ਸਿਵਲ ਸਰਜਨ ਨੇ ਕੀਤੀ ਨਸ਼ਿਆਂ ਦਾ ਤਿਆਗ ਕੇ ਸਾਦਾ ਜੀਵਨ ਜਿਉਣ ਦੀ ਅਪੀਲ
ਭੀਖੀ/ ਮਾਨਸਾ, 6 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਸੁਧਾਰ ਘਰ ਤਾਮਕੋਟ ਵਿਖੇ ਸਿਵਲ ਸਰਜਨ ਡਾ. ਲਾਲ ਚੰਦ
ਠੁਕਰਾਲ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ।ਸਿਵਲ ਸਰਜਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਈ ਲੋਕ ਮਾੜੀ ਸੰਗਤ ਕਾਰਨ ਬਚਪਨ ਵਿੱਚ ਹੀ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ ਅਤੇ ਗੰਭੀਰ ਬਿਮਾਰੀਆਂ ਦੀ ਚਪੇਟ ਵਿੱਚ ਆ ਕੇ ਦੁੱਖ ਭੋਗਦੇ ਹਨ ਜਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਹਰ ਤਰਾਂ ਦੇ ਨਸ਼ਿਆਂ ਦਾ ਤਿਆਗ ਕਰਕੇ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਜਿਲ੍ਹਾ ਸੁਪਰਡੈਂਟ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਿਹਤ ਵਿਭਾਗ ਵੱਲੋਂ ਦੱਸੇ ਨੁਕਤਿਆਂ ਦਾ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਨਸ਼ਾ ਮੁਕਤ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ।ਉਨ੍ਹਾਂ ਨਾਲ ਹੀ ਆਪਣੇ ਆਸ-ਪਾਸ ਸਾਫ-ਸਫਾਈ ਰੱਖਣ ਦੀ ਸਲਾਹ ਦਿੱਤੀ।
ਜਿਲ੍ਹਾ ਐਪੀਡਿਮਾਲੋਜਿਸਟ ਸੰਤੋਸ਼ ਭਾਰਤੀ ਨੇ ਜੇਲ੍ਹ ਵਿੱਚ ਇਕੱਤਰ ਕੈਦੀਆਂ ਨੂੰ ਸਵਾਈਨ ਫਲੂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਇਸਦੀ ਰੋਕਥਾਮ ਲਈ ਦਵਾਈਆਂ ਉਪਲੱਬਧ ਹਨ।ਉਨ੍ਹਾਂ ਦੱਸਿਆ ਕਿ ਬੁਖਾਰ ਖਾਂਸੀ, ਗਲਾ ਦਰਦ, ਡਾਇਰੀਆਂ, ਉਲਟੀਆਂ, ਸਾਹ ਆਉਣ ਵਿੱਚ ਤਕਲੀਫ ਦੇ ਲੱਛਣ ਤੁਹਾਨੂੰ ਖੁਦ ਜਾਂ ਪਰਿਵਾਰ ਦੇ ਕਿਸੇ ਜੀਅ ਵਿੱਚ ਆਉਣ ਤਾਂ ਤੁਰੰਤ ਨਜਦੀਕੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ।ਊਨ੍ਹਾਂ ਕਿਹਾ ਕਿ ਖੰਘਦੇ ਅਤੇ ਛਿੱਕਦੇ ਹੋਏ ਆਪਣੇ ਮੂੰਹ ਤੇ ਰੁਮਾਲ ਰੱਖਣਾ ਚਾਹੀਦਾ ਹੈ ਅਤੇ ਖੰਘ ਜੁਕਾਮ ਵਿੱਚ ਮਾਸਕ ਦੀ ਵਰਤੋਂ ਕਰਨਾ ਵੀ ਕਾਫੀ ਲਾਭਦਾਇਕ ਹੈ।
ਉਨ੍ਹਾਂ ਕਿਹਾ ਕਿ ਖੰਘ, ਜੁਕਾਮ ਅਤੇ ਛਿੱਕਾਂ ਵਾਲੇ ਵਿਅਕਤੀ ਤੋਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਇਸ ਨਾਲ ਪੀੜਤ ਵਿਅਕਤੀ ਨਾਲ ਹੱਥ ਮਿਲਾਉਣ ਜਾਂ ਗਲੇ ਮਿਲਣ ਜਾਂ ਕਿਸੇ ਤਰਾਂ ਦਾ ਸੰਪਰਕ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਲੱਛਣਾਂ ਵਿੱਚ ਸਾਨੂੰ ਕਿਸੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਜੇਲ੍ਹ ਵਿੱਚ ਤਾਇਨਾਤ ਮੈਡੀਕਲ ਅਫ਼ਸਰ ਡਾ. ਵਿਕਰਮਜੀਤ ਸਿੰਘ ਨੇ ਕੈਦੀਆਂ ਨੂੰ ਹੱਥ ਧੋਣ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਕਿ ਖਾਣਾ ਖਾਣ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਨਾਲ ਹੱਥ ਧੋਣੇ ਚਾਹੀਦੇ ਹਨ, ਤਾਂ ਕਿ ਸਾਡਾ ਜੀਵਨ ਬਿਮਾਰੀ ਤੋਂ ਰਹਿਤ ਹੋ ਸਕੇ।
ਇਸ ਮੌਕੇ ਡੀ.ਐਸ.ਪੀ ਜੇਲ੍ਹ ਇੰਦਰਜੀਤ ਸਿੰਘ ਕਾਹਲੋ, ਸਹਾਇਕ ਯੂਨਿਟ ਅਫ਼ਸਰ ਮਲੇਰੀਆ ਦਰਸ਼ਨ ਸਿੰਘ ਭੰਮੇ ਅਤੇ ਹੈਲਥ ਇੰਸਪੈਕਟਰ ਰਾਮ ਕੁਮਾਰ ਤੋਂ ਇਲਾਵਾ ਜੇਲ੍ਹਬੰਦੀ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media