ਸ਼੍ਰੋਮਣੀ ਕਮੇਟੀ ਸੇਵਾ ਕਰਨ ਵਾਲੀ ਸੰਗਤ ਲਈ ਪਹੁੰਚਾਏਗੀ ਲੰਗਰ – ਲੌਂਗੋਵਾਲ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੰਗਾ ਤੋਂ ਸ੍ਰੀ ਅਨੰਦਪੁਰ ਸਾਹਿਬ ਮਾਰਗ ’ਤੇ ਪਏ ਖੱਡਿਆਂ ਨੂੰ ਪੂਰਨ ਲਈ ਬਾਬਾ ਲੀਡਰ ਸਿੰਘ ਤੇ ਬਾਬਾ
ਜੱਗਾ ਸਿੰਘ ਵੱਲੋਂ ਸੰਗਤ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਕਾਰ ਸੇਵਾ ਦੀ ਭਰਵੀਂ ਸ਼ਲਾਘਾ ਹੋ ਰਹੀ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਹੋਲਾ ਮਹੱਲਾ ਜੋੜ ਮੇਲੇ ਦੇ ਮੱਦੇਨਜ਼ਰ ਇਸ ਸੜਕ ਦੀ ਖਸਤਾ ਹਾਲਤ ਕਾਰਨ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਲ ਪੇਸ਼ ਆ ਰਹੀ ਸੀ, ਜਿਸ ਨੂੰ ਦੇਖਦਿਆਂ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਖੇੜਾ ਬੇਟ ਕਪੂਰਥਲਾ ਦੇ ਬਾਬਾ ਲੀਡਰ ਸਿੰਘ ਤੇ ਭਾਈ ਗੁਰਦਾਸ ਜੀ ਗੁਰਮਤਿ ਵਿਦਿਆਲਾ ਦੇ ਮੁੱਖੀ ਬਾਬਾ ਜੱਗਾ ਸਿੰਘ ਵੱਲੋਂ ਲਾਂਘਾ ਸੁਖਾਵਾਂ ਬਣਾਉਣ ਲਈ ਮਿੱਟੀ ਪਾਈ ਜਾ ਰਹੀ ਹੈ।ਇਸ ਕਾਰਜ ਲਈ ਵੱਡੀ ਗਿਣਤੀ ਸੰਗਤ ਵੱਲੋਂ ਆਪਣੀਆਂ ਟਰਾਲੀਆਂ ਨਾਲ ਸੇਵਾ ਸ਼ੁਰੂ ਕੀਤੀ ਗਈ ਹੈ।ਪ੍ਰੈਸ ਨੂੰ ਜਾਰੀ ਬਿਆਨ `ਚ ਲੌਂਗੋਵਾਲ ਨੇ ਆਖਿਆ ਕਿ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਦੀ ਹੈ ਅਤੇ ਇਸ ਤੋਂ ਪਹਿਲਾਂ ਸੂਬੇ ਦੀ ਸਰਕਾਰ ਨੂੰ ਸੜਕ ਦੀ ਮੁਰੰਮਤ ਕਰਨੀ ਚਾਹੀਦੀ ਸੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸੇਵਾ ’ਤੇ ਲੱਗੀਆਂ ਸੰਗਤਾਂ ਲਈ ਤਖਤ ਸ੍ਰੀ ਅਨੰਦਪੁਰ ਸਾਹਿਬ ਤੋਂ ਲੰਗਰ ਪਹੁੰਚਾਇਆ ਜਾਵੇਗਾ ਤੇ ਇਸ ਸੇਵਾ ਵਿਚ ਸਹਿਯੋਗ ਦਿੱਤਾ ਜਾਵੇਗਾ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media