਈ ਇਕੱਤਰਤਾ ਵਿੱਚ ਹਰਪਾਲ ਸਿੰਘ ਜੌਹਲ ਨੂੰ ਸਰਬਸੰਮਤੀ ਨਾਲ ਮੈਂਬਰ ਚੁਣ ਲਿਆ ਗਿਆ।ਇਹ ਜਾਣਕਾਰੀ ਇਥੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਅੱਜ ਹੋਈ ਇਕੱਤਰਤਾ ਦੌਰਾਨ ਕੇਵਲ ਇੱਕ ਮੈਂਬਰ ਰਾਜਾ ਸਿੰਘ ਨੂੰ ਛੱਡ ਕੇ ਬਾਕੀ ਸਾਰੇ 12 ਮੈਂਬਰ ਹਾਜ਼ਰ ਸਨ।
ਜਿਕਰਯੋਗ ਹੈ ਕਿ ਸਨਾਤਨੀ ਸਿੰਘ ਸਭਾ ਵੱਲੋਂ ਇਸ ਵਾਰ ਇੱਕ ਮੈਂਬਰ ਦੀ ਨਾਮਜਦਗੀ ਨਾ ਹੋਣ ਕਰਕੇ ਕਮੇਟੀ 15 ਦੀ ਥਾਂ 14 ਮੈਂਬਰਾਂ ’ਤੇ ਆਧਾਰਤ ਰਹੇਗੀ।ਇਕੱਤਰਤਾ ਦੌਰਾਨ ਕਮੇਟੀ ਦੇ 14ਵੇਂ ਮੈਂਬਰ ਵਜੋਂ ਹਰਪਾਲ ਸਿੰਘ ਜੌਹਲ ਦਾ ਨਾਂ ਅਵਤਾਰ ਸਿੰਘ ਹਿੱਤ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਤਾਈਦ ਮਜੀਦ ਇੰਦਰਜੀਤ ਸਿੰਘ ਟਾਟਾ ਨਗਰ ਨੇ ਕੀਤੀ।ਹਰਪਾਲ ਸਿੰਘ ਦੇ ਮੁਕਾਬਲੇ ਹੋਰ ਕੋਈ ਨਾਂ ਪੇਸ਼ ਨਾ ਹੋਣ ’ਤੇ ਉਨ੍ਹਾਂ ਨੂੰ ਸਰਬ ਸੰਮਤੀ ਨਾਲ ਮੈਂਬਰ ਚੁਣ ਲਿਆ ਗਿਆ।ਹੁਣ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਨਾਮਜ਼ਦਗੀ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਨ੍ਹਾਂ ਮੈਂਬਰਾਂ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁੱਦੇਦਾਰਾਂ ਦੀ ਚੋਣ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਅੱਜ ਹੋਈ 14ਵੇਂ ਮੈਂਬਰ ਦੀ ਨਾਮਜਦਗੀ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਪ੍ਰਧਾਨ ਦੀ ਚੋਣ ਲਈ ਇਕੱਤਰਤਾ ਬੁਲਾਈ ਜਾਵੇਗੀ।ਇਕੱਤਰਤਾ ਦੌਰਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਅਵਤਾਰ ਸਿੰਘ ਹਿੱਤ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਇੰਦਰਜੀਤ ਸਿੰਘ ਟਾਟਾ ਨਗਰ, ਲਖਵਿੰਦਰ ਸਿੰਘ, ਹਰਬੰਸ ਸਿੰਘ, ਤਰਲੋਚਨ ਸਿੰਘ, ਜਗਜੋਤ ਸਿੰਘ, ਮਹਿੰਦਰ ਸਿੰਘ ਛਾਬੜਾ, ਮਹਿੰਦਰਪਾਲ ਸਿੰਘ ਢਿੱਲੋਂ, ਕਮਿੱਕਰ ਸਿੰਘ ਕਲਕੱਤਾ, ਡਾ. ਗੁਰਮੀਤ ਸਿੰਘ ਲਖਨਊ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਕੁਲਮੋਹਨ ਸਿੰਘ, ਬੀਬੀ ਕਵਲਜੀਤ ਕੌਰ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ, ਦਰਸ਼ਨ ਸਿੰਘ ਲੌਂਗੋਵਾਲ ਪੀ.ਏ, ਤਖਤ ਸਾਹਿਬ ਦੇ ਸੁਪਰਡੈਂਟ ਦਲਜੀਤ ਸਿੰਘ, ਜੀਵਨਜੋਤ ਸਿੰਘ ਬਾਦਸ਼ਾਹ ਅਗਰਬੱਤੀ ਵਾਲੇ ਮੌਜੂਦ ਸਨ।
Punjab Post Daily Online Newspaper & Print Media