ਭੀਖੀ/ਮਾਨਸਾ, 18 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬੀ ਸ਼ਾਇਰ ਰਾਮ ਸਿੰਘ ਚਾਹਲ ਅਤੇ ਦੇਵਨੀਤ ਦੀ ਯਾਦ ਵਿੱਚ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਸਿੱਖਿਆ ਵਿਕਾਸ ਮੰਚ ਅਤੇ ਨੈਸ਼ਨਲ ਬੁੱਕ ਟਰੱਸਟ ਦਿੱਲੀ ਦੇ ਸਹਿਯੋਗ ਨਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਆਪਣੀਆਂ ਕਵਿਤਾਵਾਂ ਪੜਦਿਆਂ ਕਵੀਆਂ ਨੇ ਕੁਦਰਤ, ਸਮਾਜ ਅਤੇ ਆਪਣੇ ਸਵੈ ਨਾਲ ਜੁੜੀਆਂ ਸਾਂਝਾਂ ਨੂੰ ਵਿਅਕਤ ਕੀਤਾ।ਵੱਖ-ਵੱਖ ਪੰਜਾਬੀ ਕਵੀਆਂ ਨੇ ਆਪਣੇ ਸਮੇਂ ਦੇ ਭੱਖਦੇ ਮਸਲਿਆਂ ਨੂੰ ਚਿੰਤਨ, ਸ਼ਾਇਰੀ ਅਤੇ ਆਪਣੇ ਸਮੇਂ ਦੇ ਫ਼ਿਕਰਾਂ ਨਾਲ ਜੋੜਿਆਂ ਕਲਾ ਸਹਿਤ ਅਤੇ ਲੋਕਾਂ ਨਾਲ ਪ੍ਰਤੀਬੱਧਤਾ ਜ਼ਾਹਿਰ ਕੀਤੀ
ਪੰਜਾਬੀ ਅਕਾਦਮੀ ਦਿੱਲੀ ਦੇ ਪ੍ਰਧਾਨ ਗੁਰਭੇਜ ਸਿੰਘ ਗੁਰਾਇਆ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਇਸ ਕਵੀ ਦਰਬਾਰ ਵਿੱਚ ਪ੍ਰਬੁੱਧ ਪੰਜਾਬੀ ਚਿੰਤਕ ਅਤੇ ਸ਼ਾਇਰ ਮਨਮੋਹਨ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਯਾਦਵਿੰਦਰ ਸਿੰਘ, ਯੂਨੀਵਰਸਿਟੀ ਕਾਲਜ ਮਾਨਸਾ ਦੇ ਪ੍ਰਿੰਸੀਪਲ ਮੈਡਮ ਬਰਿੰਦਰ ਕੌਰ ਨੇ ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦਾ ਸਾਥ ਦਿੱਤਾ।
ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸ਼੍ਰੀ ਵਿਜੈ ਕੁਮਾਰ ਸਿੰਗਲਾ ਸਨ।ਸਿੰਗਲਾ ਨੇ ਸਿਖਿਆ ਵਿਕਾਸ ਮੰਚ ਵਲੋਂ ਸਕੂਲਾਂ ਅਤੇ ਪਿੰਡਾਂ ਵਿਚ ਖੋਲ੍ਹੀਆਂ ਜਾ ਰਹੀਆਂ ਲਾਇਬ੍ਰੇਰੀਆਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਨੈਸ਼ਨਲ ਬੁੱਕ ਟਰੱਸਟ ਦੇ ਪੰਜਾਬੀ ਸੈਕਸ਼ਨ ਦੇ ਉਪ ਸੰਪਾਦਕ ਮੈਡਮ ਨਵਜੋਤ ਕੌਰ ਨੇ ਮੰਚ ਤੋਂ ਸੁਨੇਹਾ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਉਸਾਰੂ ਕਦਰਾਂ ਕੀਮਤਾਂ ਦੇ ਪ੍ਰਚਾਰ ਲਈ ਪੁਸਤਕਾਂ ਦਾ ਬਹੁਤ ਮਹੱਤਵ ਹੈ ਉਨ੍ਹਾਂ ਨੇ ਸੱਦਾ ਦਿੱਤਾ ਕਿ 13 ਅਕਤੂਬਰ ਤੋਂ 18 ਅਕਤੂਬਰ ਤੱਕ ਚੱਲਣ ਵਾਲੇ ਪੁਸਤਕ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ `ਚ ਸਥਾਨਕ ਲੋਕ ਅਤੇ ਵਿਦਿਆਰਥੀ ਪਹੁੰਚਣ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਪੁਸਤਕਾਂ ਦੀ ਖਰੀਦ ਵਿਚ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ।
ਕਵੀ ਦਰਬਾਰ ਦੀ ਸ਼ੁਰੂਆਤ ਤਨਵੀਰ ਦੀਆਂ ਕਵਿਤਾਵਾਂ ਨਾਲ਼ ਕੀਤੀ ਗ਼ਈ ।ਉਸ ਤੋਂ ਬਾਅਦ ਪੰਜਾਬੀ ਮੈਗਜ਼ੀਨ ਹੁਣ ਦੇ ਸੰਪਾਦਕ ਸੁਸ਼ੀਲ ਦੁਸਾਂਝ, ਜਗਦੀਪ ਸਿੱਧੂ, ਦਰਸ਼ਨ ਬੁੱਟਰ, ਸੁਖਵਿੰਦਰ ਅੰਮ੍ਰਿਤ, ਰਾਜਵਿੰਦਰ ਮੀਰ, ਸੰਦੀਪ ਸਿੰਘ, ਵਿਜੇ ਵਿਵੇਕ, ਗੁਰਪ੍ਰੀਤ ਅਤੇ ਮਨਮੋਹਨ ਨੇ ਕਵਿਤਾਵਾਂ ਪੜ੍ਹੀਆਂ।ਮੰਚ ਸੰਚਾਲਨ ਪ੍ਰਸਿੱਧ ਸ਼ਾਇਰ ਗੁਰਪ੍ਰੀਤ ਨੇ ਕੀਤਾ।
ਇਸ ਮੌਕੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ, ਮੈਡਮ ਗੁਰਪ੍ਰੀਤ ਕੌਰ, ਡਾਕਟਰ ਬੂਟਾ ਸਿੰਘ, ਮੈਡਮ ਗੁਰਪ੍ਰੀਤ ਕੌਰ ਚਹਿਲ, ਭੁਪਿੰਦਰ ਸਿੰਘ ਤੱਗੜ, ਸੁਰਿੰਦਰ ਕੌਰ ਨੇ ਕਿਹਾ ਕਿ ਭਵਿੱਖ `ਚ ਵੀ ਅਜਿਹੀਆਂ ਸਰਗਰਮੀਆਂ ਜਾਰੀ ਰੱਖੀਆਂ ਜਾਣਗੀਆਂ।
ਇਸ ਮੌਕੇ ਨਾਟਕਕਾਰ ਬਲਰਾਜ ਮਾਨ, ਰਾਜ ਜੋਸ਼ੀ, ਹਰਿੰਦਰ ਮਾਨਸ਼ਾਹੀਆ, ਸਰਬਜੀਤ ਕੌਸ਼ਲ, ਗੁਰਦੀਪ ਸਿੱਧੂ, ਅਮਨਦੀਪ ਸਿੰਘ, ਗੁਰਮੇਲ ਜੋਸ਼ੀ, ਜਸਵਿੰਦਰ ਸੱਗੂ, ਗੁਰਲਾਭ ਸਿੰਘ, ਅਕਬਰ ਸਿੰਘ ਬੱਪੀਆਣਾ, ਜਸਵਿੰਦਰ ਚੰਨੀ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media