Wednesday, March 11, 2026

ਗੁਰੂ ਨਗਰੀ `ਚ 127.86 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਨੀਂਹ-ਪੱਥਰ

ਟਿਊਬਵੈਲਾਂ ਲਈ ਦਿੱਤੇ 50 ਕਰੋੜ ਤੇ ਸੈਰ-ਸਪਾਟੇ ਲਈ 187.47 ਕਰੋੜ ਦੇ ਪ੍ਰੋਜੈਕਟ ਐਲਾਨੇ
ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਰੁ ਨਗਰੀ `ਚ 127.86 ਕਰੋੜ ਦੇ PPN1610201808ਪੰਜ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।ਇਸ ਦੇ ਨਾਲ ਹੀ ਉਨ੍ਹਾਂ ਨੇ ਟਿਊਬਵੈਲਾਂ ਦੇ ਵਾਸਤੇ ਵਾਧੂ 50 ਕਰੋੜ ਰੁਪਏ ਵੀ ਦੇਣ ਦਾ ਐਲਾਨ ਕੀਤਾ ਤਾਂ ਜੋ ਲੰਬਿਤ ਪਏ ਨਹਿਰੀ ਜਲ ਸਪਲਾਈ ਨੈਟਵਰਕ ਨੂੰ ਮੁਕੰਮਲ ਕੀਤੇ ਜਾਣ ਤੱਕ ਇਸ ਪਵਿੱਤਰ ਸ਼ਹਿਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਨੂੰ ਨਿਰਵਿਘਨ ਯਕੀਨੀ ਬਨਾਇਆ ਜਾ ਸਕੇ।
ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿਚ ਇਸ ਤੋਂ ਇਲਾਵਾ 187.47 ਕਰੋੜ ਰੁਪਏ ਦੇ ਸੈਰ-ਸਪਾਟਾ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ, ਤਾਂ ਜੋ ਇਸ ਸ਼ਹਿਰ ਨੂੰ ਸੈਰ-ਸਪਾਟੇ ਦੇ ਵਿਸ਼ਵ ਪੱਧਰੀ ਸਥਾਨ ਵਜੋਂ ਰੂਪ ਦਿੱਤਾ ਜਾ ਸਕੇ।
ਮੁੱਖ ਮੰਤਰੀ ਨੇ ਰੇਲ ਲਾਈਨਾਂ ਦੇ ਉਪਰ ਦੀ ਬਨਣ ਵਾਲੇ ਦੋ ਪੁਲਾਂ (ਆਰ.ਓ.ਬੀਜ਼), ਰੇਲਵੇ ਲਾਈਨ ਦੇ ਹੇਠਾਂ ਦੀ ਬਨਣ ਵਾਲੇ ਇਕ ਪੁੱਲ (ਆਰ.ਯੂ.ਬੀ) ਅਤੇ ਇਕ ਫਲਾਈ ਓਵਰ ਦਾ ਰਿਮੋਟ ਬਟਨ ਨਾਲ ਨੀਂਹ ਪੱਥਰ ਰੱਖਣ ਤੋਂ ਇਲਾਵਾ ਮੌਜੂਦਾ ਭੰਡਾਰੀ ਪੁਲ ਤੋਂ ਇਕ ਹੋਰ ਐਕਸਟੈਂਸ਼ਨ ਪੁੱਲ ਦਾ ਵੀ ਨੀਂਹ ਪੱਥਰ ਰੱਖਿਆ। ਇਹ ਉਦਘਾਟਨੀ ਸਮਾਗਮ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮਾਲ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਿੱਖਿਆ ਮੰਤਰੀ ਓ.ਪੀ ਸੋਨੀ ਅਤੇ ਅੰਮ੍ਰਿਤਸਰ ਦੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਰੇਲਵੇ ਮੰਤਰਾਲੇ ਤੋਂ ਇਸ ਸਬੰਧੀ ਜ਼ਰੂਰੀ ਆਗਿਆ ਲੈਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਪੁਰਾਣੇ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਵਿੱਚ ਵੱਡੀ ਭੂਮਿਕਾ ਨਿਭਾਉਣ ਦੇ ਨਾਲ-ਨਾਲ ਭੀੜ-ਭੜੱਕੇ ਨੂੰ ਵੀ ਘਟਾਏਗਾ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰ ਪਾਣੀ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਇਨ੍ਹਾਂ ਖਿੱਤਿਆਂ ਵਿੱਚ ਪਾਣੀ ਘੱਟ ਮਿਲ ਰਿਹਾ ਹੈ ਜੋ ਕਿ ਪੀਣ ਦੇ ਯੋਗ ਵੀ ਨਹੀਂ ਹੈ।ਇਸ ਦੇ ਕਾਰਨ ਬੀਮਾਰੀਆਂ ਫੈਲ ਰਹੀਆਂ ਹਨ।ਇਨ੍ਹਾਂ ਚਾਰ ਸ਼ਹਿਰਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਆਪਣੀ ਸਰਕਾਰ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਲਗਾਤਾਰ ਅਤੇ ਨਿਯਮਿਤ ਤੌਰ ’ਤੇ ਪਾਣੀ ਦੇ ਟੈਸਟਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਸਿੱਧੂ ਨੇ 10 ਸਾਲਾਂ ਦੇ ਸ਼ਾਸਨ ਦੌਰਾਨ ਇਸ ਸ਼ਹਿਰ ਦੇ ਵਿਕਾਸ ਵਿੱਚ ਅਸਫ਼ਲ ਰਹਿਣ ਲਈ ਬਾਦਲਾਂ ਦੀ ਤਿੱਖੀ ਆਲੋਚਨਾ ਕੀਤੀ।ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸਿਰਫ਼ ਇਕ ਪੁੱਲ ਬਨਾਇਆ ਜਦਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜ ਪੁਲਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਵਾਸਤੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦਾ ਕੰਮ ਇਕ ਸਾਲ ਦੇ ਅੰਦਰ ਮੁਕੰਮਲ ਹੋ ਜਾਵੇਗਾ।
    ਮੁੱਖ ਮੰਤਰੀ ਵੱਲੋਂ ਪੰਜ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ, ਇਨ੍ਹਾਂ ਵਿੱਚ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ’ਤੇ ਵੱਲ੍ਹਾ ਫਾਟਕ ‘ਤੇ ਬਨਣ ਵਾਲਾ ਆਰ.ਓ.ਬੀ ਪ੍ਰੋਜੈਕਟ ਵੀ ਸ਼ਾਮਲ ਹੈ।ਇਸ ਤੋਂ ਇਲਾਵਾ ਅੰਮਿਤਸਰ-ਅਟਾਰੀ ਸੈਕਸ਼ਨ ’ਤੇ ਇਕ ਆਰ.ਓ.ਬੀ, ਅੰਮਿ੍ਰਤਸਰ-ਦਿੱਲੀ ਸੈਕਸ਼ਨ ’ਤੇ ਜੌੜਾ ਫਾਟਕ ’ਤੇ ਆਰ.ਯੂ.ਬੀ ਅਤੇ ਅਮ੍ਰਿੰਤਸਰ-ਪਠਾਨਕੋਟ ਸੈਕਸ਼ਨ ’ਤੇ ਆਰ.ਯੂ.ਬੀ ਅਤੇ ਮਜੀਠਾ ਰੋਡ ’ਤੇ ਸੰਤ ਸਿੰਘ ਸੁੱਖਾ ਸਿੰਘ (ਐਸ.ਐਸ.ਐਸ.ਐਸ ਚੌਂਕ) ਫਲਾਈਓਵਰ ਅਤੇ ਮੌਜੂਦਾ ਭੰਡਾਰੀ ਪੁਲ ਤੋਂ ਇਕ ਐਕਸਟੈਂਸ਼ਨ ਸਬੰਧੀ ਪ੍ਰੋਜੈਕਟ ਸ਼ਾਮਲ ਹਨ। ਇਹ ਐਕਸਟੈਂਸ਼ਨ ਮੌਜੂਦਾ ਪੁੱਲ ਦੇ ਬਰਾਬਰ ਵਾਧੂ ਪੁੱਲ ਵਜੋਂ ਉਸਾਰੀ ਜਾਵੇਗੀ।
    ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 127.86 ਕਰੋੜ ਰੁਪਏ ਹੈ, ਜਿਸ ਵਿੱਚੋਂ 111.56 ਕਰੋੜ ਰੁਪਏ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਸਹਿਣ ਕੀਤੇ ਜਾਣਗੇ ਅਤੇ ਰੇਲਵੇ ਦਾ ਯੋਗਦਾਨ ਵੱਲ੍ਹਾ ਦੇ ਆਰ.ਓ.ਬੀ ਦੇ ਲਈ 16.30 ਕਰੋੜ ਰੁਪਏ ਦਾ ਹੋਵੇਗਾ ਜੋ ਹਿੱਸੇਦਾਰੀ ਦੇ ਆਧਾਰ ’ਤੇ ਬਨਾਇਆ ਜਾ ਰਿਹਾ ਹੈ। ਇਨ੍ਹਾਂ ਵਿਕਾਸ ਕਾਰਜਾਂ ਦੀ ਸਮੇਂ ਸਿਰ ਸ਼ੁਰੂਆਤ ਦੇ ਵਾਸਤੇ ਐਫ.ਡੀ.ਆਰ ਦੀ ਸ਼ਕਲ ਵਿੱਚ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਨੇ ਪਹਿਲਾਂ ਹੀ 130 ਕਰੋੜ ਰੁਪਏ ਰੱਖੇ ਹਨ।
    ਵੱਲ੍ਹਾ ਫਾਟਕ ‘ਤੇ ਬਨਾਇਆ ਜਾ ਰਿਹਾ ਆਰ.ਓ.ਬੀ 34 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਤੇ ਇਸ ਸਬੰਧੀ ਟੈਂਡਰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਜਾਰੀ ਕੀਤੇ ਜਾਣਗੇ।ਇਕ ਹੋਰ ਆਰ.ਓ.ਬੀ ਅੰਮ੍ਰਿਤਸਰ-ਅਟਾਰੀ ਸੈਕਸ਼ਨ ’ਤੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।
    ਜੌੜਾ ਫਾਟਕ ’ਤੇ ਆਰ.ਯੂ.ਬੀ ਦਾ ਨਿਰਮਾਣ 28.70 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਜਿਸ ਦੇ ਲਈ ਟੈਂਡਰ ਰੇਲਵੇ ਦੇ ਦੁਆਰਾ ਮੰਗੇ ਜਾਣਗੇ। ਮਜੀਠਾ ਰੋਡ ’ਤੇ ਐਸ.ਐਸ.ਐਸ.ਐਸ ਚੌਂਕ ’ਤੇ ਫਲਾਈਓਵਰ 18.16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਇਹ ਖ਼ਰਚਾ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਸਹਿਣ ਕੀਤਾ ਜਾਵੇਗਾ। ਮੌਜੂਦਾ ਭੰਡਾਰੀ ਚੌਂਕ ਦੀ ਐਕਸਟੈਂਸ਼ਨ 22 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗੀ ਜਿਸ ਦੇ ਵਾਸਤੇ ਟੈਂਡਰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਮੰਗੇ ਗਏ ਹਨ।
    ਅੰਮ੍ਰਿਤਸਰ ਵਿਖੇ ਸੈਰ-ਸਪਾਟੇ ਦੀ ਸਮਰੱਥਾ ਤੋਂ ਲਾਹਾ ਲੈਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 37.46 ਕਰੋੜ ਰੁਪਏ ਦੇ ਕਈ ਸੈਰ-ਸਪਾਟੇ ਦੇ ਵਧੀਆ ਪ੍ਰੋਜੈਕਟ ਚੱਲ ਰਹੇ ਹਨ, ਜਦਕਿ 110 ਕਰੋੜ ਰੁਪਏ ਦੇ ਹੋਰ ਪ੍ਰੋਜੈਕਟਾਂ ਦੀ ਪ੍ਰਗਤੀ ਵਿਚਾਰ ਅਧੀਨ ਹੈ। ਇਨ੍ਹਾਂ ਵਿੱਚ ਜਲ੍ਹਿਆਂਵਾਲਾ ਬਾਗ਼ ਵਿਖੇ 8 ਕਰੋੜ ਰੁਪਏ ਦੀ ਲਾਗਤ ਵਾਲਾ ਵੀ.ਆਰ/ਲਾਈਟ ਐਂਡ ਸਾਉਂਡ ਸ਼ੋਅ ਵੀ ਸ਼ਾਮਲ ਹੈ, ਜਿਸ ਦੇ ਵਾਸਤੇ ਭਾਰਤ ਸਰਕਾਰ ਦੇ ਇਤਰਾਜਹੀਣਤਾ ਸਰਟੀਫੀਕੇਟ ਦੀ ਉਡੀਕ ਕੀਤੀ ਜਾ ਰਹੀ ਹੈ।
    ਇਸ ਦੀ ਵਿਸਤਰਤ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 13.95 ਕਰੋੜ ਰੁਪਏ ਦੇ ਇਤਿਹਾਸਕ ਗੋਬਿੰਦਗੜ੍ਹ ਕਿਲ੍ਹੇ ਦੇ ਰਹਿੰਦੇ ਸਾਂਭ-ਸੰਭਾਲ ਅਤੇ ਲੈਂਡ ਸਕੇਪਿੰਗ ਦੇ ਵਾਸਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਨੇ ਟੈਂਡਰ ਪ੍ਰਾਪਤ ਕਰ ਲਏ ਹਨ ਜਦਕਿ 15.18 ਕਰੋੜ ਰੁਪਏ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ।
    ਉਨ੍ਹਾਂ ਅੱਗੇ ਦੱਸਿਆ ਕਿ ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਸਬੰਧੀ ਸਮਰ ਪੈਲੇਸ ਵਿੱਚ ਅਜਾਇਬਘਰ ਦੀ ਸਥਾਪਤੀ ਅਤੇ ਸਾਂਭ-ਸੰਭਾਲ ਲਈ 8 ਕਰੋੜ ਰੁਪਏ ਖ਼ਰਚੇ  ਜਾਣਗੇ ਅਤੇ ਇਸ ਦਾ ਕੰਮ ਅਗਲੇ ਸਾਲ ਸਤੰਬਰ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਤਿਹਾਸਕ ਟਾਊਨ ਹਾਲ ਦੀ ਇਮਾਰਤ ਦਾ ਫੂਡ ਸਟਰੀਟ ਵਜੋਂ ਮੁੜ ਵਰਤੋਂ ਦੇ ਵਾਸਤੇ ਅਤੇ ਸਾਂਭ-ਸੰਭਾਲ ਲਈ 5.28 ਕਰੋੜ ਰੁਪਏ ਪਹਿਲਾਂ ਹੀ ਖ਼ਰਚੇ ਜਾ ਚੁੱਕੇ ਹਨ ਅਤੇ ਟਾਊਨ ਹਾਲ ਇਮਾਰਤ ਦੀ ਸਾਂਭ-ਸੰਭਾਲ ਅਤੇ ਕੰਮ ਨੂੰ ਮੁਕੰਮਲ ਕਰਨ ਵਾਸਤੇ  10.76 ਕਰੋੜ ਰੁਪਏ ਦੇ ਟੈਂਡਰ ਪ੍ਰਾਪਤ ਕੀਤੇ ਗਏ ਹਨ ਅਤੇ ਇਹ ਮਾਰਚ 2020 ਤੱਕ ਮੁਕੰਮਲ ਹੋ ਜਾਏਗਾ। ਪਵਿੱਤਰ ਸ੍ਰੀ ਦੁਰਗਿਆਨਾ ਮੰਦਰ ਦੇ ਸਾਹਮਣੇ ਵਾਲੀ ਸੜਕ ਦੇ ਸੁੰਦਰੀਕਰਨ ਦੇ ਵਾਸਤੇ 10 ਕਰੋੜ ਰੁਪਏ ਹੋਰ ਪ੍ਰਵਾਨ ਕੀਤੇ ਗਏ ਹਨ। ਰਾਮਤੀਰਥ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਵੀ 7 ਕਰੋੜ ਰੁਪਏ ਦਾ ਐਲਾਨ ਕੀਤਾ ਜਾ ਚੁੱਕਾ ਹੈ।
    ਸਮਾਰਟ ਸਿਟੀ ਸਕੀਮ ਦੇ ਹੇਠ ਚਾਰ ਵਿਰਾਸਤੀ ਵਾਲ ਸਟ੍ਰੀਟਾਂ ’ਤੇ ਲਾਈਟਾਂ ਲਾਉਣ ਅਤੇ ਮੋਹਰਲੇ ਹਿੱਸੇ ’ਚ ਸੁਧਾਰ ਲਿਆਉਣ ਲਈ 33.55 ਕਰੋੜ ਰੁਪਏ ਖ਼ਰਚੇ ਜਾਣਗੇ। ਇਤਿਹਾਸਕ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਸਾਹਮਣੇ ਸੜਕ ਅਤੇ ਚੌਂਕ ਦੇ ਸੁੰਦਰੀਕਰਨ ਅਤੇ ਇਸ ਨੂੰ ਚੌੜਾ ਕਰਨ ਦੇ ਵਾਸਤੇ 30 ਕਰੋੜ ਰੁਪਏ ਰੱਖੇ ਗਏ ਹਨ। ਕਿਲ੍ਹਾ ਆਹਲੂਵਾਲੀਆ ਵਿਖੇ ਲੋਕਾਂ ਦੀ ਸਹੂਲਤ ਦੇ ਲਈ ਵਿਰਾਸਤੀ ਵਾਕ ਦੀ ਸਾਂਭ-ਸੰਭਾਲ ਲਈ 3.75 ਕਰੋੜ ਰੁਪਏ ਰੱਖੇ ਗਏ ਹਨ।  
    ਮੁੱਖ ਮੰਤਰੀ ਨੇ ਰਣਜੀਤ ਐਵੀਨਿਊ ਵਿਖੇ 25 ਏਕੜ ਰਕਬੇ ’ਤੇ 33 ਕਰੋੜ ਦੀ ਲਾਗਤ ਨਾਲ ਅਤਿ-ਅਧੂਨਿਕ ਖੇਡ ਸਟੇਡੀਅਮ ਦੇ ਨਿਰਮਾਣ ਦਾ ਵੀ ਐਲਾਨ ਕੀਤਾ।
    ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ ਸੀ, ਸੰਤੋਖ ਸਿੰਘ ਭਲਾਈਪੁਰ, ਸੁਖਵਿੰਦਰ ਸਿੰਘ ਡੈਨੀ, ਧਰਮਵੀਰ ਅਗਨੀਹੋਤਰੀ, ਇੰਦਰਬੀਰ ਸਿੰਘ ਬੁਲਾਰੀਆ, ਮੇਅਰ ਕਰਮਜੀਤ ਸਿੰਘ ਰਿੰਟ, ਓ.ਐਸ.ਡੀ ਸੰਦੀਪ ਸਿੰਘ ਬਾਵਾ ਸੰਧੂ, ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ ਸ੍ਰੀਵਾਸਤਵਾ, ਚੇਅਰਮੈਨ ਨਗਰ ਸੁਧਾਰ ਟਰੱਸਟ ਰਣਜੀਤ ਕੌਰ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਕਾਂਗਰਸੀ ਆਗੂ ਲਾਲੀ ਮਜੀਠੀਆ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਮਹਿਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਮਮਤਾ ਦੱਤਾ, ਵਿਕਾਸ ਸੋਨੀ, ਕਾਂਗਰਸੀ ਆਗੂ ਗੁਰਦੇਵ ਸਿੰਘ ਝੀਤਾ, ਡਾਇਰੈਕਟ ਸਥਾਨਕ ਸਰਕਾਰਾਂ ਕੁਰਨੇਸ਼ ਸ਼ਰਮਾ, ਡਾਇਰੈਕਟਰ ਸੈਰ ਸਪਾਟਾ ਮਲਵਿੰਦਰ ਸਿੰਘ ਜੱਗੀ, ਏ.ਡੀ.ਸੀ ਹਿਮਾਂਸ਼ੂ ਅਗਰਵਾਲ, ਚੀਫ ਇੰਜੀਅਨਰ ਮੁਕਲ ਸੋਨੀ ਸਮੇਤ ਹੋਰ ਆਗੂ ਤੇ ਅਧਿਕਾਰੀ ਹਾਜ਼ਰ ਸਨ। 

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply