ਨਵੀਂ ਦਿੱਲੀ, 6 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤਿ੍ਰੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਕਮੇਟੀ ਦੇ ਨਵੇਂ ਅਹੁੱਦੇਦਾਰਾਂ ਦੀ ਚੋਣ ਲਈ ਦਸੰਬਰ 2018 ਦੇ ਆਖਿਰੀ ਹਫਤੇ ’ਚ ਜਰਨਲ ਹਾਊਸ ਬੁਲਾਉਣ ਦਾ ਫੈਸਲਾ ਲਿਆ ਗਿਆ।ਕਮੇਟੀ ਦਫਤਰ ਵਿਖੇ ਹੋਈ 5 ਕਮੇਟੀ ਅਹੁੱਦੇਦਾਰਾਂ ਅਤੇ 10 ਅਤਿ੍ਰੰਗ ਬੋਰਡ ਮੈਂਬਰਾਂ ਦੀ ਇਕੱਤ੍ਰਤਾ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਨਗਰ ਕੀਰਤਨ ਲੈ ਜਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ’ਤੇ ਲਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ 29 ਮਾਰਚ 2019 ਨੂੰ ਹੋਣ ਵਾਲੇ ਜਰਨਲ ਹਾਊਸ ਨੂੰ ਪਹਿਲਾ ਬੁਲਾਉਣ ਦੀ ਤਜ਼ਵੀਜ਼ ਦਿੱਤੀ। ਤਾਂ ਜੋ ਨਵੇਂ ਅਹੁੱਦੇਦਾਰਾਂ ਵੱਲੋਂ ਨਵੀਂ ਜਾਂਚ ਕਮੇਟੀ ਬਣਾ ਕੇ ਪੁਰਾਣੇ ਅਹੁੱਦੇਦਾਰਾਂ ’ਤੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਹੋ ਸਕੇ। ਜਿਸ ਨੂੰ ਅਤ੍ਰਿੰਗ ਬੋਰਡ ਨੇ ਪ੍ਰਵਾਨਗੀ ਦਿੰਦੇ ਹੋਏ 21 ਦਿਨਾਂ ਦੇ ਨੋਟਿਸ ਪੀਰਿਅਡ ਦੇ ਆਧਾਰ ’ਤੇ 27 ਤੋਂ 29 ਦਸੰਬਰ ਦੇ ਵਿੱਚਕਾਰ ਜਰਨਲ ਹਾਊਸ ਨੂੰ ਬੁਲਾਉਣ ਦੀ ਮਨਜੂਰੀ ਗੁਰਦੁਆਰਾ ਚੋਣ ਡਾਇਰੈਕਟਰ ਪਾਸੋਂ ਲੈਣ ਲਈ ਪੱਤਰ ਭੇਜਣ ਦੀ ਗੱਲ ਕਹੀ।
ਅਤ੍ਰਿੰਗ ਬੋਰਡ ਦੀ ਮੀਟਿੰਗ ਉਪਰੰਤ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਵੇਂ ਅਹੁੱਦੇਦਾਰਾਂ ਦੀ ਚੋਣ ਲਈ 3 ਮਹੀਨੇ ਪਹਿਲੇ ਜਨਰਲ ਹਾਊਸ ਬੁਲਾਉਣ ਦਾ ਅਤ੍ਰਿੰਗ ਬੋਰਡ ਨੇ ਮਤਾ ਪਾਸ ਕੀਤਾ ਹੈ।ਜੀ.ਕੇ ਨੇ ਕਿਹਾ ਕਿ ਧਾਰਮਿਕ ਸਿਆਸਤ ’ਚ ਐਫ.ਆਈ.ਆਰ ਹੋਣ ਦੇ ਬਾਵਜ਼ੂਦ ਵੀ ਕਦੇ ਅਹੁੱਦੇਦਾਰਾਂ ਨੇ ਆਪਣੇ ਆਹੁੱਦੇ ਨਹੀਂ ਛੱਡੇ ਸੀ।ਪਰ ਅਸੀਂ ਸੰਗਤ ਨੂੰ ਜਵਾਬਦੇਹ ਹਾਂ, ਇਸ ਲਈ ਲਗ ਰਹੇ ਦੋਸ਼ਾਂ ਦੀ ਨਿਰਪੱਖ ਜਾਂਚ ਲਈ ਅਸੀਂ ਨਵੇਂ ਜਰਨਲ ਹਾਊਸ ਦਾ ਗਠਨ 3 ਮਹੀਨੇ ਪਹਿਲੇ ਕਰਾਉਣ ਦਾ ਫੈਸਲਾ ਲਿਆ ਹੈ।ਤਾਂ ਕਿ ਨਵੀਂ ਕਮੇਟੀ ਮਾਮਲੇ ਦੀ ਨਿਰਪੱਖ ਜਾਂਚ ਕਰ ਸਕੇ।
ਜੀ.ਕੇ ਨੇ ਅਤਿ੍ਰੰਗ ਬੋਰਡ ਦੇ ਮੈਬਰਾਂ ਵੱਲੋਂ ਇਸ ਸਬੰਧੀ ਲਏ ਗਏ ਫੈਸਲੇ ਨੂੰ ਫਰਾਖ ਦਿਲੀ ਨਾਲ ਲਿਆ ਗਿਆ ਫੈਸਲਾ ਦੱਸਦੇ ਹੋਏ ਅੱਜ ਦੇ ਫੈਸਲੇ ਨਾਲ ਧਾਰਮਿਕ ਸਿਆਸਤ ’ਚ ਨਵਾਂ ਉਦਾਹਰਣ ਸਥਾਪਿਤ ਹੋਣ ਦਾ ਦਾਅਵਾ ਕੀਤਾ। ਜੀ.ਕੇ ਨੇ ਕਿਹਾ ਕਿ ਅਫਵਾਹਾਂ ਅਤੇ ਆਰੋਪ ਕਿਸੇ ਵੀ ਧਾਰਮਿਕ ਸੰਸਥਾਂ ’ਤੇ ਲਗਣੇ ਠੀਕ ਨਹੀਂ ਹੁੰਦੇ। ਇਸ ਲਈ ਪਾਰਟੀ ਹਾਈਕਮਾਨ ਨੂੰ ਵਿਸ਼ਵਾਸ ’ਚ ਲੈ ਕੇ ਇਹ ਫੈਸਲਾ ਲਿਆ ਗਿਆ ਹੈ।ਕਿਊਂਕਿ ਅਸੀਂ ਕੁਰਸੀ ’ਤੇ ਬੈਠ ਕੇ ਵਿਰੋਧੀਆਂ ਦੇ ਇਸ ਇਲਜ਼ਾਮ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਸੱਚ ਸਾਹਮਣੇ ਆਉਣ ’ਚ ਰੁਕਾਵਟ ਪੈਦਾ ਕਰ ਰਹੇ ਹਾਂ।
ਸਿਰਸਾ ਨੇ ਕਿਹਾ ਕਿ ਨਵੇਂ ਜਨਰਲ ਹਾਊਸ ਨੂੰ 3 ਮਹੀਨੇ ਪਹਿਲੇ ਸੱਦਣ ਦੇ ਸੂਝਾਵ ’ਤੇ ਅਤਿ੍ਰੰਗ ਬੋਰਡ ਨੇ ਜੋ ਮੁਹਰ ਲਗਾਈ ਹੈ।ਉਸ ਨੂੰ ਅਗਲੀ ਮਨਜੂਰੀ ਲਈ ਅਸੀਂ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਭੇਜ ਰਹੇ ਹਾਂ। ਡਾਇਰੈਕਟਰ ਦੀ ਸੁਵੀਧਾ ਅਤੇ ਐਕਟ ਦੇ ਹਿਸਾਬ ਨਾਲ ਅਗਲਾ ਜਨਰਲ ਹਾਊਸ ਹੋਵੇਗਾ।
ਪੱਤਰਕਾਰਾਂ ਵੱਲੋਂ ਮੌਜੂਦਾ ਕਮੇਟੀ ਦੇ ਹੁਣ ਕਾਰਜਕਾਰੀ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਸਿਰਸਾ ਨੇ ਕਿਹਾ ਕਿ ਮੌਜੂਦਾ ਕਮੇਟੀ ਕਿਸੇ ਵੀ ਹਾਲਾਤ ’ਚ ਕਾਰਜਕਾਰੀ ਨਹੀਂ ਹੈ। ਆਮ ਚੋਣਾਂ ਦੇ ਐਲਾਨ ਉਪਰੰਤ ਚੋਣ ਜ਼ਾਬਤਾ ਲੱਗਣ ਵੇਲੇ ਹੀ ਕਮੇਟੀ ਨੂੰ ਕਾਰਜਕਾਰੀ ਮੰਨਿਆ ਜਾਂਦਾ ਹੈ।ਨਵੀਂ ਕਮੇਟੀ ਦੀ ਚੋਣ ਤਕ ਸਾਡਾ ਕਾਰਜਕਾਲ ਪੂਰਾ ਸ਼ਕਤੀ ਵਾਲਾ ਹੈ, ਕਿਊਂਕਿ ਅਤਿ੍ਰੰਗ ਬੋਰਡ ਚੋਣ ਦੀ ਇਹ ਪੁਰਾਣੀ ਸਥਾਪਿਤ ਪਰੰਪਰਾ ਹੈ।
ਸਿਰਸਾ ਨੇ ਕਮੇਟੀ ’ਚ ਤਾਕਤਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਸਾਫ਼ ਕੀਤਾ ਕਿ ਸਾਡਾ ਆਪਸੀ ਕੋਈ ਟਕਰਾਓ ਜਾਂ ਖਿਚੋਤਾਣ ਨਹੀਂ ਹੈ। ਅਸੀਂ ਪਿੱਛਲੇ 6 ਸਾਲ ਤੋਂ ਮਿਲ ਕੇ ਵੱਡੀਆ ਸੇਵਾਵਾਂ ਕੀਤੀਆਂ ਹਨ।ਉਹ ਧਰਮ ਦੀ ਸੇਵਾ ਲਈ ਇੱਥੇ ਆਏ ਹਨ ਨਾ ਕਿ ਆਪਣੇ ਅਹੰਕਾਰ ਨੂੰ ਪੱਠੇ ਪਾਉਣ ਵਾਸਤੇ। ਇਸ ਲਈ ਅੱਜ ਵੀ ਇੱਕਜੁਟ ਹਨ, ਇਸ ਕਰਕੇ ਟਕਰਾਓ ਸ਼ਬਦ ਦੀ ਵਰਤੋਂ ਠੀਕ ਨਹੀਂ ਹੈ।
ਜੀ.ਕੇ ਨੇ ਨਵੇਂ ਪ੍ਰਧਾਨ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ ਕਿ ਨਵਾਂ ਪ੍ਰਧਾਨ ਕਮੇਟੀ ਮੈਂਬਰਾਂ ਦੀ ਪਸੰਦ ਅਤੇ ਹਾਈਕਮਾਨ ਦੀ ਮਨਜੂਰੀ ਨਾਲ ਤੈਅ ਹੋਵੇਗਾ।ਅਸੀਂ ਆਪਣੇ ਉਪਰ ਲਗੇ ਆਰੋਪਾਂ ਨੂੰ ਦੇਖਦੇ ਹੋਏ ਪਿੱਛੇ ਹੱਟ ਕੇ ਨੈਤਿਕਤਾ ਦੀ ਨਵੀਂ ਮਿਸਾਲ ਕਾਇਮ ਕਰਨ ਦਾ ਫੈਸਲਾ ਲਿਆ ਹੈ।ਨਾਲ ਹੀ ਅਤਿ੍ਰੰਗ ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਅਤਿ੍ਰੰਗ ਬੋਰਡ ਤੋਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਗਿਆ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media