Thursday, February 26, 2026

ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਨੇ ਪੰਚਾਇਤੀ ਚੋਣਾਂ ਦੇ ਜੇਤੂਆਂ ਦਾ ਕੀਤਾ ਸਨਮਾਨ

ਪਾਰਟੀ ਵਲੋਂ ਲਾਈ ਜਾਵੇਗੀ ਪੰਚਾਇਤਾਂ ਦੇ ਅਧਿਕਾਰਾਂ ਤੇ ਕੰਮ ਦੇ ਢੰਗਾਂ ਬਾਰੇ ਵਰਕਸ਼ਾਪ

PUNJ2101201919ਭੀਖੀ/ ਮਾਨਸਾ, 21 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਲੋਂ ਕੱਲ ਪਿੰਡ ਸਮਾਓ ਵਿਖੇ ਪੰਚਾਇਤੀ ਚੋਣਾਂ ਦੌਰਾਨ ਲੋਕ ਪੱਖੀ ਵਿਕਾਸ ਮਾਡਲ ਦੇ ਅਜੰਡੇ `ਤੇ ਪਾਰਟੀ ਉਮੀਦਵਾਰਾਂ ਵਜੋਂ ਚੋਣ ਲੜਨ ਵਾਲੇ ਅਤੇ ਜੇਤੂ ਰਹੇ ਪੰਚਾਂ ਸਰਪੰਚਾਂ, ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ ਕਰਨ ਹਿੱਤ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ ।
         ਇਹ ਸਮਾਗਮ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਤੇ ਪਿੰਡ ਨੰਦਗੜ੍ਹ ਦੇ ਸਰਪੰਚ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ, ਸਰਪੰਚ ਪਰਮਜੀਤ ਕੌਰ ਸਮਾਓ, ਸਰਪੰਚ ਇਕਬਾਲ ਸਿੰਘ ਫਫੜੇ ਭਾਈਕੇ, ਦਰਸ਼ਨ ਸਿੰਘ ਟੇਲਰ, ਬਲਾਕ ਸੰਮਤੀ ਮੈਂਬਰ ਮਨਦੀਪ ਕੌਰ ਤਾਮਕੋਟ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਤਾਮਕੋਟ ਦੀ ਪ੍ਰਧਾਨਗੀ ਹੇਠ ਹੋਇਆ।ਕਾਮਰੇਡ ਰਣਜੀਤ ਸਿੰਘ ਤਾਮਕੋਟ ਨੇ ਪਹੁੰਚੇ ਹੋਏ ਨੁਮਾਇੰਦਿਆਂ ਦਾ ਸਵਾਗਤ ਕੀਤਾ।ਉਨ੍ਹਾਂ ਆਪਣੇ ਭਾਸ਼ਣ ਦੌਰਾਨ ਪੰਚਾਇਤਾਂ ਦੇ ਅਧਿਕਾਰਾਂ ਅਤੇ ਗਰਾਮ ਸਭਾ ਦੀਆਂ ਸ਼ਕਤੀਆਂ ਬਾਰੇ ਵਿਸਥਾਰ ਸਹਿਤ ਰੌਸ਼ਨੀ ਪਾਈ।ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਨੱਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਂਓ ਨੇ ਕਿਹਾ ਕਿ ਸੀਪੀਆਈ (ਐਮ.ਐਲ) ਲਿਬਰੇਸ਼ਨ, ਪੇਂਡੂ ਖੇਤਰ ਦੇ ਸਰਬਪੱਖੀ ਵਿਕਾਸ ਦੇ ਇਕ ਬਦਲਦੇ ਲੋਕ ਪੱਖੀ ਵਿਕਾਸ ਮਾਡਲ ਲਈ ਅਤੇ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੋਜਵਾਨਾਂ ਦੇ ਅਧਿਕਾਰਾਂ ਦੀ ਰਾਖੀ ਤੇ ਪ੍ਰਾਪਤੀ ਲਈ ਦਹਾਕਿਆਂ ਤੋਂ ਲਗਾਤਾਰ ਸਮਝੌਤਾ ਹੀਣ ਸੰਘਰਸ਼ ਕਰਦੀ ਆ ਰਹੀ ਹੈ।ਉਹਨਾ ਚੁਣੇ ਹੋਏ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਵਿਤਕਰੇਬਾਜ਼ੀ ਤੇ ਸਿਆਸੀ ਪੱਖਪਾਤ ਤੋਂ ਅਪਣੇ ਪਿੰਡਾਂ ਦੇ ਢੁੱਕਵੇਂ ਵਿਕਾਸ ਲਈ ਕੰਮ ਕਰਨ।ਕਦਾਚਿਤ ਵੀ ਸੱਤਾਧਾਰੀਆਂ ਤੇ ਭ੍ਰਿਸ਼ਟ ਅਫ਼ਸਰਸ਼ਾਹੀ ਦੇ ਪਿਛਲੱਗ ਨਾ ਬਣਨ, ਨਸ਼ੇ ਦੇ ਸੌਦਾਗਰਾਂ, ਦਲਾਲਾਂ ਅਤੇ ਰਿਸ਼ਵਤਖੋਰ ਅਫਸਰਾਂ ਖਿਲਾਫ ਡਟ ਕੇ ਸਟੈਂਡ ਲੈਣ। ਪਿੰਡਾਂ ਵਿਚ ਸੰਘਰਸਸ਼ੀਲ ਕਿਸਾਨ ਮਜ਼ਦੂਰ ਨੌਜਵਾਨ ਤੇ ਔਰਤ ਸੰਗਠਨਾਂ ਨੂੰ ਵਿਕਸਿਤ ਕਰਨ, ਤਾਂ ਜੋ ਲੋੜ ਪੈਣ `ਤੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜਨਤਕ ਜੱਦੋਜਹਿਦ ਆਰੰਭੀ ਜਾ ਸਕੇ।ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਜਿਥੇ ਜੇਤੂ ਜਨਤਕ ਪ੍ਰਤੀਨਿਧਾਂ ਤੇ ਉਮੀਦਵਾਰਾਂ ਦਾ ਸਨਮਾਨ ਕੀਤਾ, ਉਥੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਛੇਤੀ ਹੀ ਪੰਚਾਂ ਸਰਪੰਚਾਂ ਦੀ ਇਕ ਕਨਵੈਨਸ਼ਨ ਬੁਲਾਵੇਗੀ ਤੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਲਈ ਇਕ ਵਰਕਸ਼ਾਪ ਵੀ ਲਾਵੇਗੀ ।
     ਸਮਾਗਮ ਨੂੰ ਗੁਰਸੇਵਕ ਮਾਨ, ਨਿੱਕਾ ਸਿੰਘ ਬਹਾਦਰਪੁਰ, ਸੁਖਜੀਤ ਰਾਮਾਂਨੰਦੀ ਨੇ ਵੀ ਸੰਬੋਧਨ ਕੀਤਾ।ਅੰਤ ਵਿਚ ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਭੋਲਾ ਸਿੰਘ ਸਮਾਂਓ ਨੇ ਸਾਰੇ ਪਹੁੰਚੇ ਸੱਜਣਾਂ ਦਾ ਧੰਨਵਾਦ ਕੀਤਾ । ਸਟੇਜ਼ ਸੰਚਾਲਨ ਕਾਮਰੇਡ ਅਮਰੀਕ ਸਿੰਘ ਸਮਾਂਓ ਨੇ ਕੀਤਾ। 

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply