Wednesday, June 10, 2026

ਵਿਦਿਆਰਥੀ ਆਪਣੇ ਸੁਪਨਿਆਂ ਦੀ ਉਡਾਣ ਸਟਾਰਟਅਪ ਇੰਡੀਆ ਦੇ ਖੰਭਾਂ ਦੇ ਨਾਲ ਭਰਨ – ਪ੍ਰੋ. ਸੰਧੂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ‘ਗਲੋਬਲ ਅਲਾਇੰਸ ਕਮੇਟੀ’ ਦਾ ਗਠਨ
ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੇਸਰ ਡਾ. ਜਸਪਾਲ ਸਿੰਘ ਸੰਧੂ PUNJ2401201915ਨੇ ਕਿਹਾ ਹੈ ਕਿ ਵਿਸ਼ਵ ਪੱਧਰ ਤੇ ਵੱਖ-ਵੱਖ ਖੇਤਰਾਂ ਵਿਚ ਆ ਰਹੇ ਬਦਲਾਅ ਨੂੰ ਅਕਾਦਮਿਕਤਾ ਅਤੇ ਖੋਜ ਖੇਤਰ ਨਾਲ ਜੋੜਨ ਦੇ ਉਪਰਾਲੇ ਸ਼ੁਰੂ ਹੋਣੇ ਚਾਹੀਦੇ ਹਨ, ਤਾਂ ਹੀ ਦੇਸ਼ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ। ਉਹ ਅੱਜ ਸਟਾਰਟਅਪ ਇੰਡੀਆ ਪੰਜਾਬ ਯਾਤਰਾ ਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਆਯੋਜਿਤ ਕੀਤੇ ਗਏ ਬੂਟ ਕੈਂਪ ਦੌਰਾਨ ਗੱਲਬਾਤ ਕਰ ਰਹੇ ਸਨ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਯੂਨੀਵਰਸਿਟੀ ਵਲੋਂ ਆਯੋਜਿਤ ਇਸ ਸਮਾਗਮ ਵਿਚ ਵੱਖ ਵੱਖ ਵਿਭਾਗਾਂ, ਕਾਲਜਾਂ ਅਤੇ ਹੋਰ ਸਿੱਖਿਆ ਅਦਾਰਿਆਂ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।
ਪ੍ਰੋਫੈਸਰ ਸੰਧੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਪਹਿਲਾਂ ਹੀ ਅਕਾਦਮਿਕ, ਖੇਡ, ਸਭਿਆਚਾਰ ਅਤੇ ਖੋਜ ਦੇ ਖੇਤਰ ਵਿਚ ਮੋਹਰੀ ਰੋਲ ਅਦਾ ਕਰ ਰਹੀ ਹੈ। ਹੁਣ ਕੌਮਾਂਤਰੀ ਪੱਧਰ ਤੇ ਖੋਜ ਅਤੇ ਅਕਾਦਮਿਕ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵੀ ਉਪਰਾਲੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਉਦੇਸ਼ ਲਈ ‘ਗਲੋਬਲ ਅਲਾਇੰਸ ਕਮੇਟੀ’ ਦਾ ਗਠਨ ਕਰ ਦਿੱਤਾ ਗਿਆ ਹੈ। ਜੋ ਵੱਖ-ਵੱਖ ਦੇਸ਼ਾਂ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ, ਸੰਸਥਾਵਾਂ ਅਤੇ ਉਦਯੋਗਾਂ ਨਾਲ ਸੰਪਰਕ ਬਣਾ ਕੇ ਅਕਾਦਿਮਕ ਖੇਤਰ ਦੇ ਵਿਚ ਨਵੀਆਂ ਸੰਭਾਵਨਾਵਾਂ ਨੂੰ ਇਕ ਦੂਜੇ ਦੇ ਨਾਲ ਸਾਂਝਾ ਕਰੇਗੀ। ਇਸ ਕਮੇਟੀ ਦੇ ਵਿਚ ਵੱਖ-ਵੱਖ ਦੇਸ਼ਾਂ ਦੇ ਵੱਡੇ ਕਾਰੋਬਾਰੀਆਂ ਅਤੇ ਉਘੀਆਂ ਸਖਸ਼ੀਅਤਾਂ ਨੂੰ ਬਤੌਰ ਮੈਂਬਰ ਲਿਆ ਗਿਆ ਹੈ। ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀ ਉਚੇਰੀ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜੋ ਉਹਨਾਂ ਦਾ ਭਵਿੱਖ ਹੋਰ ਵੀ ਸੁਨਿਹਰਾ ਹੋ ਸਕੇ।
ਉਹਨਾਂ ਨੇ ਇਸ ਸਮੇਂ ਸਟਰਾਟਅਪ ਇੰਡਿਆ ਪੰਜਾਬ ਯਾਤਰਾ ਨੂੰ ਦੇਸ਼ ਦੇ ਲਈ ਇਕ ਚੰਗਾ ਕਦਮ ਦੱਸਦਿਆਂ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਇਸਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੇ ਸੁਪਨਿਆਂ ਨੂੰ ਸਕਾਰ ਕਰਨ ਦੇ ਨਾਲ-ਨਾਲ ਦੇਸ਼ ਦੇ ਉਜੱਵਲ ਭਵਿੱਖ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਸੁਪਨਿਆਂ ਦੀ ਸਟਾਰਟਅਪ ਇੰਡੀਆ ਦੇ ਖੰਭਾਂ ਦੇ ਨਾਲ ਉਡਾਣ ਭਰਨ। ਉਨ੍ਹਾਂ ਨੇ ਕਿਹਾ ਕਿ ਸਟਾਰਟਅਪ ਇੰਡੀਆ ਦਾ ਮਕਸਦ ਵੀ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਦੇ ਲਈ ਉਤਸ਼ਾਹਿਤ ਕਰਨਾ ਹੀ ਹੈ। ਸਰਕਾਰ ਵਲੋਂ ਨੌਜਵਾਨਾਂ ਨੂੰ ਆਪਣੇ ਆਇਡੀਆ ਪਰਪਕ ਕਰਨ ਦੇ ਲਈ ਜਿਥੇ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਣੀ ਹੈ ਉਥੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਹਨ, ਤਾਂ ਜੋ ਉਹ ਵੀ ਇਕ ਉਦਯੋਗਪਤੀ ਬਣ ਸਕਣ।
ਇਸ ਤੋਂ ਪਹਿਲਾਂ ਸਟਾਰਟਅਪ ਇੰਡੀਆ ਤਹਿਤ ਲਗਾਏ ਗਏ ਬੂਟ ਕੈਂਪ ਦੇ ਨੋਡਲ ਅਫਸਰ ਅਤੇ ਮੁਖੀ ਆਈ.ਆਈ.ਸੀ ਡਾ. ਪੀ.ਕੇ ਪਤੀ ਨੇ ਸਟਾਰਟਅਪ ਇੰਡੀਆ ਪੰਜਾਬ ਯਾਤਰਾ ਤੋਂ ਜਾਣੂ ਕਰਵਾਉਂਦਿਆਂ ਬੂਟ ਕੈਂਪ ਬਾਰੇ ਵਿਸਥਾਰਿਕ ਜਾਣਕਾਰੀ ਦਿੱਤੀ। ਕੈਂਪ ਦੌਰਾਨ ਨਾਵਲਟੀ ਗਰੁੱਪ ਦੇ ਡਾਇਰੈਕਟਰ ਮਿਸਟਰ ਅਮਿਤੇਸ਼ ਸਿੰਘ ਸਚਦੇਵਾ ਅਤੇ ਉੱਘੀ ਡਾਇਟੀਸ਼ਿਅਨ ਰਿਧੀ ਖੰਨਾ ਨੇ ਆਪਣੇ ਭਾਸ਼ਨਾਂ ਵਿਚ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਕਾਰੋਬਾਰ ਦੇ ਖੇਤਰ ਵਿਚ ਵੀ ਅੱਗੇ ਵੱਧਣ ਦੇ ਲਈ ਉਤਸ਼ਾਹਿਤ ਕੀਤਾ। ਉਹਨਾਂ ਵਿਚ ਕੰਮ ਕਰਨ ਲਈ ਅਸੀਮ ਸੰਭਾਵਨਾਵਾਂ ਅਤੇ ਸਮਰਥਾਵਾਂ ਛੁਪੀਆਂ ਹੋਈਆਂ ਹਨ। ਕੈਂਪ ਦੇ ਦੂਸਰੇ ਪੜਾਅ ਦੇ ਵਿਚ ਵਿਦਿਆਰਥੀਆਂ ਵਿਚ ਆਪਣੇ ਆਇਡੀਆ ਸਾਂਝੇ ਕਰਨ ਦਾ ਪਲੇਟਫਾਰਮ ਦਿੱਤਾ ਗਿਆ।
ਇਸ ਬੂਟ ਕੈਂਪ ਦੌਰਾਨ ਚੁਣੇ ਗਏ ਆਇਡੀਆ ਨੂੰ ਸਟਾਰਟਅਪ ਇੰਡਿਆ ਦੇ ਆਖਰੀ ਪੜਾਅ ਦੇ ਸਮਾਗਮ ਵਿਚ ਪੇਸ਼ ਕੀਤਾ ਜਾਵੇਗਾ ਜੋ 5-6 ਫਰਵਰੀ ਨੂੰ ਮੌਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। ਨੋਡਲ ਅਧਿਕਾਰੀ ਡਾ. ਪੀ.ਕੇ ਪਤੀ ਨੇ ਦਸਿਆ ਕਿ ਵਿਦਿਆਰਥੀਆਂ ਵਲੋਂ ਦਿੱਤੇ ਗਏ ਵਿਚਾਰਾਂ ਵਿਚੋਂ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਿਤਾਮੁਖੀ ਸੋਚ ਅਪਣਾਉਣ ਲਈ ਪ੍ਰੇਰਿਤ ਕੀਤੀ ਜਾਣ ਵਾਲੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।ਇਸ ਕੈਂਪ ਦੌਰਾਨ ਮਾਹਰਾਂ ਵਲੋਂ ਸਟਾਰਟਅਪ ਇੰਡਿਆ ਦੇ ਅਨੁਸਾਰ ਕਾਰੋਬਾਰੀ ਬੱਲ ਲਈ ਸਰਕਾਰ ਵਲੋਂ ਚਲਾਇਆਂ ਗਈਆਂ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply