ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਦੇ ਨਿਰਦੇਸ਼ਾਂ ਤੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਬਰਸਾਤ ਦੇ ਪਾਣੀ ਨਾਲ ਪ੍ਰਭਾਵਤ ਪਿੰਡਾਂ ਦਨੌਰ, ਗੁਜਰਾਂ ਲਾਹੜੀ ਆਦਿ ਦਾ ਦੌਰਾ ਕੀਤਾ ਅਤੇ ਕਣਕ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲਿਆ।ਟੀਮ ਵਿੱਚ ਸੁਭਾਸ਼ ਚੰਦਰ, ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਸ਼ਾਮਲ ਸਨ।ਇਸ ਸਮੇਂ ਅਗਾਂਹਵਧੂ ਕਿਸਾਨ ਅਸ਼ਵਨੀ ਕੁਮਾਰ ਸੈਣੀ, ਦੇਵ ਰਾਜ ਸਰਪੰਚ, ਖੁਸ਼ਹਾਲੀ ਦੇ ਰਖਵਾਲੇ ਸਰਵਣ ਕੁਮਾਰ, ਵਿਨੋਦ ਕੁਮਾਰ ਸਾਬਕਾ ਸਰਪੰਚ, ਰਜਿੰਦਰ ਕੁਮਾਰ, ਸੁਰਿੰਦਰ ਕੁਮਾਰ ਸਮੇਤ ਵੱਡੀ ਗਿਣਤੀ `ਚ ਕਿਸਾਨ ਹਾਜ਼ਰ ਸਨ।
ਇਸ ਮੌਕੇ ਡਾ. ਅਮਰੀਕ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਜ਼ਿਲਾ ਪਠਾਨਕੋਟ ਵਿੱਚ ਔਸਤਣ 95 ਸੈਂਟੀ ਮੀਟਰ ਬਰਸਾਤ ਰਿਕਾਰਡ ਕੀਤੀ ਗਈ, ਜੋ ਆਮ ਨਾਲੋਂ ਵੱਧ ਹੈ।ਉਨਾਂ ਕਿਹਾ ਕਿ ਇਸ ਬਰਸਾਤ ਨੇ ਜਿਥੇ ਜ਼ਿਲੇ ਦੇ ਉਚੇ ਕੰਢੀ ਖੇਤਰ ਵਿੱਚ ਕਣਕ ਦੀ ਫਸਲ ਦਾ ਫਾਇਦਾ ਕੀਤਾ।ਉਥੇ ਨੀਵੇਂ ਖੇਤਰਾਂ ਵਿੱਚ ਨੁਕਸਾਨ ਕੀਤਾ ਹੈ।ਉਨਾਂ ਕਿਹਾ ਕਿ ਨੀਵੇਂ ਇਲਾਕਿਆਂ ਵਿੱਚੋਂ ਪਾਣੀ ਨਾ ਨਿਕਲਣ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ।ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਬਰਸਾਤ ਦਾ ਪਾਣੀ ਖੜਾ ਰਹਿਣ ਦਾ ਮੁੱਖ ਕਾਰਨ ਨਿਕਾਸੀ ਨਾਲਿਆਂ ਦੀ ਸਮੇਂ ਸਮੇਂ ਤੇ ਸਫਾਈ ਨਾ ਹੋਣਾ, ਕਿਸਾਨਾਂ ਦੁਆਰਾ ਛੋਟੀ ਨਿਕਾਸੀ ਨਾਲਿਆਂ ਨੂੰ ਵਾਹ ਖੇਤਾਂ ਵਿੱਚ ਮਿਲਾਉਣਾ ਅਤੇ ਸੜਕਾਂ ਵਿੱਚ ਢੁਕਵੀਆਂ ਜਗਾ ਤੇ ਪੁਲੀਆ ਦਾ ਨਾ ਹੋਣਾ ਹੈ।ਉਨਾਂ ਕਿਹਾ ਕਿ ਜੇਕਰ ਬਰਸਾਤ ਦਾ ਪਾਣੀ ਕੁੱਝ ਦਿਨ ਹੋਰ ਕਣਕ ਦੀ ਫਸਲ ਵਿੱਚ ਖੜਾ ਰਿਹਾ ਤਾਂ ਫਸਲ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।ਉਨਾਂ ਕਿਹਾ ਕਿ ਜਿਥੇ ਬਰਸਾਤ ਦੇ ਪਾਣੀ ਕਾਰਨ ਕਣਕ ਦੀ ਫਸਲ ਪੀਲੀ ਹੁੰਦੀ ਹੈ ਤਾਂ ਵੱਤਰ ਆਉਣ ਤੇ 3 ਕਿਲੋ ਯੂਰੀਆ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਓ ਕਰ ਦੇਣਾ ਚਾਹੀਦਾ।
ਅਗਾਂਹਵਧੂ ਕਿਸਾਨ ਅਸ਼ਵਨੀ ਕੁਮਾਰ ਨੇ ਜ਼ਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਕਰਵਾ ਕੇ ਨਿਕਾਸੀ ਨਾਲੇ ਦੁਬਾਰਾ ਕਢਵਾਏ ਜਾਣ ਤਾਂ ਜੋ ਕਿਸਾਨਾਂ ਨੂੰ ਹੋ ਰਹੇ ਨੁਕਸਾਨ ਤੋਂ ਬਚਿਆ ਜਾ ਸਕੇ।ਉਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਸੜਕਾਂ ਦੇ ਕਿਨਾਰਿਆਂ ਦੇ ਨਾਲ-ਨਾਲ ਜੇ.ਸੀ.ਬੀ ਮਸ਼ੀਨ ਨਾਲ ਖਾਲੀ ਬਣਾ ਕੇ ਖੇਤਾਂ ਵਿੱਚ ਖੜੇ ਪਾਣੀ ਨੂੰ ਮੁੱਖ ਨਿਕਾਸੀ ਨਾਲਿਆਂ ਵਿੱਚ ਪਾਉਣ ਲਈ ਸੰਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media