Sunday, July 26, 2026

’ਗੁਰੂ ਨਾਨਕ ਬਾਣੀ ਦਾ ਗੌਰਵ : ਵਿਭਿੰਨ ਪਰਿਪੇਖ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ

PPN0103201942 ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਮੁੱਚੇ ਵਿਸ਼ਵ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ ਵੱਖ ਕਿਸਮ ਦੇ ਸਮਾਗਮ ਕਰਵਾਏ ਜਾ ਰਹੇ ਹਨ, ਇਸੇ ਲੜੀ ਤਹਿਤ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ’ਗੁਰੂ ਨਾਨਕ ਬਾਣੀ ਦਾ ਗੌਰਵ : ਵਿਭਿੰਨ ਪਰਿਪੇਖ’ ਵਿਸ਼ੇ ’ਤੇ ਇਕ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਦੇ ਪਹਿਲੇ ਉਦਘਾਟਨੀ ਸੈਸ਼ਨ ’ਚ ਮੁੱਖ ਮਹਿਮਾਨ ਵਜੋਂ ਜਥੇਦਾਰ ਅਕਾਲ ਤਖਤ, ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਸ਼ਾਮਿਲ ਹੋਏ ਜਦਕਿ ਮੁੱਖ ਬੁਲਾਰੇ ਵਜੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਨਾਨਕ ਬਾਣੀ ਦੇ ਵਿਭਿੰਨ ਪਰਿਪੇਖਾਂ ਤੇ ਚਾਨਣਾ ਪਾਇਆ।
    ਇਸ ਮੌਕੇ ਮੁੱਖ ਮਹਿਮਾਨ, ਪੇਪਰ ਪੜ੍ਹਨ ਵਾਲੇ ਵਿਦਵਾਨਾਂ ਅਤੇ ਹਾਜ਼ਰ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਡੀਨ ਭਾਸ਼ਾਵਾਂ ਪ੍ਰੋ. ਸੁਖਮੀਨ ਬੇਦੀ ਨੇ ਕਿਹਾ ਕਿ ਕਾਲਜ ਜਿਥੇ ਗੁਰੂ ਨਾਨਕ ਬਾਣੀ ’ਤੇ ਪੇਪਰ ਪੜ੍ਹਨ ਵਾਲੇ ਵਿਦਵਾਨਾਂ ਦਾ ਧੰਨਵਾਦੀ ਹੈ ਉਥੇ ਅਸੀਂ ਸਿੰਘ ਸਾਹਿਬ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਰੁਝੇਵਿਆਂ ਭਰੇ ਜੀਵਨ ਵਿਚੋਂ ਖ਼ਾਲਸਾ ਪਰਿਵਾਰ ਲਈ ਸਮਾਂ ਕੱਢਿਆ ਹੈ।
    ਸੈਮੀਨਾਰ ਦੇ ਮੁੱਖ ਵਕਤਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਇਕ ਵੱਡੀ ਸ਼ਖਸੀਅਤ ਸਨ ਜਿੰਨਾ ਦੀ ਆਮਦ ਨਾਲ ਇਸ ਸੰਸਾਰ ਦੀ ਜੀਵਨ ਜਾਚ ਵਿਚ ਮਿਲਵਰਤਣ, ਆਪਸੀ ਸਹਿਹੋਂਦ ਅਤੇ ਕਿਰਤ ਦਾ ਮਹੱਤਵ ਵਧਿਆ ਹੈ।ਗੁਰੂ ਸਾਹਿਬ ਨੇ ਕਿਰਤ ਕਰਨ ਦੇ ਨਾਲ ਨਾਲ ਵੰਡ ਛਕਣ ਅਤੇ ਆਪਣੀ ਕਿਰਤ ਦੀ ਰਾਖੀ ਕਰਨ ਦੀ ਵੀ ਗੱਲ ਕੀਤੀ ਹੈ, ਉਨ੍ਹਾਂ ਨੇ ਬੇਖੌਫ ਹੋ ਕੇ ਆਪਣੀ ਬਾਣੀ ਵਿਚ ਸੱਚੇ ਨੂੰ ਸੱਚਾ ਅਤੇ ਝੂਠੇ ਨੂੰ ਝੂਠਾ ਕਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਅਜੋਕੇ ਪੰਜਾਬੀਆਂ ਅਤੇ ਵਿਸ਼ਵ ਨੂੰ ਜੋ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਰਿਹਾ ਹੈ, ਉਹਨਾਂ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਗੁਰੂ ਨਾਨਕ ਦੇ ਫਲਸਫੇ ਅਤੇ ਜੀਵਨ ਜਾਚ ਤੋਂ ਦੂਰ ਹੋ ਗਏ ਹਾਂ।PPN0103201943
    ਸੈਮੀਨਾਰ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਥੇਦਾਰ ਅਕਾਲ ਤਖਤ, ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਇਸ ਸਮੇਂ ਪੰਜਾਬ ਭਾਰਤ ਅਤੇ ਸਮੁੱਚੇ ਵਿਸ਼ਵ ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਇਕ ਸ਼ਤਾਬਦੀ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਜੀ ਦੀ ਆਮਦ ਸਮੇਂ ਪ੍ਰਚੱਲਿਤ ਧਰਮ ਨਦੀਆਂ ਨਾਲਿਆਂ ਅਤੇ ਖੂਹਾਂ ਵਾਂਗ ਸੀਮਿਤ ਹੋ ਗਏ ਸਨ ਜਦਕਿ ਗੁਰੂ ਨਾਨਕ ਦੁਆਰਾ ਚਲਾਇਆ ਗਿਆ ਨਵਾਂ ਧਰਮ ਮੀਂਹ ਵਾਂਗ ਸਭ ਲਈ ਬਿਨਾਂ ਕਿਸੇ ਵਿਤਕਰੇ ਦੇ ਰਹਿਮਤਾਂ ਬਖਸ਼ਿਸ਼ਾਂ ਲੈ ਕੇ ਆਇਆ। ਉਨ੍ਹਾਂ ਕਿਹਾ ਕਿ ਸਿੱੱਖ ਧਰਮ ਕਿਸੇ  ਇਲਾਕੇ ਜਾਂ ਫਿਰਕੇ ਦਾ ਧਰਮ ਨਹੀਂ ਹੈ ਸਗੋਂ ਇਹ ਸਮੁੱਚੇ ਵਿਸ਼ਵ ਦਾ ਧਰਮ ਹੈ।
 ਇਸ ਸੈਮੀਨਾਰ ਦੇ ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਅਮਰਜੀਤ ਸਿੰਘ ਗਰੇਵਾਲ ਨੇ ਕੀਤੀ ਜਦਕਿ ਤਿੰਨ ਪ੍ਰਮੁੱਖ ਵਿਦਵਾਨਾਂ ਨੇ ਗੁਰੂ ਨਾਨਕ ਬਾਣੀ ਨਾਲ ਸਬੰਧਤਆਪਣੇ ਪੇਪਰ ਪੜ੍ਹੇ। ਡਾ. ਸਾਬਰ ਕਿਸੇ ਕਾਰਨ ਇਸ ਸੈਮੀਨਾਰ ਵਿਚ ਨਹੀਂ ਪਹੁੰਚ ਸਕੇ।ਡਾ. ਮਨਵਿੰਦਰ ਸਿੰਘ ’ਵਿਦਿਆ ਪ੍ਰਤੀ ਗੁਰੂ ਨਾਨਕ ਦੇਵ ਜੀ ਦੇ ਦ੍ਰਿਸ਼ਟੀਕੋਣ’ ਦੀ ਮਹੱਤਤਾ’ ਵਿਸ਼ੇ `ਤੇ ਆਪਣਾ ਪੇਪਰ ਪੇਸ਼ ਕਰਦਿਆਂ ਕਿਹਾ ਕਿ ਗੁਰੂ ਜੀ ਸਭ ਨੂੰ ਗਿਆਨਵਾਨ ਬਣਾਉਣਾ ਚਾਹੁੰਦੇ ਸਨ ਜਦਕਿ ਅਜੋਕੀ ਸਿੱਖਿਆ ਪ੍ਰਣਾਲੀ ਜੋ ਮੁਨਾਫਾ ਮੁੱਖ ਬਣ ਗਈ ਹੈ, ਇਹ ਗੁਰੂ ਨਾਨਕ ਦੇ ਆਸ਼ਿਆਂ ਤੋਂ ਦੂਰ ਜਾ ਰਹੀ ਹੈ।ਡਾ. ਅਮਰਜੀਤ ਸਿੰਘ ਨੇ ਗੁਰੂ ਨਾਨਕ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਗੁਰੂ ਜੀ ਨੇ ਸੱਚ ਦੇ ਗਿਆਨ ਦੇ ਪ੍ਰਚਾਰ ਲਈ ਚਾਰ ਉਦਾਸੀਆਂ ਕਰਕੇ ਦੂਰ ਦੂਰ ਬੈਠੇ ਲੋਕਾਂ ਨੂੰ ਸਹੀ ਰਸਤੇ ਤੇ ਪਾਇਆ। ’ਗੁਰੂ ਨਾਨਕ ਬਾਣੀ ਫੋਕਟ ਕਰਮ ਕਾਂਡਾਂ ਦਾ ਖੰਡਨ’ ਵਿਸ਼ੇ ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਆਪਣਾ ਪੇਪਰ ਪੇਸ਼ ਕਰਦਿਆਂ ਕਿਹਾ ਕਿ ਗੁਰੂ ਨਾਨਕ ਜੀ ਦੀ ਆਮਦ ਸਮੇਂ ਪੰਡਤਾਂ ਅਤੇ ਨਾਥਾਂ ਜੋਗੀਆਂ ਨੇ ਮਨੁੱਖ ਦੀ ਮੁਕਤੀ ਲਈ ਬਹੁਤ ਸਾਰੇ ਆਡੰਬਰ ਰਚ ਦਿੱਤੇ ਸਨ ਜਿੰਨ੍ਹਾਂ ਬਹਾਨੇ ਉਹ ਲੋਕਾਂ ਨੂੰ ਮੂਰਖ ਬਣਾ ਕੇ ਅਤੇ ਡਰਾ ਧਮਕਾ ਕੇ ਲੁੱਟਦੇ ਸਨ ਜਦਕਿ ਗੁਰੂ ਜੀ ਨੇ ਇਸ ਜੀਵਨ ਅਤੇ ਧਰਮ ਦੇ ਰਸਤੇ ਨੂੰ ਬੇਹੱਦ ਸਾਦਾ ਤੇ ਸੌਖਾ ਬਣਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਅੱਜ ਵੀ ਵਾਧੂ ਦੇ ਆਡੰਬਰਾਂ ਤੋਂ ਬਚਣਾ ਚਾਹੀਦਾ ਹੈ ਅਤੇ ਧਰਮ ਨੂੰ ਸਮਾਜ ਭਲਾਈ ਲਈ ਵਰਤਣਾ ਚਾਹੀਦਾ ਹੈ।
    ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਆਧੁਨਿਕ ਵਿਦਿਆ ਪ੍ਰਣਾਲੀ ਨੂੰ ਸਮੇਂ ਦਾ ਹਾਣੀ ਬਣਨ ਲਈ ਨਵੇਂ ਵਿਗਿਆਨ ਅਤੇ ਟੈਕਨਾਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਗੁਰੂ ਨਾਨਕ ਦੇ ਸਮੇਂ ਦੇ ਸੱਚ ਤੱਕ ਪਹੁੰਚਣ ਲਈ ਇਹ ਟੈਕਨਾਲੋਜੀ ਵੱਧ ਸਹਾਇਕ ਹੋ ਸਕਦੀ ਹੈ।ਸਮੁੱਚੇ ਸੈਮੀਨਾਰ ਦੌਰਾਨ ਸੈਮੀਨਾਰ ਦੇ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ ਜਦਕਿ ਸੈਮੀਨਾਰ ਦੇ ਅਖੀਰ ਤੇ ਪੰਜਾਬੀ ਵਿਭਾਗ ਦੀ ਮੁਖੀ ਡਾ. ਦਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ, ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਹੀਰਾ ਸਿੰਘ,ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਗੁਰਿੰਦਰ ਕੌਰ, ਡਾ. ਜਸਬੀਰ ਸਿੰਘ, ਡਾ. ਅਮਨਦੀਪ ਕੌਰ, ਡਾ. ਗੁਰਸ਼ਿੰਦਰ ਕੌਰ, ਪ੍ਰੋ. ਪਵਨ ਕਮਾਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਆਰਤੀ, ਪ੍ਰੋ. ਬੇਵੀ ਸ਼ਰਮਾ, ਪ੍ਰੋ. ਬਲਜਿੰਦਰ ਸਿੰਘ ਵੀ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply