ਜਨਤਕ ਸਥਾਨਾਂ ’ਤੇ ਤੰਬਾਕੂ ਦੇ ਸੇਵਨ ਦੀ ਪੂਰਨ ਤੌਰ ’ਤੇ ਮਨਾਹੀ
ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਬਠਿੰਡਾ ਡਾ. ਹਰੀ
ਨਰਾਇਣ ਸਿੰੰਘ ਦੀ ਪ੍ਰਧਾਨਗੀ ਹੇਠ ਅਤੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪਿੰ੍ਰਸੀਪਲ ਡਾ. ਸਤਵੀਰ ਸਿੰਘ ਦੇ ਸਹਿਯੋਗ ਨਾਲ ਕੌਮੀ ਤੰਬਾਕੂ ਜਾਗਰੂਕਤਾ ਸੈਮੀਨਾਰ ਕਾਲਜ ਦੇ ਐਡੀਟੋਰੀਅਮ ਵਿਖੇ ਅਯੋਜਿਤ ਕੀਤਾ ਗਿਆ।ਪ੍ਰਿਸੀਪਲ ਡਾ: ਸਤਵੀਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆ` ਆਖਿਆ ਗਿਆ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਿਹਤ ਵਿਭਾਗ ਬਠਿੰਡਾ ਵਲੋਂ ਚਲਾਈ ਗਈ ਤੰਬਾਕੂਨੋਸ਼ੀ ਜਾਗਰੂਕਤਾ ਮੁਹਿੰਮ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਇਆ ਜਾਵੇ।ਸੈਮੀਨਾਰ ਦੀ ਸ਼ੁਰੂਆਤ ਬੀ.ਐਸ.ਸੀ ਅਖੀਰਲੇ ਸਾਲ ਦੀ ਵਿਦਿਆਰਥਣ ਸ਼ਮਾਂ ਦੀ ਕਵਿਤਾ ਰੰਗਲਾ ਪੰਜਾਬ ਸਾਰਾ ਫਿੱਕਾ ਪੈ ਗਿਆ, ਮੱਥੇ `ਤੇ ਕਲੰਕ ਵਾਲਾ ਟਿੱਕਾ ਰਹਿ ਗਿਆ, ਨਾਲ ਕੀਤੀ ਗਈ।
ਵਿਦਿਅਰਥੀਆਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਨੇ ਕਿਹਾ ਕਿ ਸੈਮੀਨਾਰ ਦਾ ਮੁੱਖ ਮਕਸਦ ਤੰਬਾਕੂਨੋਸ਼ੀ ਨਾ ਕਰਨ ਸਬੰਧੀ ਜਾਗਰੂਕ ਕਰਨਾ ਹੈ।ਉਨ੍ਹਾਂ ਦੱਸਿਆ ਕਿ ਸਾਰੇ ਤੰਬਾਕੂ ਉਤਪਾਦ ਸਿਹਤ ਲਈ ਹਾਨੀਕਾਰਕ ਹਨ, ਕੋਈ ਵੀ ਤੰਬਾਕੂ ਉਤਪਾਦ ਕਿਸੇ ਵੀ ਰੂਪ ਵਿਚ ਸੁਰੱਖਿਅਤ ਨਹੀ ਹੈ।ਬੀੜੀ ਵੀ ਓਨੀ ਹਾਨੀਕਾਰਕ ਹੈ ਜਿੰਨ੍ਹੀ ਕਿ ਸਿਗਰੇਟ, ਤੰਬਾਕੂ ਵਿੱਚ ਇੱਕ ਨਿਕੋਟੀਨ ਨਾਂ ਦਾ ਖਤਰਨਾਕ ਪਦਾਰਥ ਹੁੰਦਾ ਹੈ ਜੋ ਆਦਮੀ ਨੂੰ ਵਾਰ-ਵਾਰ ਸਿਗਰਟਨੋਸ਼ੀ ਕਰਨ ਦੀ ਇੱਛਾ ਪੈਦਾ ਕਰਦਾ ਹੈ।ਇਸ ਦੀ ਵਰਤੋਂ ਨਾਲ ਦਮ੍ਹਾਂ, ਵਾਰ-ਵਾਰ ਛਾਤੀ ਦੀ ਇਨਫੈਕਸ਼ਨ, ਕੋਰੇਨਰ, ਦਿਲ ਰੋਗ, ਮੂੰਹ, ਗਲੇ ਅਤੇ ਫੇਫੜੇ ਦਾ ਕੈਂਸਰ ਆਦਿ ਹੋ ਸਕਦਾ ਹੈ।ਭਾਰਤ ਵਿਚ ਹਰ ਸਾਲ ਲਗਭਗ 10 ਲੱਖ ਮੌਤਾਂ ਤੰਬਾਕੂ ਦੇ ਸੇਵਨ ਕਾਰਨ ਹੁੰਦੀਆਂ ਹਨ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਅਨੁਪਮਾ ਸਰਮਾ ਨੇ ਆਪਣੇ ਸੰਬੋਧਨ ਵਿਚ ਕੋਟਪਾ ਐਕਟ 2003 ਦੀਆਂ ਧਰਾਵਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਜਨਤਕ ਸਥਾਨਾਂ ’ਤੇ ਤੰਬਾਕੂ ਦੇ ਸੇਵਨ ਦੀ ਪੂਰਨ ਤੌਰ ਤੇ ਮਨਾਹੀ ਹੈ ਜੇਕਰ ਕੋਈ ਵੀ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕੋਈ ਵੀ ਵਿਕਰੇਤਾ 18 ਸਾਲ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਨਾ ਦੇਵੇ ਜੇਕਰ ਕੋਈ ਵਿਕਰੇਤਾ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦਾ ਵੀ ਚਲਾਨ ਕੀਤਾ ਜਾਵੇਗਾ।
ਬ੍ਰਹਮਾ ਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲਿਆ ਬਠਿੰਡਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬ੍ਰਹਮਾ ਕੁਮਾਰੀ ਸੁਖਵਿੰਦਰ ਨੇ ਕਿਹਾ ਕਿ ਇਨਸਾਨ ਦਾ ਜੀਵਨ ਹੀਰੇ ਦੇ ਸਮਾਨ ਹੈ, ਪ੍ਰੰਤੂ ਅੱਜ ਦਾ ਨੌਜਵਾਨ ਫੈਸ਼ਨ ਅਤੇ ਨਸ਼ਿਆਂ ਵਿੱਚ ਪੈ ਕੇ ਆਪਣੀ ਊਰਜਾ ਨੂੰ ਗਲਤ ਪਾਸੇ ਨਸ਼ਟ ਕਰ ਰਿਹਾ ਹੈ।ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਵਲੋਂ ਤੰਬਾਕੂ ਦੀ ਵਰਤੋਂ ਨਾਲ ਮਨੁੱਖੀ ਸਿਹਤ ’ਤੇ ਪੈਣ ਵਾਲ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਹੋਰ ਦੀ ਬੀੜੀ ਜਾਂ ਸਿਗਰੇਟ ਤੋਂ ਆਉਣ ਵਾਲੇ ਧੂੰਏ ਨੂੰ ਸਹਿਣ ਕਾਰਨ ਸੈਕਿੰਡ ਹੈਂਡ ਸਮੋਕਿੰਗ ਅਖਵਾਉਂਦਾ ਹੈ। ਸੈਕਿੰਡ ਹੈਂਡ ਸਮੋਕਿੰਗ/ਸਿਗਰੇਟ ਨਾ ਪੀਣ ਵਾਲੇ ਵਿਅਕਤੀਆਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਦਾ ਹੈ। ਤੰਬਾਕੂ ਦੇ ਸੇਵਨ ਨਾਲ ਔਰਤਾਂ ਵਿਚ ਬੱਚੇ ਦਾ ਨਾ ਠਹਿਰਣਾ, ਵਾਰ ਵਾਰ ਗਰਭਪਾਤ, ਨਵਜਨਮੇ ਬੱਚੇ ਦਾ ਜਨਮ ਸਮੇਂ ਘੱਟ ਵਜਨ, ਮਰੇ ਹੋਏ ਬੱਚੇ ਦਾ ਜਨਮ, ਗੁਪਤ ਅੰਗ ਦਾ ਕੈਂਸਰ ਆਦਿ ਹੋ ਸਕਦਾ ਹੈ।ਜੇਕਰ ਕੋਈ ਵਿਅਕਤੀ ਸਿਗਰੇਟ ਬੀੜੀ ਦੀ ਭੈੜੀ ਆਦਤ ਨੂੰ ਛੱਡਣਾ ਚਾਹੁੰਦੇ ਹੋ ਤਾਂ ਦ੍ਰਿੜ ਇੱਛਾ ਸ਼ਕਤੀ ਨਾਲ ਸਿਵਲ ਹਸਪਤਾਲ ਵਿਖੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਨਾਲ ਤਾਲਮੇਲ ਕਰਕੇ ਸਿਗਰੇਟਨੋਸ਼ੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਕਾਲਜ ਵਿਦਿਆਰਥੀਆਂ ਦੇ ਤੰਬਾਕੂ ਸਬੰਧੀ ਭਾਸ਼ਨ ਮੁਕਾਬਲੇ ਵੀ ਕਰਵਾਏ ਗਏ।ਉਪਰੰਤ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਹਰਪਾਲ ਕੌਰ, ਪ੍ਰਗਟ ਸਿੰਘ ਅਤੇ ਰਾਹੁਲ ਕਾਂਸਲ ਨੂੰ ਸਨਮਾਨਿਤ ਕੀਤਾ ਗਿਆ।ਨੂਰ ਆਰਟ ਗਰੁੱਪ ਬਠਿੰਡਾ ਵੱਲ ਨੁੱਕੜ ਨਾਟਕ ਰਾਹੀਂ ਤੰਬਾਕੂ ਅਤੇ ਨਸ਼ਿਆਂ ਤੋਂ ਸੁਚੇਤ ਕੀਤਾ ਗਿਆ।ਇਸ ਸਮੇਂ ਪ੍ਰੋਫੈਸਰ ਹਰਜਿੰਦਰ ਸਿੰਘ ਮੌੜ ਅਤੇ ਹੋਰ ਕਾਲਜ ਸਟਾਫ ਤੋਂ ਇਲਾਵਾ ਡਾ: ਏ.ਪੀ ਗਰੋਵਰ, ਪ੍ਰਸ਼ੋਤਮ ਬਾਂਸਲ, ਕਲੱਬ ਪ੍ਰਧਾਨ ਸੁਰੇਸ਼ ਕੁਮਾਰ, ਬ੍ਰਹਮਾ ਕੁਮਾਰੀ ਦੀਪਕਾ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਪ੍ਰੋਜੈਕਸਨਿਸਟ ਕੇਵਲ ਕ੍ਰਿਸ਼ਨ, ਬੀ.ਈ.ਈ ਹਰਵਿੰਦਰ ਸਿੰਘ, ਸੰਜੀਵ ਕੁਮਾਰ ਸਰਮਾ, ਡੀਲਿੰਗ ਸਹਾਇਕ ਤੰਬਾਕੂ ਕੰਟਰੋਲ ਸੈਲ ਸੇਰਜੰਗ ਸਿੰਘ, ਸ਼ੋਸ਼ਲ ਵਰਕਰ ਤੇਜਿੰਦਰ ਸਿੰਘ ਅਤੇ ਜਗਦੀਸ਼ ਰਾਮ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media