ਨਵੀਂ ਦਿੱਲੀ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ
ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਬਿੰਦੂੁਵਾਰ ਸ਼ੰਟੀ ਦੇ ਦੋਸ਼ਾਂ ਨੂੰ ਝੂਠਲਾਉਂਦੇ ਹੋਏ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵਲੋਂ ਮੌਜੂਦਾ ਕਮੇਟੀ ਪ੍ਰਧਾਨ ’ਤੇ ਭ੍ਰਿਸ਼ਟਾਚਾਰ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਥਾਣਾ ਨਾਰਥ ਐਵੇਨਿਊ ਵਿਖੇ ਆਪਰਾਧਿਕ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ।
ਕਾਲਕਾ ਨੇ ਕਿਹਾ ਕਿ ਸ਼ੰਟੀ ਨੇ ਸਿਆਸੀ ਰਜਿੰਸ਼ ਦੇ ਕਾਰਨ ਝੂਠੇ ਦੋਸ਼ ਲਗਾ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਛੱਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।ਸ਼ੰਟੀ ਨੇ ਜਾਣ ਬੁੱਝ ਕੇ ਮਨਘੜਤ ਤੱਥਾਂ ਸਹਾਰੇ ਦਿੱਲੀ ਦੀ ਸੰਗਤ ਨੂੰ ਗੁੰਮਰਾਹ ਕਰਨ ਲਈ ਘੋਟਾਲੇ ਵਰਗੇ ਗੰਭੀਰ ਸ਼ਬਦ ਇਸਤੇਮਾਲ ਕਰਕੇ ਕਮੇਟੀ ਦੀ ਸਾਫ਼ ਦਿੱਖ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ੰਟੀ ਨੇ 51 ਲੱਖ ਰੁਪਏ ਦੇ ਵਿਦੇਸ਼ ਤੋਂ ਆਏ ਚੈਕ ਦੇ ਨਾਲ 51 ਲੱਖ ਰੁਪਏ ਦੀ ਹੋਰ ਰਾਸ਼ੀ ਦਾ ਬੈਂਕ ’ਚ ਨਗਦ ਜਮਾਂ ਹੋਣ ਦਾ ਜੋ ਦਾਅਵਾ ਕੀਤਾ ਹੈ, ਉਹ ਗਲਤ ਹੈ।ਐਕਸਿਸ ਬੈਂਕ ਵਲੋਂ ਜਾਰੀ ਬਿਆਨ ਅਨੁਸਾਰ ਕੇਵਲ 51 ਲੱਖ ਰੁਪਏ ਦਾ ਚੈਕ ਖਾਤੇ ’ਚ ਜਮਾਂ ਹੋਇਆ ਹੈ।ਪਰ ਸ਼ੰਟੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਗਦ ਜਮਾਂ ਦਾ ਜੋ ਵਾਊਚਰ ਵਿਖਾਇਆ ਹੈ, ਉਹ ਕਮੇਟੀ ਦੇ ਕਿਸੇ ਰਿਕਾਰਡ ’ਚ ਨਹੀਂ ਹੈ।ਇਸੇ ਤਰ੍ਹਾਂ ਕਮੇਟੀ ਵੱਲੋਂ ਖਰੀਦੀ ਗਈ ‘ਸਿੱਖ ਵਿਰਾਸਤ’ ਕਿਤਾਬਾਂ ਦੀ ਗਿਣਤੀ ਨੂੰ ਕਮੇਟੀ ਸਕੂਲ ’ਚ ਮੌਜੂਦ ਬੱਚਿਆਂ ਦੀ ਗਿਣਤੀ ਨਾਲ ਜੋੜ ਕੇ ਘੋਟਾਲਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਾਲਕਾ ਨੇ ਦੱਸਿਆ ਕਿ ਕਮੇਟੀ ਵੱਲੋਂ ਬੱਚਿਆਂ ਨੂੰ ਸਿੱਖ ਵਿਰਾਸਤ ਦੇ ਬਾਰੇ ਜਾਣਕਾਰੀ ਦੇਣ ਲਈ 30 ਹਜਾਰ ਕਿਤਾਬਾਂ ਦੀ ਖਰੀਦ ਲਈ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ 20 ਮਾਰਚ 2016 ਦੇ ਆਦੇਸ਼ ’ਤੇ ਪੂਰੀ ਕਾਰਵਾਈ ਨੂੰ ਪੂਰਾ ਕਰਨ ਉਪਰੰਤ 2 ਨਵੰਬਰ 2016 ਨੂੰ ਕਿਤਾਬਾਂ ਲਈ ਟੈਂਡਰ ਗੁਰੂ ਹਰਕ੍ਰਿਸ਼ਨ ਸਕੂਲ ਸੁਸਾਈਟੀ ਵੱਲੋਂ ਜਾਰੀ ਕੀਤਾ ਗਿਆ ਸੀ।ਜਿਸ ਉਪਰੰਤ 26 ਦਸੰਬਰ 2016 ਨੂੰ ਤੈਅ ਰੇਟ ’ਤੇ ਮਨਜੂਰੀ ਸੁਸਾਈਟੀ ਦੇ ਚੇਅਰਮੈਨ ਵੱਲੋਂ ਦਿੱਤੀ ਗਈ ਸੀ। 10 ਜਨਵਰੀ 2017 ਨੂੰ ਇਸ ਸਬੰਧੀ ਕਿਤਾਬਾਂ ਖਰੀਦਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ।ਜਿਸ ’ਤੇ 20 ਜਨਵਰੀ 2017 ਨੂੰ ਕਿਤਾਬ ਪ੍ਰਕਾਸ਼ਕ ਨੂੰ 50 ਫੀਸਦੀ ਐਡਵਾਂਸ ਰਕਮ ਦਾ ਭੁਗਤਾਨ ਵੀ ਕੀਤਾ ਗਿਆ ਸੀ।ਇਸ ਦੇ ਬਾਅਦ ਕਮੇਟੀ ਵੱਲੋਂ ਅਪ੍ਰੈਲ 2017 ’ਚ 52 ਹਜਾਰ ਕਿਤਾਬਾਂ ਹੋਰ ਖਰੀਦੀਆਂ ਗਈਆਂ ਸੀ।ਪਰ ਸ਼ੰਟੀ ਨੇ ਕੇਵਲ ਇਹਨਾਂ 52 ਹਜਾਰ ਕਿਤਾਬਾਂ ਦੀ ਖਰੀਦ ਦੇ ਆਦੇਸ਼ ਅਤੇ ਅਗਲੇ ਦਿਨ ਭੁਗਤਾਨ ਨੂੰ ਘੋਟਾਲਾ ਦੱਸ ਦਿੱਤਾ।ਜਦੋਂਕਿ 30 ਹਜਾਰ ਪੁਸਤਕਾਂ ਦੇ ਛੱਪਣ ਤੋਂ ਬਾਅਦ ਕਮੇਟੀ ਮੈਬਰਾਂ ਵੱਲੋਂ ਆਪਣੇ ਹਲਕਿਆਂ ’ਚ ਧਰਮ ਪ੍ਰਚਾਰ ਲਈ ਅਜਿਹੀ ਕਿਤਾਬਾਂ ਨੂੰ ਮੁਫਤ ’ਚ ਵੰਡਣ ਵਾਸਤੇ ਕਿਤਾਬਾ ਦੇਣ ਦੀ ਕਮੇਟੀ ਪ੍ਰਧਾਨ ਨੂੰ ਸਿਫਾਰਿਸ਼ ਕੀਤੀ ਗਈ ਸੀ। ਜਿਸ ਦੇ ਬਾਅਦ ਪ੍ਰਕਾਸ਼ਕ ਨੂੰ ਜ਼ੁਬਾਨੀ ਕਿਤਾਬ ਛਾਪਣ ਦਾ ਆਦੇਸ਼ ਦਿੱਤਾ ਗਿਆ ਸੀ। ਕਮੇਟੀ ਵੱਲੋਂ ਕੀਤੀ ਗਈ ਸਾਰੀ ਖਰੀਦ ਪ੍ਰਮਾਣਿਤ ਅਤੇ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ ਅਤੇ ਸਾਰਾ ਭੁਗਤਾਨ ਵੀ ਬੈਂਕ ਰਾਹੀਂ ਹੋਇਆ ਹੈ। ਤਾਂ ਇਹ ਫਿਰ ਘੋਟਾਲਾ ਕਿਵੇਂ ਹੋ ਗਿਆ ?
ਅਮਰਜੀਤ ਨੇ ਕਿਹਾ ਕਿ ਸ਼ੰਟੀ ਨੇ ਹਰ ਚੀਜ ਨੂੰ ਬਿਨਾਂ ਵਜ੍ਹਾ ਘੋਟਾਲਾ ਦੱਸ ਕੇ ਸੰਗਤਾਂ ਨੂੰ ਗੁੰਮਰਾਹ ਕੀਤਾ ਹੈ।ਇਸ ਕਰਕੇ ਅਸੀਂ ਸ਼ੰਟੀ ਖਿਲਾਫ ਦਿੱਲੀ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਲਈ ਸ਼ਿਕਾਇਤ ਦਿੱਤੀ ਹੈ। ਤਾਂਕਿ ਪੁਲਿਸ ਜਾਂਚ ਨਾਲ ਸ਼ੰਟੀ ਨੂੰ ਪ੍ਰਾਪਤ ਹੋਏ ਦਸਤਾਵੇਜਾਂ ਦੀ ਹਕੀਕਤ ਦਿੱਲੀ ਦੀ ਸੰਗਤ ਦੇ ਸਾਹਮਣੇ ਆ ਸਕੇ। ਨਾਲ ਹੀ ਗੁਰਦੁਆਰਾ ਬੰਗਲਾ ਸਾਹਿਬ ’ਚ ਲੱਗੇ ਏ.ਸੀ. ਬਾਰੇ 50 ਲੱਖ ਦੇ ਭੁਗਤਾਨ ਨੂੰ ਸ਼ੱਕੀ ਦੱਸ ਕੇ ਸ਼ੰਟੀ ਨੇ ਵੱਡੀ ਗਲਤੀ ਕੀਤੀ ਹੈ, ਕਿਉਂਕਿ ਇਸ ਸੇਵਾ ਨੂੰ ਆਪਣੇ ਜਿੰਮੇ ਲੈਣ ਵਾਲੇ ਪ੍ਰੇਮੀ ਸੱਜਣ ਨੇ ਇਸ ਸੇਵਾ ਲਈ ਗੁਪਤ ਦਾਨ ਦੇਣ ਦੀ ਪੇਸ਼ਕਸ਼ ਕੀਤੀ ਸੀ।ਪਰ ਕਮੇਟੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਸਾਫ਼ ਕਿਹਾ ਗਿਆ ਸੀ ਕਿ ਉਹ ਇਸ ਰਕਮ ਨੂੰ ਖੁੱਦ ਆਪ ਗੁਰਦੁਆਰਾ ਬੰਗਲਾ ਸਾਹਿਬ ਦੀ ਗੋਲਕ ’ਚ ਆਪਣੀ ਸਹੂਲੀਅਤ ਅਨੁਸਾਰ ਪਾ ਸਕਦੇ ਹਨ, ਜਿਸ ਦਾ ਸਬੂਤ ਉਨ੍ਹੀਂ ਦਿਨ੍ਹੀਂ ਕਮੇਟੀ ਦੀ ਗੋਲਕ ’ਚ ਹੋਏ ਵਾਧੇ ਤੋਂ ਮਿਲਦਾ ਹੈ।
ਪਰਮਿੰਦਰ ਨੇ ਕਿਹਾ ਕਿ ਸ਼ੰਟੀ ਨੇ ਜਗਦੀਸ਼ ਟਾਈਟਲਰ ਦੀ ਸੀ.ਡੀ ਕਮੇਟੀ ਵਲੋਂ ਜਾਰੀ ਕਰਨ ਦੇ ਮਾਮਲੇ ’ਚ ਕਰੋੜਾਂ ਰੁਪਏ ਦੇ ਘੋਟਾਲੇ ਅਤੇ ਇਸ ਡੀਲ ’ਚ ਕਮੇਟੀ ਪ੍ਰਧਾਨ ਨੂੰ ਵੱਡੀ ਕਾਰ ਮਿਲਣ ਦਾ ਦਾਅਵਾ ਕੀਤਾ ਸੀ। ਜੋ ਕਿ ਬਿਨਾਂ ਸਬੂਤਾਂ ਅਤੇ ਗਵਾਹਾਂ ਦੇ ਕੀਤਾ ਗਿਆ ਸੀ। ਉਨਾਂ ਸ਼ੰਟੀ ਨੂੰ ਚੁਨੌਤੀ ਦਿੱਤੀ ਕਿ ਇਸ ਮਾਮਲੇ ’ਚ ਲਗਾਏ ਗਏ ਦੋਸ਼ਾਂ ਦੇ ਸਬੂਤ ਜਨਤਕ ਕਰੇ।
ਪਰਮਿੰਦਰ ਨੇ ਕਿਹਾ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕਾਰ ਸੇਵਾ ਦਾ ਕਾਰਜ ਕਾਰਸੇਵਾ ਵਾਲੇ ਬਾਬਾ ਜੀ ਨੂੰ ਦੇਣ ਬਦਲੇ ਸ਼ੰਟੀ ਨੇ 60 ਲੱਖ ਰੁਪਏ ਬਤੌਰ ਰਿਸ਼ਵਤ ਲੈਣ ਦਾ ਦਾਅਵਾ ਕੀਤਾ ਹੈ ਅਤੇ ਐਡਵਾਂਸ ਭੁਗਤਾਨ ਦੇ ਤੌਰ ’ਤੇ 30 ਲੱਖ ਰੁਪਏ ਕਿਸੇ ਹੈਡ ਗ੍ਰੰਥੀ ਨੂੰ ਦੇਣ ਦੀ ਗੱਲ ਕਹੀ ਸੀ। ਪਰ ਇਸ ਦਾਅਵੇ ਪਿੱਛੇ ਕਿਸੇ ਤਰ੍ਹਾਂ ਦਾ ਸਬੂਤ ਸੰਗਤਾਂ ਦੇ ਸਾਹਮਣੇ ਨਹੀਂ ਰੱਖਿਆ। ਇਸ ਲਈ ਅਸੀਂ ਦਿੱਲੀ ਪੁਲਿਸ ਨੂੰ ਅਪਰਾਧਿਕ ਮਾਨਹਾਨੀ ਦੀ ਸ਼ਿਕਾਇਤ ਦਿੱਤੀ ਹੈ।
ਪਰਮਿੰਦਰ ਨੇ ਕਿਹਾ ਕਿ ਸ਼ੰਟੀ ਦੇ ਜਨਰਲ ਸਕੱਤਰ ਰਹਿਣ ਸਮੇਂ ਉਨ੍ਹਾਂ ਦੇ ਸਾਥੀ ਜੁਆਇੰਟ ਸਕੱਤਰ ਕਰਤਾਰ ਸਿੰਘ ਕੋਛੜ ਨੇ ਸ਼ੰਟੀ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਕਥਿਤ ਸ਼ਬਜੀ ਘੋਟਾਲੇ ਦੇ ਕਾਗਜ਼ਾਤ ਇੱਕਤਰ ਕਰਕੇ ਅਦਾਲਤ ’ਚ ਮੁਕਦਮਾ ਦਾਇਰ ਕੀਤਾ ਸੀ।ਹਾਲਾਂਕਿ ਇਸ ਮਾਮਲੇ ’ਚ ਢਿੱਲੀ ਪੈਰਵੀ ਕਰਕੇ ਇਹ ਕੇਸ਼ ਆਪਣੇ ਅੰਜ਼ਾਮ ਤੱਕ ਪਹੁੰਚਣ ’ਚ ਨਾਕਾਮ ਰਿਹਾ ਸੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media