13 ਨੂੰ ਮੋਹਾਲੀ ਵਿਖੇ ਰੈਲੀ ਕਰਕੇ ਕੀਤਾ ਜਾਵੇਗਾ ਸਰਕਾਰ ਦਾ ਪਿੱਟ ਸਿਆਪਾ
ਸ਼ਮਰਾਲਾ, 10 ਫਰਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 1 ਜੁਲਾਈ 2018 ਤੋਂ ਦੇਣੀ ਬਣਦੀ ਮਹਿੰਗਾਈ ਭੱਤੇ ਦੀ ਆਖਰੀ ਕਿਸ਼ਤ 1 ਫਰਵਰੀ 2019 ਤੋਂ 6 ਫੀਸਦ ਦੇ ਕੇ ਕੇਂਦਰ ਨਾਲੋਂ ਡੀ-ਲਿੰਕ ਕਰਕੇ ਪਿਛਲੀਆਂ ਤਿੰਨ ਕਿਸ਼ਤਾਂ ਅਤੇ ਉਨ੍ਹਾਂ ਦੇ ਅਦਾਇਗੀਯੋਗ ਬਣਦੇ ਬਕਾਏ ਦੱਬਣ ਦੀ ਭੱਦੀ, ਬੇਈਮਾਨੀ ਅਤੇ ਜ਼ਾਲਮਾਨਾ ਚਾਲ ਹੈ।
ਇਸ ਗੱਲ ਦਾ ਪ੍ਰਗਟਾਵਾ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਬਖਸ਼ੀਸ਼ ਸਿੰਘ ਬਰਨਾਲਾ, ਮਹਿੰਦਰ ਸਿੰਘ ਫਿਰੋਜਪੁਰ, ਠਾਕੁਰ ਸਿੰਘ ਫਤਹਿਗੜ੍ਹ ਸਾਹਿਬ ਅਤੇ ਚੇਅਰਮੈਨ ਮਹਿੰਦਰ ਸਿੰਘ ਪਰਵਾਨਾ ਹੁਸ਼ਿਆਰਪੁਰ ਨੇ ਸੱਦੀ ਇੱਕ ਹੰਗਾਮੀ ਮੀਟਿੰਗ ਦੌਰਾਨ ਕੀਤਾ।ਕਨਵੀਨਰ ਪ੍ਰੇਮ ਸਾਗਰ ਸ਼ਰਮਾ ਸਮਰਾਲਾ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਕੇਂਦਰ ਵੱਲੋਂ ਐਲਾਨੀਆਂ ਤਿੰਨ ਕਿਸ਼ਤਾਂ 1 ਜਨਵਰੀ 2017 ਤੋਂ 4 ਫੀਸਦ, 1 ਜੁਲਾਈ 2017 ਤੋਂ 3 ਫੀਸਦ ਅਤੇ 1 ਜਨਵਰੀ 2018 ਤੋਂ 3 ਫੀਸਦ ਦੇਣੀਆਂ ਬਣਦੀਆਂ ਹਨ, ਜੋ ਕਿ 10 ਪ੍ਰਤੀਸ਼ਤ ਹਨ।ਇਸ ਨਾਲ ਪੰਜਾਬ ਭਰ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਵਿੱਚ ਇਸ ਬੇਇਨਸਾਫੀ ਪ੍ਰਤੀ ਗੁੱਸੇ ਅਤੇ ਬੇਚੈਨੀ ਦੀ ਲਹਿਰ ਹੈ।ਜਿਸ ਦਾ ਜਵਾਬ 13 ਫਰਵਰੀ ਦੀ ਮੋਹਾਲੀ ਵਿਖੇ ਵਾਈ.ਪੀ.ਐਸ ਚੌਂਕ ਨੇੜੇ ਲਲਕਾਰ ਰੈਲੀ ਕਰਕੇ ਦਿੱਤਾ ਜਾਵੇਗਾ। ਇਹ ਰੈਲੀ ਸਵੇਰੇ 11 ਵਜੇ ਸ਼ੁਰੂ ਹੋ ਕੇ ਇੱਕ ਵਜੇ ਵਿਧਾਨ ਸਭਾ ਵੱਲ ਮਾਰਚ ਕਰਕੇ ਸਮਾਪਤ ਹੋਵੇਗੀ। ਇਸ ਰੈਲੀ ਵਿੱਚ ਪੰਜਾਬ ਭਰ ਤੋਂ ਪੈਨਸ਼ਨਰ ਉਪਰੋਕਤ ਮਹਿੰਗਾਈ ਭੱਤੇ ਵਿੱਚ ਹੇਰਾਫੇਰੀ ਵਿਰੁੱਧ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਸ਼ਰਮਾ ਨੇ ਅੱਗੇ ਆਖਿਆ ਕਿ ਆਗੂਆਂ ਦੇ ਫੈਸਲੇ ਅਨੁਸਾਰ ਜੇ ਸਰਕਾਰ ਨੇ ਉਪਰੋਕਤ ਤਿੰਨ ਕਿਸ਼ਤਾਂ ਅਤੇ 22 ਮਹੀਨਿਆਂ ਦੇ ਬਕਾਇਆਂ ਸਮੇਤ ਤੁਰੰਤ ਅਦਾਇਗੀ ਕਰਨ ਦੇ ਹੁਕਮ ਜਾਰੀ ਨਾ ਕੀਤੇ ਤਾਂ ਲੁਧਿਆਣਾ ਵਿਖੇ ਮੀਟਿੰਗ ਕਰਕੇ ਕਿਸੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਿਸ ਵਿੱਚ ਆਉਣ ਵਾਲੀਆਂ ਪਾਰਲੀਮਾਨੀ ਚੋਣਾਂ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦਾ ਵਿਰੋਧ ਵੀ ਸ਼ਾਮਲ ਹੋਵੇਗਾ।
Punjab Post Daily Online Newspaper & Print Media