ਅੰਮ੍ਰਿਤਸਰ, 28 ਦਸੰਬਰ ( ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪਾਕਿਸਤਾਨੀ ਮੂਲ ਦੇ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਤੇ ਗੀਤਕਾਰ ਜਨਾਬ ਮਕਸੂਦ
ਚੌਧਰੀ ਨਾਲ ਵਿਰਸਾ ਵਿਹਾਰ ਵਿਖੇ ਰੂ-ਬ-ਰੂ ਕੀਤਾ ਗਿਆ।ਜਿਸ ਵਿਚ ਉਹਨਾਂ ਆਪਣੀ ਹਯਾਤੀ ਦੇ ਜਾਤੀ ਤੇ ਸਾਹਿਤਕ ਸਫ਼ਰ ਨੂੰ ਤਫਸੀਲ ਨਾਲ ਬਹੁਤ ਸੋਹਣੇ ਸ਼ਬਦ ਵਿੱਚ ਬਿਆਨ ਕੀਤਾ।
ਅੱਖਰ ਕਾਵਿ ਕਬੀਲਾ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕੀਤੇ ਗਏ ਇਸ ਸਮਾਗਮ ਵਿੱਚ ਜਨਾਬ ਮਕਸੂਦ ਚੌਧਰੀ ਨੇ ਕਿਹਾ ਕਿ ਉਹਨਾਂ ਦਾ ਬਚਪਨ ਪੇਂਡੂ ਧਰਾਤਲ ਵਿੱਚ ਬੀਤੇ ਹੋਣ ਕਾਰਨ ਉਹ ਪੰਜਾਬੀ ਅਦਬ ਤੇ ਪੰਜਾਬੀ ਜ਼ਿੰਦਗੀ ਨੂੰ ਬਹੁਤ ਨੇੜਿਓਂ ਜਾਣਦੇ ਹਨ ਤੇ ਆਪਣੇ ਦਿਲ ਦੀ ਆਵਾਜ਼ ਨੂੰ ਲਿਖ ਕੇ ਸਰੋਤਿਆਂ ਤੀਕ ਪੁੱਜਦਾ ਕਰਦੇ ਹਨ।ਉਹਨਾਂ ਕਿਹਾ ਕਿ 1947 ਦੀ ਵੰਡ ਨੇ ਪੰਜਾਬੀ ਵਿੱਚ ਇਕ ਵੱਡਾ ਵਖਰੇਵਾਂ ਪੇਸ਼ ਕੀਤਾ ਹੈ ਤੇ ਅਜਿਹੇ ਗੈਰ ਮਨੱਖੀ ਹਾਦਸੇ ਦੁਨੀਆਂ ਦੇ ਕਿਸੇ ਵੀ ਹਿੱਸੇ ’ਚ ਨਹੀਂ ਵਾਪਰਨੇ ਚਾਹੀਦੇ।
ਉਹਨਾਂ ਕਿਹਾ ਕਿ ਉਹ ਟੋਰਾਂਟੋਂ ਸਾਹਿਤ ਸਭਾ ਦੇ ਮੀਤ ਪ੍ਰਧਾਨ ਵਜੋਂ ਸੇਵਾ ਕਰ ਰਹੇ ਹਨ ਤੇ ਪੰਜਾਬੀ ਭਾਇਚਾਰੇ ਵਿੱਚ ਅਦਬ ਬਾਰੇ ਹੋਰਾਂ ਜੁਬਾਨਾਂ ਦੇ ਮੁਕਾਬਲੇ ਲਈ ਯਤਨਸ਼ੀਲ ਰਹਿੰਦੇ ਹਨ।ਉਹਨਾਂ ਕਿਹਾ ਕਿ ਜਿਨ੍ਹਾਂ ਵੀ ‘ਸੂਰਜ ਤੇਜ ਹੋਵੇ, ਆਖਰ ਪਰਛਾਵੇਂ ਢਲਦੇ ਨੇ, ਅਤੇ ਹਰ ਇਕ ਨੂੰ ਹਰ ਸ਼ੈਅ ਪਈ ਦਿਸਦੀ, ਹੁੰਦਾ ਫ਼ਰਕ ਨਿਗਾਵਾਂ ਦਾ..`। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਜ਼ੁਬਾਨ ਵੱਲ ਕਦੇ ਵੀ ਪਿੱਠ ਨਹੀਂ ਕਰਨੀ ਚਾਹੀਦੀ।ਇਸੇ ਵਿੱਚ ਹੀ ਸਾਡੀ ਕੌਮ ਦਾ ਭਲਾ ਹੈ।
ਇਸ ਮੌਕੇ ਪ੍ਰਿੰਸੀਪਲ ਤੇ ਟੀ.ਵੀ ਨਿਊਜ ਰੀਡਰ ਬਰਿੰਦਰ ਕੌਰ, ਲੋਕ ਗਾਇਕਾ ਗੁਰਮੀਤ ਬਾਵਾ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਰਮੇਸ਼ ਯਾਦਵ, ਡਾ. ਨਰੇਸ਼ ਕੁਮਾਰ, ਡਾ. ਬਿਕਰਮਜੀਤ ਸਿੰਘ, ਅਰਵਿੰਦਰ ਸਿੰਘ ਭੱਟੀ, ਡਾ. ਹੀਰਾ ਸਿੰਘ, ਧਰਵਿੰਦਰ ਔਲਖ, ਡਾ. ਮੋਹਨ, ਰਜਵੰਤ ਬਾਜਵਾ, ਨਰਿੰਦਰ ਸਾਂਘੀ ਸਮੇਤ ਅਦਬੀ ਹਸਤੀਆਂ ਨੇ ਸ਼ਿਰਕਤ ਕੀਤੀ।ਸਮਾਗਮ ਦੇ ਅੰਤ `ਚ ਲਾਚੀ ਬਾਵਾ ਤੇ ਗਲੋਰੀ ਬਾਵਾ ਨੇ ਖੂਬਸੂਰਤ ਗੀਤ ਪੇਸ਼ ਕੀਤਾ ਤੇ ਸਭ ਦਾ ਧੰਨਵਾਦ ਲੋਕ ਗਾਇਕਾ ਗੁਰਮੀਤ ਬਾਵਾ ਨੇ ਕੀਤਾ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media