ਬਠਿੰਡਾ, 4 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਗੁਰਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਗੁਰੂ ਗੰ੍ਰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ `ਚ ਮੁੱਖ ਗੰ੍ਰਥੀ ਭਾਈ ਜਸਵਿੰਦਰ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਆਰੰਭ ਕੀਤਾ ਗਿਆ।ਨਗਰ ਕੀਰਤਨ ਦੌਰਾਨ ਸ਼ਬਦ ਕੀਰਤਨ ਦੀ ਸੇਵਾ ਹਜ਼ੂਰੀ ਰਾਗੀ ਭਾਈ ਪਵਿੱਤਰ ਸਿੰਘ ਵਲੋਂ ਕੀਤੀ ਗਈ।ਨਗਰ ਕੀਰਤਨ ਦੀਆਂ ਸੰਗਤਾਂ ਲਈ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਥਾਂ-ਥਾਂ ’ਤੇ ਮਠਿਆਈ, ਪਕੌੜੇ ਅਤੇ ਚਾਹ, ਦੁੱਧ ਆਦਿ ਲੰਗਰ ਲਗਾਏ ਗਏ।ਸ਼ਹੀਦ ਮਤੀ ਦਾਸ ਨਗਰ ਦੇ ਨੌਜਵਾਨ ਵੀਰਾਂ ਅਤੇ ਬੱਚਿਆਂ ਨੇ ਗੱਤਕੇ ਰਾਹੀਂ ਪੁਰਾਤਨ ਸ਼ਸਤਰਾਂ ਨਾਲ ਯੁੱਧ ਕਲਾ ਦੇ ਜੋਹਰ ਵੀ ਵਿਖਾਏ।ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਕੈਪਟਨ ਮੱਲ ਸਿੰਘ, ਬਿਕਰਮਜੀਤ ਸਿੰਘ ਧਿੰਗੜ,ਰਜਿੰਦਰ ਸਿੰਘ ਸਿੱਧੂ, ਸੁਰਜੀਤ ਸਿੰਘ ਬਰਨਾਲਾ, ਸੁਖਦੇਵ ਸਿੰਘ ਮਾਹੀਨੰਗਲ, ਆਤਮਾ ਸਿੰਘ ਚਹਿਲ,ਅਵਤਾਰ ਸਿੰਘ ਕੈਂਥ, ਸਾਧਾ ਸਿੰਘ, ਸੁਰਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੀਬੀਆਂ ਨੇ ਨਗਰ ਕੀਰਤਨ `ਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ 5 ਜਨਵਰੀ ਨੂੰ ਦਸਮੇਸ਼ ਪਿਤਾ ਜੀ ਦੇ ਜਨਮ ਦਿਹਾੜਾ ਮੌਕੇ ਸ੍ਰੀ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਗੁਰਚਰਨ ਸਿੰਘ ਪਰਵਾਨਾ ਮੌਗੇ ਵਾਲੇ ਢਾਡੀ ਜਥਾ ਸੰਗਤਾਂ ਨੂੰ ਬੀਰ ਰਸ ਵਾਰਾਂ ਨਾਲ ਨਿਹਾਲ ਕਰਨਗੇ।
ਇਸ ਤੋਂ ਇਲਾਵਾ ਪਿੰਡ ਬੀਬੀ ਵਾਲਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਦਸਮ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਨੂੰ ਮੁੱਖ ਰਖਦਿਆਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ, ਪਾਠਾਂ ਦੇ ਵਿਚਕਾਰਲੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਏ ਗਏ, ਜਿਸ ਵੱਡੀ ਗਿਣਤੀ ਸੰਗਤਾਂ ਸ਼ਾਮਲ ਹੋਈਆਂ।ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਦੀਆਂ ਗਲੀਆਂ ’ਚੋਂ ਦੀ ਹੁੰਦੇ ਹੋਏ ਸ਼ਾਮ ਸਮੇਂ ਵਾਪਸ ਗੁਰਦੁਆਰਾ ਸਹਿਬ ਪਹੁੰਚ ਕੇ ਸੰਪੰਨ ਹੋਇਆ।ਨਗਰ ਕੀਰਤਨ ਦੌਰਾਨ ਰਾਗੀ ਜੱਥੇ ਨੇ ਗੁਰੂ ਸਹਿਬਾਨਾਂ ਦੇ ਜੀਵਨ ਅਤੇ ਸਹੀਦੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਪਿੰਡ ਵਾਸੀਆਂ ਵੱਲੋਂ ਸੰਗਤਾਂ ਦੇ ਸੁਆਗਤ ਲਈ ਥਾਂ-ਥਾਂ ‘ਤੇ ਸਵਾਗਤੀ ਗੇਟ ਅਤੇ ਲੰਗਰ ਲਗਾਏ ਗਏ।ਸੰਗਤਾਂ ਵੱਲੋਂ ਪੰਜ ਪਿਆਰਿਆਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਗੁਰਪੁਰਬ ਦੇ ਸਬੰਧ ’ਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ। ਭੋਗ ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤੇਗਾ।
ਕੋਟਫ਼ੱਤਾ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨਾਲ ਸਬੰਧਤ ਨਜ਼ਦੀਕੀ ਪਿੰਡ ਕੋਟਭਾਰਾ ਵਿੱਚ ਇੱਕ ਸ਼ਾਨਦਾਰ ਨਗਰ ਕੀਰਤਨ ਕੱਢਿਆ ਗਿਆ।ਇਸ ਤੋਂ ਪਹਿਲਾ ਪਿੰਡ ਦੀਆਂ ਸਿੱਖ ਸੰਗਤਾਂ ਨੇ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਵਾਈ। ਨਗਰ ਕੀਰਤਨ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਪਵਿੱਤਰ ਬੀੜ ਨਾਲ ਬੀਬੀਆਂ ਦਾ ਰਸ ਭਿੰਨਾ ਕੀਰਤਨ ਵੀ ਜਾਰੀ ਰਿਹਾ।ਪਿੰਡ ਦੀ ਸੰਗਤ ਵੱਲੋਂ ਗੁਰੂ ਜੀ ਦੇ ਸਤਿਕਾਰ ਵਜੋਂ ਸਾਰੇ ਪਿੰਡ ਦੀਆਂ ਗਲੀਆਂ ਦੀ ਪੂਰੀ ਤਨਦੇਹੀ ਨਾਲ ਸਫ਼ਾਈ ਕੀਤੀ ਗਈ।ਨਗਰ ਕੀਰਤਨ ਦੇ ਅੱਗੇ ਅੱਗੇ ਵੀ ਨੌਜਵਾਨ ਸਫ਼ਾਈ ਵੱਲ ਖਾਸ ਧਿਆਨ ਦੇ ਰਹੇ ਸਨ। ਇਸ ਮੌਕੇ ਪਿੰਡ ਵੱਲੋਂ ਲੰਗਰ ਵੀ ਲਗਾਏ ਗਏ। ਨਗਰ ਕੀਰਤਨ ਲਈ ਪਾਲਕੀ ਤੇ ਹੋਰ ਟਰਾਲੀਆਂ ਨੂੰ ਨੌਜਵਾਨਾਂ ਤੇ ਸਿੱਖ ਸੰਗਤ ਨੇ ਸ਼ਾਨਦਾਰ ਤਰੀਕੇ ਨਾਲ ਸਜਾਵਟ ਕੀਤੀ ਗਈ। ਸਮੁੱਚੇ ਪਿੰਡ ਵਿੱਚ ਅੱਜ ਸਾਰਾ ਦਿਨ ਰੂਹਾਨੀਅਤ ਵਾਲਾ ਮਾਹੌਲ ਬਣਿਆ ਰਿਹਾ।ਸ਼ਾਨਦਾਰ ਨਗਰ ਕੀਰਤਨ ਦੌਰਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨ, ਗੁਰੂ ਘਰ ਦੇ ਗ੍ਰੰਥੀ, ਸੇਵਾਦਾਰ, ਪਿੰਡ ਦੇ ਕਲੱਬਾਂ ਦੇ ਸਮਾਜ ਸੇਵੀ ਤੋਂ ਇਲਾਵਾ ਨੌਜਵਾਨਾਂ ਨੇ ਉਤਸਾਹ ਨਾਲ ਹਿੱਸਾ ਲਿਆ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media