ਨਾਦ ਪ੍ਰਗਾਸੁ ਵੱਲੋਂ ਭਾਈ ਵੀਰ ਸਿੰਘ ਜੀ ਦੇ ਜਨਮ ਦਿਵਸ ‘ਤੇ ਵਿਸ਼ੇਸ਼ ਸੈਮੀਨਾਰ
ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅਕਾਦਮਿਕ ਖੋਜ ਖੇਤਰ ਵਿਚ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਵੱਲੋਂ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਭਾਈ ਵੀਰ ਸਿੰਘ ਜੀ ਦੇ ਜਨਮ ਦਿਵਸ ‘ਤੇ ਆਯੋਜਿਤ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫੈਸਰ, ਡਾ. ਧਰਮ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੀ ਸਾਹਿਤ, ਚਿੰਤਨ ਅਤੇ ਇਤਿਹਾਸਕਾਰੀ ਦੇ ਮੌਲਿਕ ਮਾਡਲ ਦਾ ਅਜੇ ਤਕ ਬਹੁਪੱਖੀ ਵਿਸ਼ਲੇਸ਼ਣ ਨਹੀਂ ਹੋਇਆ ਹੈ।ਇਸ ਨੂੰ ਇਕ ਖ਼ਾਸ ਨਜ਼ਰੀਏ ਅਤੇ ਇਕਹਿਰੇ ਮਾਪਦੰਡਾਂ ਰਾਹੀਂ ਹੀ ਵਾਚਿਆ ਗਿਆ ਹੈ।ਸਾਡੀ ਅਕਾਦਮਿਕਤਾ ਨੂੰ ਭਾਈ ਵੀਰ ਸਿੰਘ ਦੁਆਰਾ ਸਿਰਜੇ ਸਾਹਿਤ ਨੂੰ ਬਹੁ-ਪਰਿਪੇਖੀ ਦ੍ਰਿਸ਼ਟੀਕੋਣਾਂ ਅਤੇ ਖੋਜ ਦੀ ਨੈਤਿਕਤਾ ਬਰਕਰਾਰ ਰੱਖਦੇ ਹੋਏ ਵਿਸ਼ਲੇਸ਼ਣ ਕਰਨ ਦੀ ਲੋੜ ਹੈ। 
ਪ੍ਰੋ. ਧਰਮ ਸਿੰਘ ਨੇ ਕਿਹਾ ਕਿ ਕਾਲਵੰਡ ਅਨੁਸਾਰ ਭਾਈ ਗੁਰਦਾਸ ਜੀ ਸਤਾਰਵੀਂ ਸਦੀ ਦੇ, ਭਾਈ ਮਨੀ ਸਿੰਘ ਅਠ੍ਹਾਰਵੀਂ ਸਦੀ ਦੇ, ਕਵੀ ਭਾਈ ਸੰਤੋਖ ਸਿੰਘ ਉਨਵੀਂ ਸਦੀ ਦੇ ਅਤੇ ਭਾਈ ਵੀਰ ਸਿੰਘ ਵੀਹਵੀਂ ਸਦੀ ਦੇ ਸਿੱਖ ਵਿਦਵਾਨ ਹਨ, ਜਿਨ੍ਹਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਕਿਹਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਸਭਿਆਚਾਰ ਵਿਚਲੀ ਅਰਾਜਿਕ ਮਾਨਸਿਕਤਾ ਦੇ ਆਪਹੁਦਰੇਪਨ ਨੇ ਭਾਈ ਵੀਰ ਸਿੰਘ ਚਿੰਤਨ ਨੂੰ ਇਕ ਸੀਮਤ ਘੇਰੇ ਵਿਚ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਅਕਾਦਮਿਕਤਾ ਨੂੰ ਅਜਿਹੇ ਮਾਨਸਿਕ ਉਲਾਰਾਂ ਦੇ ਵਿਸ਼ਲੇਸ਼ਣ ਨੂੰ ਵੀ ਖੋਜ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਮੌਜੂਦਾ ਅਕਾਦਮਿਕ ਵਿਹਾਰ ਕੈਰੀਅਰ ਬਣਾਉਣ ਤੱਕ ਸੀਮਤ ਹੈ ਨਾ ਕਿ ਖੋਜ/ਵਿਦਵਤਾ ਦੇ ਆਦਰਸ਼ ਹਾਸਿਲ ਕਰਨ `ਚ।
ਮੁੱਖ ਮਹਿਮਾਨ ਵਜੋਂ ਪਹੁੰਚੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਤੋਂ ਸਾਬਕਾ ਪ੍ਰੋਫੈਸਰ ਪ੍ਰੋ. ਜੋਗਿੰਦਰ ਸਿੰਘ ਜੋਗੀ ਨੇ ਕਿਹਾ ਕਿ ਨਾਦ ਪ੍ਰਗਾਸੁ ਵੱਲੋਂ ਕਰਵਾਇਆ ਇਹ ਵਿਸ਼ੇਸ਼ ਸਮਾਗਮ ਭਾਈ ਵੀਰ ਸਿੰਘ ਜੀ ਦੇ ਸਾਹਿਤ ਅਤੇ ਚਿੰਤਨ ਸਬੰਧੀ ਨਵੀਆਂ ਦਿਸ਼ਾਵਾਂ ਪ੍ਰਤੀ ਪਹੁੰਚ ਰੱਖਦਾ ਹੈ ਜੋ ਕਿ ਖੋਜਾਰਥੀਆਂ ਲਈ ਲਾਹੇਵੰਦ ਹੈ।ਇਸ ਤੋਂ ਪਹਿਲਾਂ ਸੰਸਥਾ ਦੇ ਦਮਨਜੀਤ ਸਿੰਘ ਨੇ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ ਇਸ ਸਮਾਗਮ ਵਿਚ ਪਹੁੰਚੇ ਵਿਦਵਾਨਾਂ/ਖੋਜਾਰਥੀਆਂ/ਵਿਦਿਆਰਥੀਆਂ ਨੂੰ ਸਵਾਗਤੀ ਸ਼ਬਦ ਕਹੇ।
ਸਮਾਗਮ ਮੌਕੇ ਆਪਣੇ ਮੁੱਖ ਭਾਸ਼ਣ ਵਿਚ ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ ਸ੍ਰੀਨਗਰ ਤੋਂ ਡਾ. ਹਰਪਾਲ ਸਿੰਘ ਨੇ ਕਿਹਾ ਭਾਈ ਵੀਰ ਸਿੰਘ ਦੀ ਗੁਰਬਾਣੀ ਵਿਆਖਿਆ ਵਿਚ ਸਿੱਖ ਵਿਆਖਿਆ ਸ਼ਾਸਤਰ ਦੇ ਆਧਾਰ ਸੰਮਿਲਤ ਹਨ ਜਿਨ੍ਹਾਂ ਨੂੰ ਗਿਆਨ ਮੀਮਾਂਸਕ ਪੱਖ ਤੋਂ ਸਥਾਪਤ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਨੇ ਸਿੱਖ ਇਤਿਹਾਸਕਾਰੀ ਦਾ ਮਾਡਲ ਆਪਣੇ ਚਮਤਕਾਰਾਂ ਅਤੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਮੁੱਖ ਬੰਦ ਰਾਹੀਂ ਪੇਸ਼ ਕੀਤਾ ਹੈ।ਜਿਸ ਵੱਲ ਅਜੇ ਤੱਕ ਇਤਿਹਾਸਕਾਰਾਂ ਅਤੇ ਅਕਾਦਮਿਕਤਾ ਨੇ ਖਾਸ ਧਿਆਨ ਨਹੀਂ ਦਿੱਤਾ ਹੈ।ਸਿੱਖ ਚਿੰਤਕਾਂ ਨੂੰ ਇਸ ਤੋਂ ਮਦਦ ਲੈਂਦੇ ਹੋਏ ਸਿੱਖ ਇਤਿਹਾਸਕਾਰੀ ਦਾ ਮੌਲਿਕ ਰੂਪ ਤਲਾਸ਼ਣਾ ਚਾਹੀਦਾ ਹੈ।
ਵਿਚਾਰ ਚਰਚਾ ਵਿਚ ਹਿੱਸਾ ਲੈਂਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਖੋਜਾਰਥੀ ਜਸਕੀਰਤ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਵਿਚ ਸਿੱਖ ਧਰਮ ਦੇ ਪੰਜ ਪੰਥਾਂ ਸਹਿਜਧਾਰੀ ਪੰਥ, ਉਦਾਸੀ ਪੰਥ, ਨਿਰਮਲ ਪੰਥ, ਸੇਵਾ ਪੰਥ ਅਤੇ ਖਾਲਸਾ ਪੰਥ ਦਾ ਗਿਆਨਮਈ ਸਰੂਪ ਇਕਸੁਰਤਾ ਵਿਚ ਪੇਸ਼ ਹੁੰਦਾ ਹੈ।ਫ਼ਿਲਾਸਫ਼ੀ ਵਿਭਾਗ ਦਿੱਲੀ ਯੂਨੀਵਰਸਿਟੀ ਦਿੱਲੀ ਤੋਂ ਲਖਵੀਰ ਸਿੰਘ ਨੇ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਦਾ ਦਾਰਸ਼ਿਨਕ ਅਧਿਐਨ ਕਰਨ ‘ਤੇ ਜ਼ੋਰ ਦਿੱਤਾ।ਖ਼ਾਲਸਾ ਕਾਲਜ ਤੋਂ ਖੋਜਾਰਥੀ ਗੁਰਜੰਟ ਸਿੰਘ ਨੇ ਭਾਈ ਵੀਰ ਸਿੰਘ ਦੇ ਨਾਵਲਾਂ ਉਪਰ ਹੋਏ ਸੰਕੁਚਿਤ ਅਧਿਐਨ ਅਤੇ ਇਸ ਤੋਂ ਉਪਜੀਆਂ ਇਕਹਿਰੀਆਂ ਧਾਰਨਾਵਾਂ ਬਾਰੇ ਬੋਲਦਿਆਂ ਕਿਹਾ ਕਿ ਭਾਈ ਵੀਰ ਸਿੰਘ ਦੇ ਨਾਵਲਾਂ ਨੂੰ ਉਨ੍ਹਾਂ ਦੀ ਸਿਰਜਣ ਵਿਧੀ ਦੁਆਰਾ ਉਸਦੇ ਪਾਸਾਰਾਂ ਨੂੰ ਸਮਝਣ ਦੀ ਬਜਾਇ ਬਾਹਰਮੁਖੀ ਹਵਾਲਿਆਂ ਦੁਆਰਾ ਕਾਲ ਵਿਸ਼ੇਸ਼ ਪ੍ਰਸਥਿਤੀਆਂ ਦੀ ਸੰਦਰਭ ਵਸਤੂ ਬਣਾ ਕੇ ਵਿਆਖਿਆਇਆ ਗਿਆ ਹੈ।ਡਾ. ਰਣਜੀਤ ਕੌਰ ਨੇ ਭਾਈ ਵੀਰ ਸਿੰਘ ਦੇ ਪਰਿਵਾਰਕ ਜੀਵਨ ਬਾਰੇ ਵਿਚਾਰ ਪੇਸ਼ ਕੀਤੇ।ਖਾਲਸਾ ਕਾਲਜ ਤੋਂ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੱਛਮੀ ਕਾਵਿ ਪਰੰਪਰਾ ਦੇ ਕਲਾਸੀਕਲ ਅਤੇ ਰੁਮਾਂਟਿਕ ਕਾਵਿ ਪਰੰਪਰਾਵਾਂ ਦੇ ਸੰਵਾਦ ਭਾਈ ਵੀਰ ਸਿੰਘ ਦੀਆਂ ਲਿਖਤਾਂ ਵਿਚ ਨਵੇਂ ਰਚਨਾਤਮਿਕ ਪਾਸਾਰਾਂ ਰਾਹੀਂ ਪੂਰਨ ਹੁੰਦੇ ਹਨ।ਮਹਿਕਦੀਪ ਸਿੰਘ ਵੱਲੋਂ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਗਾਇਨ ਵੀ ਕੀਤਾ ਗਿਆ।
ਅਖੀਰ ਵਿਚ ਧੰਨਵਾਦੀ ਮਤਾ ਪੇਸ਼ ਕਰਦਿਆਂ ਪ੍ਰੋ. ਜਗਦੀਸ਼ ਸਿੰਘ ਨੇ ਦੱਸਿਆ ਭਾਈ ਵੀਰ ਸਿੰਘ ਨੂੰ ਸੀਮਤ ਉਲਾਰੂ ਵਿਆਖਿਆਵਾਂ ਤੋਂ ਮੁਕਤ ਕਰ ਨਵੇਂ ਦ੍ਰਿਸ਼ਟੀਕੋਣ ਤੋਂ ਪਰਖਣ ਨਾਲ ਸਿੱਖ ਵਿਆਖਿਆ, ਇਤਿਹਾਸਕਾਰੀ, ਸਿੱਖ ਕਾਵਿ-ਸਾਸ਼ਤਰ ਅਤੇ ਸਿਮਰਨ ਦੇ ਦੈਵੀ ਪਸਾਰਾਂ ਦੀ ਖੋਜ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਦੇ ਆਉਣ ਵਾਲੇ 150 ਸਾਲਾ ਜਨਮ ਦਿਵਸ ਦੀ ਹੁਣ ਤੋਂ ਹੀ ਇਸ ਦਿਸ਼ਾ ਵਿਚ ਤਿਆਰੀ ਕਰਨੀ ਚਾਹੀਦੀ ਹੈ।
ਅੱਜ ਦੇ ਇਸ ਸਮਾਗਮ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ, ਸ੍ਰੀਨਗਰ ਤੋਂ ਇਲਾਵਾ ਰਾਜ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਚਰਨਜੀਤ ਸਿੰਘ ਵੱਲੋਂ ਨਿਭਾਈ ਗਈ।
Punjab Post Daily Online Newspaper & Print Media