550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਪੰਨੇ ਦਾ ਵਿਸ਼ੇਸ ਅੰਕ ਜਾਰੀ
ਦਿੱਲੀ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਦਾਰਾ ਸੱਚੇ ਪਾਤਸ਼ਾਹ ਵੱਲੋਂ ਸਲਾਨਾ
ਐਵਾਰਡ ਸਮਾਗਮ ਰਸ਼ੀਅਨ ਸੈਂਟਰ ਫਾਰ ਸਾਇੰਸ ਐਂਡ ਕਲਚਰ 24, ਫਿਰੋਜਸ਼ਾਹ ਰੋਡ, ਨਵੀਂ ਦਿੱਲੀ ਵਿਖੇ ਕਰਵਾਇਆ ਗਿਆ।ਇਸ ਸਮਾਗਮ ਵਿਚ ਵੱਖ-ਵੱਖ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਪੰਜ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਮਨੋਹਰ ਸਿੰਘ ਮਾਰਕੋ ਦੇ ਸਪੁੱਤਰ ਰੁਪਿੰਦਰ ਸਿੰਘ ਮਾਰਕੋ ਨੂੰ `ਡਾ. ਲੱਖਾ ਸਿੰਘ ਮੈਮੋਰੀਅਲ ਐਵਾਰਡ`, ਡਾ. ਨਿਰਮਲ ਸਿੰਘ ਨੂੰ `ਸ. ਬਹਾਦਰ ਸਿੰਘ ਮੈਮੋਰੀਅਲ ਐਵਾਰਡ`, ਭਗਵਾਨ ਸਿੰਘ ਧੰਜਲ ਨੂੰ `ਸ. ਉਂਕਾਰ ਸਿੰਘ ਸੰਧੂ ਮੈਮੋਰੀਅਲ ਐਵਾਰਡ`, ਜਸਵੰਤ ਸਿੰਘ ਸੇਖਵਾਂ ਨੂੰ ਕਵੀ ਆਫ ਦਾ ਯੀਅਰ ਅਤੇ ਲੇਖਕ ਤੇ ਪੱਤਰਕਾਰ ਵਜੋਂ ਅਹਿਮ ਜੁੰਮੇਵਾਰੀ ਨਿਭਾਉਣ ਲਈ ਬਲਵਿੰਦਰ ਸਿੰਘ ਸੋਢੀ ਨੂੰ `ਲੇਖਕ ਸਨਮਾਨ` ਨਾਲ ਨਿਵਾਜਿਆ ਗਿਆ।ਪੱਤਰਕਾਰ ਜੁਗਿੰਦਰਪਾਲ ਸਿੰਘ ਕੁੰਦਰਾ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਅਦਾਰੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚੇ-ਪਾਤਸ਼ਾਹ ਮੈਗਜ਼ੀਨ ਦਾ 550 ਪੰਨੇ ਦਾ ਇਕ ਵਿਸ਼ੇਸ ਅੰਕ ਜਾਰੀ ਕੀਤਾ ਗਿਆ।ਪੱਤਰਕਾਰੀ ਦੇ ਇਤਿਹਾਸ ਵਿੱਚ ਇਹ ਵਿਸ਼ੇਸ ਅੰਕ ਇਤਿਹਾਸਕ ਤੇ ਯਾਦਗਾਰੀ ਹੋਵੇਗਾ।
ਅਦਾਰਾ ਸੱਚੇ ਪਾਤਸ਼ਾਹ ਵੱਲੋਂ ਉਲੀਕੇ ਇਸ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨੀ ਸੀ, ਪਰ ਉਨ੍ਹਾਂ ਦੀ ਫਲਾਈਟ ਲੇਟ ਹੋਣ ਕਾਰਨ ਉਹ ਪੁਜ ਨਹੀਂ ਸਕੇ।ਲੌਂਗੋਵਾਲ ਨੇ ਫੋਨ ਤੇ ਪ੍ਰਬੰਧਕਾਂ ਨੂੰ ਸਮਾਗਮ ਵਿਚ ਨਾ ਪਹੁੰਚ ਸਕਣ ਬਾਰੇ ਦੱਸਦਿਆਂ ਸੰਸਥਾ ਲਈ ਸ਼੍ਰੋਮਣੀ ਕਮੇਟੀ ਵਲੋਂ ਇੱਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ।ਸਮਾਗਮ ਵਿਚ ਉਚੇਚੇ ਤੌਰ ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਬੋਲਦਿਆਂ ਕਿਹਾ ਕਿ ਧਾਰਮਿਕ ਅਤੇ ਸਹਿਤਕ ਖੇਤਰ ਵਿਚ ਸੇਵਾਵਾਂ ਨਿਭਾਉਣ ਵਾਲੇ ਵਿਅਕਤੀਆਂ ਦਾ ਸਤਿਕਾਰ ਉਨ੍ਹਾਂ ਨੂੰ ਇਸ ਖੇਤਰ ਵਿਚ ਹੋਰ ਜੁੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਹੋਰਨਾ ਲਈ ਵੀ ਪ੍ਰੇਰਨਾ ਬਣਦੇ ਹਨ। ਬੇਦੀ ਨੇ ਸਨਮਾਨਿਤ ਹੋਣ ਵਾਲੀਆਂ ਸਖਸੀਅਤਾਂ ਨੂੰ ਵਧਾਈ ਵੀ ਦਿੱਤੀ।
ਸਮਾਗਮ ਦੇ ਸੰਚਾਲਕ ਤੇ ਸੱਚੇ ਪਾਤਸ਼ਾਹ ਮੈਗਜੀਨ ਦੇ ਮੁੱਖ ਸੰਪਾਦਕ ਸੁਰਜੀਤ ਸਿੰਘ ਆਰਟਿਸ਼ਟ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਮਾਸਿਕ ਮੈਗਜੀਨ ਗੁਰਮਤਿ ’ਤੇ ਪੰਜਾਬੀ ਮਾਂ ਬੋਲੀ ਤੇ ਭਾਸ਼ਾ ਦੀ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ। ਇਸ ਅਦਾਰੇ ਵੱਲੋਂ ਸਾਹਿਤਕ ਸਮਾਗਮਾਂ ਦੇ ਨਾਲ-ਨਾਲ ਪਿਛਲੇ 17 ਸਾਲਾਂ ਤੋਂ ਵੱਖ-ਵੱਖ ਖੇਤਰ ਵਿਚ ਨਾਮਨਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚ ਸਿਰਮੋਰ ਕਵੀ, ਇਤਿਹਾਸਕਾਰ, ਪੱਤਰਕਾਰ ਅਤੇ ਸਮਾਜਕ ਸ਼ਖਸੀਅਤਾਂ ਸਾਮਲ ਹੁੰਦੀਆਂ ਹਨ। ਇਸੇ ਤਹਿਤ ਹੀ ਅੱਜ ਦੇ ਇਸ ਸਮਾਗਮ ਵਿਚ ਉਪਰੋਕਤ ਸ਼ਖਸੀਅਤਾਂ ਨੂੰ ਸਨਮਾਨ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚੇ-ਪਾਤਸ਼ਾਹ ਮੈਗਜੀਨ ਦਾ 550 ਪੰਨੇ ਦਾ ਇਕ ਯਾਦਗਾਰੀ ਵਿਸ਼ੇਸ ਅੰਕ ਵੀ ਜਾਰੀ ਕੀਤਾ ਗਿਆ ਹੈ। ਸਮਾਗਮ ਦੀ ਪ੍ਰਧਾਨਗੀ ਸੁਖਦੇਵ ਸਿੰਘ ਰਿਆਤ ਪ੍ਰਧਾਨ ਆਲ ਇੰਡੀਆ ਰਾਮਗੜੀਆ ਵਿਸ਼ਕਰਮਾ ਫਾਉਂਡੇਸ਼ਨ ਨੇ ਕੀਤੀ ਜਦਕਿ ਵਿਸ਼ੇਸ ਮਹਿਮਾਨ ਵਜੋਂ ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਹਾਜ਼ਰ ਹੋਏ। ਪ੍ਰਧਾਨਗੀ ਮੰਡਲ ਵਿਚ ਸੁਖਦੇਵ ਸਿੰਘ ਰਿਆਤ, ਇੰਦਰਜੀਤ ਸਿੰਘ ਤੇ ਬਲਬੀਰ ਸਿੰਘ ਸ਼ਾਮਲ ਸਨ।
ਇਸ ਮੌਕੇ ਕਰਨੈਲ ਸਿੰਘ ਵੀਰ ਸੰਜ, ਅਮਰੀਕ ਸਿੰਘ ਆਰ ਸੰਜ, ਐਸ.ਐਸ ਕਲਸੀ, ਪ੍ਰਿੰਸੀਪਲ ਡਾ. ਸਤਪਾਲ ਕੌਰ, ਡਾ. ਹਰਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ, ਭੁਪਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਮਾਨ ਸਰੋਵਰ, ਇੰਦਰਜੀਤ ਸਿੰਘ ਗੁੜਗਾਉਂ, ਇੰਜੀਅਰ ਬਲਬੀਰ ਸਿੰਘ ਅੰਬਾਲਾ, ਡਾ. ਤਰਵਿੰਦਰ ਕੌਰ, ਡਾ. ਜਤਿੰਦਰ ਕੌਰ, ਡਾ. ਹਰਬੰਸ ਕੌਰ ਸੱਗੂ, ਹਰਵਿੰਦਰ ਸਿੰਘ ਪਤੰਗਾ ਤੇ ਜਸਵੰਤ ਸਿੰਘ ਸੇਖਵਾਂ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media