Wednesday, March 18, 2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਵੀਰਵਾਰ ਤੇ ਮੁੱਖ ਸਮਾਗਮ ਸ਼ੁਕਰਵਾਰ

ਨਵੀ ਦਿੱਲੀ, 20, ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ paramjeet-singh-rana-1ਮਨਾਉਣ ਲਈ 22 ਅਤੇ 23 ਨਵੰਬਰ (7 ਅਤੇ 8 ਮੱਘਰ, ਸੰਮਤ ਨਾਨਕਸ਼ਾਹੀ 550) ਵੀਰਵਾਰ ਅਤੇ ਸ਼ੁਕਰਵਾਰ, ਦਾ ਦੋ-ਦਿਨਾ ਪ੍ਰੋਗਰਾਮ ਉਲੀਕਿਆ ਗਿਆ ਹੈ।ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਵੀਰਵਾਰ 22 ਨਵੰਬਰ (7 ਮੱਘਰ) ਸਵੇਰੇ 10 ਵੱਜੇ ਲਾਲ ਕਿਲ੍ਹਾ ਗ੍ਰਾਉਂਡ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਅਰੰਭ ਹੋਵੇਗਾ, ਜੋ ਦਿੱਲੀ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਰਾਤ ਦੇਰ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਸਮਾਪਤ ਹੋਵੇਗਾ।ਉਨ੍ਹਾਂ ਦਸਿਆ ਕਿ ਇਸ ਨਗਰ ਕੀਰਤਨ ਵਿੱਚ ਰਣਜੀਤ ਨਗਾਰਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੋਂ ਪਿੱਛੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਦੇ ਬਾਵਰਦੀ ਬੈਂਡ, ਸ਼ਬਦੀ ਜੱਥੇ, ਗਤਕਾ ਪਾਰਟੀਆਂ ਅਤੇ ਸੰਗਤਾਂ ਪੈਦਲ ਸ਼ਾਮਲ ਹੋ ਨਗਰ ਕੀਰਤਨ ਦੀ ਸ਼ੋਭਾ ਵਧਾਣਗੀਆਂ।
ਰਾਣਾ ਨੇ ਦਸਿਆ ਕਿ ਵੀਰਵਾਰ 22 ਨਵੰਬਰ (7 ਮੱਘਰ) ਸਵੇਰੇ 5 ਵਜੇ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਸ਼ਾਮ 5 ਵਜੇ ਤੋਂ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਣਗੇ। ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਗੁ. ਸੀਸਗੰਜ ਸਾਹਿਬ ਹੋ ਰਹੇ ਸਮਾਗਮ ਦਾ ਸਿੱਧਾ ਪ੍ਰਸਾਰਣ ਵੈੱਬਸਾਈਟ ਰਾਹੀਂ ਕੀਤਾ ਜਾਵੇਗਾ।
ਰਾਣਾ ਪਰਮਜੀਤ ਸਿੰਘ ਨੇ ਹੋਰ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਰਾਤ ਦੇਰ ਤਕ ਹੋਣ ਵਾਲਾ ਮੁੱਖ ਸਮਾਗਮ ਸ਼ੁਕਰਵਾਰ 23 ਨਵੰਬਰ (8 ਮੱਘਰ) ਗੁ. ਰਕਾਬ ਗੰਜ ਸਾਹਿਬ ਦੇ ਲਖੀਸ਼ਾਹ ਵਣਜਾਰਾ ਹਾਲ ਵਿਖੇ ਹੋਵੇਗਾ।ਜਿਸ ਦੀ ਅਰੰਭਤਾ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਵੇਗੀ। ਆਸਾ ਦੀ ਵਾਰ ਦਾ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਮਨੋਹਰ ਸਿੰਘ ਗੁਰਵਿੰਦਰ ਸਿੰਘ ਦਾ ਰਾਗੀ ਜੱਥਾ ਕਰੇਗਾ ਅਤੇ ਭਾਈ ਗੁਰਨਾਮ ਸਿੰਘ (ਹਜ਼ੂਰੀ ਕੀਰਤਨੀਏ ਗੁ. ਸੀਸਗੰਜ ਸਾਹਿਬ) ਕੀਰਤਨ ਕਰਨਗੇ, ਉਪਰੰਤ 9.15 ਤੋਂ 10.15 ਵਜੇ ਤਕ ਭਾਈ ਜਸਬੀਰ ਸਿੰਘ (ਪਾਉਂਟਾ ਸਾਹਿਬ) ਕੀਰਤਨ ਕਰਨਗੇ, ਜਿਸਦਾ ਸਿੱਧਾ ਪ੍ਰਸਾਰਣ ਆਲ ਇੰਡਿਆ ਰੇਡਿਉ ਤੋਂ ਹੋਵੇਗਾ। ਇਸ ਤੋਂ ਬਾਅਦ ਬਾਬਾ ਬੰਤਾ ਸਿੰਘ (ਮੁੰਡਾ ਪਿੰਡ) ਗੁਰਸ਼ਬਦ ਦੀ ਕਥਾ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਣਗੇ।ਸਮਾਗਮ ਵਿੱਚ ਪੰਥ ਪ੍ਰਵਾਨਤ ਪ੍ਰਸਿੱਧ ਕੀਰਤਨੀ ਜਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਅਤੇ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਗੁਰੂ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਪੁਰ ਅਧਾਰਤ ਆਪਣੀਆਂ ਸੱਜਰੀਆਂ ਕਾਵਿ ਰਚਨਾਵਾਂ ਪੇਸ਼ ਕਰਨਗੇ।ਦੁਪਹਿਰ ਬਾਅਦ ਪੰਥਕ ਆਗੂ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ, ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ।ਸੇਵਾ ਪੰਥੀ ਬਾਬਾ ਬਚਨ ਸਿੰਘ ਸੰਗਤਾਂ ਨੂੰ ਨਾਮ ਸਿਮਰਨ ਕਰਵਾਉਣਗੇ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2.30 ਤੇ ਰਾਤ 9 ਵਜੇ ਤੋਂ ਸਮਾਪਤੀ ਤੱਕ ਹੋਵੇਗਾ। ਰਾਣਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਇਤਿਹਾਸਕ ਗੁਰਦੁਆਰਿਆਂ `ਚ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਹੋਵੇਗੀ।    

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply