ਹਰੇਕ ਟਰੈਵਲ ਏਜੰਟ ਲਈ ਲਾਇਸੈਂਸ ਲੈਣਾ ਜਰੂਰੀ, ਫਰਜ਼ੀ ਟਰੈਵਲ ਏਜੰਟਾਂ `ਤੇ ਕੱਸਿਆ ਜਾਵੇਗਾ ਸਿੰਕਜ਼ਾ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਧੀਕ ਜਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਅਗਰਵਾਲ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਰਣਜੀਤ ਐਵੀਨਿਊ ਵਿਖੇ ਚੱਲ ਰਹੇ ਰਜਿਸਟਰਡ, ਅਣ-ਰਜਿਸਟਰਡ, ਅਣਅਧਿਕਾਰਤ ਕੰਮ ਕਰ ਰਹੇ ਟਰੈਵਲ ਏਜੰਟਾਂ/ਕੰਸਲਟੈਂਟਾਂ/ਆਈਲੈਟਸ ਸੈਂਟਰਾਂ/ਟਿਕਟਿੰਗ /ਜਨਰਲ ਸੇਜਲ ਏਜੰਟਾਂ ਦੀ ਚੈਕਿੰਗ ਕੀਤੀ ਗਈ।ਹਿਮਾਂਸ਼ੂ ਅਗਰਵਾਲ ਨੇ ਕੈਮਬਿ੍ਰਜ ਇੰਟਨਰਨੈਸ਼ਨਲ ਅਕੈਡਮੀ, ਜੈਸਨ ਇੰਮੀਗ੍ਰੇਸ਼ਨ, ਪਿਰਾਮਿਡ ਅਤੇ ਸੇਖੜੀ ਕੰਸਲਟੈਂਟ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਮਾਰਕਿਟ ਵਿੱਚ ਲੱਗੇ ਨਜਾਇਜ਼ ਹੋਰਡਿੰਗਜ਼ ਅਤੇ ਬੋਰਡ ਉਤਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਚਾਰ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਸੀ। ਜਿਨ੍ਹਾਂ ਵਿੱਚ ਤਿੰਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ 10 ਦਿਨਾਂ ਦੇ ਅੰਦਰ-ਅੰਦਰ ਆਪਣਾ ਜਵਾਬ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ।
ਵਧੀਕ ਜਿਲ੍ਹਾ ਮੈਜਿਸਟਰੇਟ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਨੁੱਖੀ ਤੱਸਕਰੀ ਰੋਕਣ ਲਈ ਪੰਜਾਬ ਟਰੈਵਲ ਵੱਲੋਂ ਮਨੁੱਖੀ ਤਸਕਰੀ ਰੋਕਣ ਲਈ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਟਰੈਵਲ ਏਜੰਟਾਂ ਅਤੇ ਆਈਲੈਟਸ ਕੋਚਿੰਗ ਇੰਸਟੀਚਿਉਟਾਂ ਲਈ ਲਾਈਸੈਂਸ ਲੈਣਾ ਲਾਜ਼ਮੀ ਕੀਤਾ ਹੈ।ਲਾਇਸੈਂਸ ਨਾ ਲੈਣ ਵਾਲੇ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਸਖਤ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਟਰੈਵਲ ਏਜੰਟ, ਸਲਾਹਕਾਰ ਏਜੰਸੀ ਅਤੇ ਆਈਲੈਟ ਕੋਚਿੰਗ ਕਰਵਾਉਣ ਵਾਲਿਆਂ ਲਈ ਲਾਇਸੈਂਸ ਲੈਣਾ ਜਰੂਰੀ ਹੈ ਅਤੇ ਇਸ ਲਾਇਸੈਂਸ ਦਾ ਨੰਬਰ ਆਪਣੇ ਦਫਤਰ ਦੇ ਬੋਰਡਾਂ, ਇਸ਼ਤਿਹਾਰਾਂ `ਤੇ ਡਿਸਪਲੇਅ ਕਰਨਾ ਜਰੂਰੀ ਹੈ।
ਅਗਰਵਾਲ ਨੇ ਟਰੈਵਲ ਏਜੰਟ, ਸਲਾਹਕਾਰ ਏਜੰਸੀ ਅਤੇ ਆਈਲੈਟ ਕੋਚਿੰਗ ਕਰਵਾਉਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਲਾਇਸੈਂਸ ਜਰੂਰ ਲੈਣ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਅਫਸਰਾਂ ਨੂੰ ਕਿਹਾ ਕਿ ਉਹ ਖੁੱਦ ਜਾ ਕੇ ਇਨ੍ਹਾਂ ਟਰੈਵਲ ਏਜੰਟਾਂ ਦੀ ਜਾਚ ਕਰਨ ਅਤੇ ਜਿਸ ਕੋਲ ਲਾਇਸੈਂਸ ਨਾ ਹੋਵੇ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਵਧੀਕ ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਹ ਕਾਨੂੰਨ ਵਿਦੇਸ਼ ਭੇਜਣ ਦੇ ਨਾਮ `ਤੇ ਭੋਲੇ ਭਾਲੇ ਲੋਕਾਂ ਨਾਲ ਹੁੰਦੀਆਂ ਧੋਖਾ-ਧੜੀਆਂ ਨੂੰ ਰੋਕਣ ਲਈ ਬਣਾਇਆ ਗਿਆ ਹੈ।ਉਨ੍ਹਾਂ ਨੇ ਸਮੂਹ ਜਿਲ੍ਹਾ ਵਾਸੀਆਂ ਨੁੂੰ ਅਪੀਲ ਕੀਤੀ ਕਿ ਉਹ ਮਾਨਤਾ ਪ੍ਰਾਪਤ ਲਾਇਸੈਂਸ ਧਾਰਕਾਂ ਦੀਆਂ ਸੇਵਾਵਾਂ ਹੀ ਲੈਣ ਤਾਂ ਜੋ ਧੋਖਾ ਧੜੀਆਂ ਤੋਂ ਬਚਿਆ ਜਾ ਸਕੇ।
Punjab Post Daily Online Newspaper & Print Media