ਚੰਡੀਗੜ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਿਵਲ ਸਕੱਤਰੇਤ-1 `ਚ ਸ਼ੁੱਕਰਵਾਰ ਨੂੰ ਸਵੇਰੇ 9ਵਾਂ ਕੌਮੀ ਮਤਦਾਤਾ ਦਿਵਸ ਮਨਾਇਆ
ਗਿਆ।ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾਰੀ ਨੇ ਸਕੱਤਰੇਤ-1 ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿੱਜੀ ਮੁਫਾਦ ਤੋਂ ਉਪਰ ਉਠ ਕੇ ਬਿਨਾਂ ਕਿਸੇ ਭੈਅ ਤੇ ਲੋਭ ਦੇ ਵੋਟ ਪਾਉਣ ਦਾ ਪ੍ਰਣ ਦਿਵਾਇਆ। ਇਸ ਸਮਾਗਮ ਵਿੱਚ ਵੱਡੀ ਗਿਣਤੀ `ਚ ਆਈ.ਏ.ਐਸ, ਪੀ.ਸੀ.ਐਸ ਅਤੇ ਹੋਰ ਉਚ ਅਧਿਕਾਰੀ ਤੇ ਮੁਲਾਜ਼ਮ ਸ਼ਾਮਲ ਹੋਏ।
ਇਸੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵੱਧ ਚੜ ਕੇ ਵਰਤੋਂ ਦਾ ਸੱਦਾ ਦਿੰਦਿਆਂ ਤਿਵਾੜੀ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਣ ਦਿਵਾਇਆ, `ਅਸੀਂ, ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰਿਕ ਪ੍ਰੰਪਰਾਵਾਂ ਨੂੰ ਬਣਾਈ ਰੱਖਾਂਗੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਧਰਮ, ਵਰਗ, ਜਾਤ, ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗਾ।`
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਵੋਟਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਜਮਹੂਰੀ ਅਮਲ ਵਿੱਚ ਵਧ ਚੜੇ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਉਨਾਂ ਨੇ ਦੱਸਿਆ ਕਿ ਕੌਮੀ ਮਤਦਾਤਾ ਦਿਵਸ ਦੀ ਸ਼ੁਰੂਆਤ 25 ਜਨਵਰੀ 2011 ਨੂੰ ਕੀਤੀ ਗਈ ਸੀ ਅਤੇ ਇਸ ਦਾ ਮਕਸਦ 18 ਸਾਲ ਦੇ ਹੋਣ ਵਾਲੇ ਨਾਗਰਿਕਾਂ ਨੂੰ ਮਤਦਾਤਾ ਵਜੋਂ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਅਤੇ ਚੋਣ ਅਮਲ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਹੈ।
ਉਨਾਂ ਨੇ ਲੁੱਡੋ ਗੇਮ ਰਾਹੀਂ ਸ਼ਰਾਬ, ਨਸ਼ੇ ਜਾਂ ਕਿਸੇ ਹੋਰ ਲਾਲਚ ਵਿੱਚ ਵੋਟ ਪਾਉਣ ਨਾਲ ਪੂਰੇ ਜਮਹੂਰੀ ਤੰਤਰ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਾਇਆ।ਇਸ ਬਾਅਦ ਪ੍ਰਮੁੱਖ ਸਕੱਤਰ ਵਿੱਤ ਨੇ ਵੋਟਰ ਦਿਵਸ ਸਬੰਧੀ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਜਾਣਕਾਰੀ ਭਰਪੂਰ ਪੋਸਟਰ ਜਾਰੀ ਕੀਤੇ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media