ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਕੇਂਦਰੀ ਵਿਧਾਨ ਸਭਾ ਹਲਕਾ ਦੀ ਵਾਰਡ ਨੰ: 70 ਅਤੇ 71 ਦੇ ਵਿੱਚ ਪੈਂਦੀਆਂ ਡੇਅਰੀਆਂ ਨੂੰ ਇਥੋਂ
ਤਬਦੀਲ ਕੀਤਾ ਜਾਵੇਗਾ ਕਿਉਂਕਿ ਇਨ੍ਹਾਂ ਡੇਅਰੀ ਕਾਰਨ ਅਕਸਰ ਸੀਵਰੇਜ ਜਾਮ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਪੈਦਾ ਹੋ ਰਹੀਆਂ ਹਨ।
ਇਹ ਜਾਣਕਾਰੀ ਕਮਿਸ਼ਨਰ ਨਗਰ ਨਿਗਮ ਮੈਡਮ ਸੋਨਾਲੀ ਗਿਰੀ ਨੇ ਵਾਰਡ ਨੰ: 70 ਅਤੇ ਵਾਰਡ ਨੰ: 71 ਦਾ ਦੌਰਾ ਕਰਨ ਸਮੇਂ ਦਿੱਤੀ।ਉਨ੍ਹਾਂ ਕਿਹਾ ਕਿ ਇਨ੍ਹਾਂ ਕਿਹਾ ਕਿ ਇਨ੍ਹਾਂ ਡੇਅਰੀਆਂ ਨੂੰ ਨਗਰ ਨਿਗਮ ਦੀ ਹੱਦ ਤੋਂ ਬਾਹਰ ਬਦਲਿਆ ਜਾਵੇਗਾ ਤਾਂ ਜੋ ਸੀਵਰੇਜ ਵਿਵਸਥਾ ਨਿਰਵਿਘਨ ਚਾਲੂ ਰਹਿ ਸਕੇ।ਮੈਡਮ ਸੋਨਾਲੀ ਗਿਰੀ ਨੇ ਦੱਸਿਆ ਕਿ ਇਨ੍ਹਾਂ ਵਾਰਡਾਂ ਵਿੱਚ ਸੁੰਦਰ ਪਾਰਕਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ।ਕਮਿਸ਼ਨਰ ਨਗਰ ਨਿਗਮ ਵੱਲੋਂ ਇਲਾਕੇ ਦੇ ਕੌਂਸਲਰ ਸ੍ਰੀ ਵਿਕਾਸ ਸੋਨੀ ਨਾਲ ਵਾਰਡ ਨੰ: 70 ਵਿੱਚ ਪੈਂਦੀ ਗਲੀ ਨੰ: 21 ਨੂੰ ਪੱਕਿਆਂ ਕਰਨ ਦੀ ਸੁਰੂਆਤ ਵੀ ਕੀਤੀ।
ਕੌਂਸਲਰ ਵਿਕਾਸ ਸੋਨੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਵਾਰਡਾਂ ਵਿੱਚ ਕਰੀਬ 80 ਫੀਸਦੀ ਤੋਂ ਜਿਆਦਾ ਵਿਕਾਸ ਦੇ ਕੰਮ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਕੰਮ ਆਉਂਦੇ 2-3 ਮਹੀਨਿਆਂ ਦੇ ਅੰਦਰ ਖਤਮ ਕਰ ਦਿੱਤੇ ਜਾਣਗੇ।ਸੋਨੀ ਨੇ ਦੱਸਿਆ ਕਿ ਇਨ੍ਹਾਂ ਵਾਰਡਾਂ ਨੂੰ ਸ਼ਹਿਰ ਤੋਂ ਜਿਆਦਾ ਖੂਬਸੂਰਤ ਬਣਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਰਡਾਂ ਵਿੱਚ ਸੁੰਦਰ ਪਾਰਕ ਬਣਾਉਣ ਲਈ ਜਗ੍ਹਾਂ ਦੀ ਵੀ ਸ਼ਨਾਖਤ ਕਰ ਲਈ ਗਈ ਹੈ ਅਤੇ ਜਲਦੀ ਹੀ ਸੁੰਦਰ ਪਾਰਕਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ।ਇਨ੍ਹਾਂ ਪਾਰਕਾਂ ਵਿੱਚ ਬੱਚਿਆਂ ਲਈ ਝੂਲੇ, ਬਜੁਰਗਾਂ ਦੇ ਬੈਠਣ ਲਈ ਬੈਂਚ ਅਤੇ ਨੌਜਵਾਨਾਂ ਲਈ ਜਿਮ ਵੀ ਲਗਾਇਆ ਜਾਵੇਗਾ।
ਇਸ ਮੌਕੇ ਪਰਮਜੀਤ ਚੋਪੜਾ, ਮਹੇਸ਼ ਖੰਨਾ ਕੌਂਸਲਰ, ਸਿਹਤ ਅਧਿਕਾਰੀ ਡਾ: ਅਜੈ ਕੁੰਵਰ, ਸੁਸ਼ਾਂਤ ਭਾਟੀਆ, ਐਸ.ਸੀ ਅਨੁਰਾਗ ਮਹਾਜਨ, ਐਕਸੀਅਨ ਵਿਜੈ ਮਹਾਜਨ, ਏ.ਟੀ.ਪੀ ਸੁਸ਼ੀਲ ਦੇਵਗਨ, ਪ੍ਰਵੇਸ਼ ਗੁਲਾਟੀ, ਰਣਜੀਤ ਰਾਣਾ, ਡਾ: ਮੋਨੂੰ, ਸ਼ੋਭਿਤ ਬੱਬਰ, ਰਾਕੇਸ਼ ਸ਼ਰਮਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media