ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਸਾ ਸਿਰਜਣਾ ਦਿਵਸ ਮੌਕੇ ਵੱਖ-ਵੱਖ ਥਾਵਾਂ ’ਤੇ ਕਰਵਾਏ ਗਏ ਅੰਮ੍ਰਿਤ ਸੰਚਾਰ
ਸਮਾਗਮਾਂ ਦੌਰਾਨ 11400 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਹੈ।ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਖ਼ਾਲਸਾ ਸਾਜਣਾ ਦਿਵਸ ਦੇ ਸਮਾਗਮਾਂ ਦੌਰਾਨ 12 ਤੋਂ 16 ਅਪ੍ਰੈਲ ਤੱਕ ਪੰਜਾਬ ਅੰਦਰ ਮਾਝਾ, ਦੁਆਬਾ ਤੇ ਮਾਲਵਾ ਜੋਨਾਂ ਦੇ ਨਾਲ-ਨਾਲ ਸਿੱਖ ਮਿਸ਼ਨ ਹਰਿਆਣਾ, ਉਤਰ ਪ੍ਰਦੇਸ਼, ਗੁਜਰਾਤ ਤੇ ਉਤਰਾਖੰਡ ਆਦਿ ਥਾਵਾਂ ’ਤੇ ਵੱਡੀ ਗਿਣਤੀ ਵਿਚ ਸੰਗਤਾਂ ਅੰਮ੍ਰਿਤ ਪਾਨ ਕਰਕੇ ਪੰਥਕ ਪਰਿਵਾਰ ਦਾ ਹਿੱਸਾ ਬਣੀਆਂ ਹਨ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਦੇਖ-ਰੇਖ ਹੇਠ ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਈ ਗਈ ਧਰਮ ਪ੍ਰਚਾਰ ਲਹਿਰ ਤਹਿਤ ਪ੍ਰਚਾਰ ਵਹੀਰਾਂ ਦੁਆਰਾ ਸੰਗਤਾਂ ਤੱਕ ਨਿਰੰਤਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਇਸੇ ਦਾ ਹੀ ਨਤੀਜਾ ਹੈ ਕਿ ਪਿਛਲੇ ਸਾਲ ਦੌਰਾਨ ਇਕ ਲੱਖ ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ।
ਇਸ ਵਰ੍ਹੇ ਵੀ ਪ੍ਰਚਾਰਕ ਜਥਿਆਂ ਵੱਲੋਂ ਲਗਾਤਾਰ ਧਰਮ ਪ੍ਰਚਾਰ ਕੀਤਾ ਜਾ ਰਿਹਾ ਹੈ। ਖ਼ਾਲਸਾ ਸਾਜਣਾ ਦਿਵਸ ਸਬੰਧੀ ਅੰਮ੍ਰਿਤ ਸੰਚਾਰ ਸਮਾਗਮਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਝਾ ਜੋਨ ’ਚ ਵੱਖ-ਵੱਖ ਥਾਵਾਂ ’ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 2322 ਪ੍ਰਾਣੀ ਗੁਰੂ ਵਾਲੇ ਬਣੇ ਹਨ।ਇਸੇ ਤਰ੍ਹਾਂ ਦੁਆਬਾ ਜੋਨ ਵਿਚ ਅੰਮ੍ਰਿਤ ਛਕਣ ਵਾਲੀਆਂ ਗਿਣਤੀ 5618 ਹੈ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਅਨੁਸਾਰ ਮਾਲਵਾ ਜੋਨ ਅੰਦਰ 2708 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਜਦਕਿ ਸਿੱਖ ਮਿਸ਼ਨ ਹਰਿਆਣਾ ਵੱਲੋਂ 326, ਸਿੱਖ ਮਿਸ਼ਨ ਹਾਪੁੜ ਉਤਰਪ੍ਰਦੇਸ਼ ਵੱਲੋਂ 246, ਸਿੱਖ ਮਿਸ਼ਨ ਗੁਜਰਾਤ ਵੱਲੋਂ 51 ਅਤੇ ਸਿੱਖ ਮਿਸ਼ਨ ਉਤਰਾਖੰਡ ਵੱਲੋਂ 169 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗਿਆ।ਜੌੜਾਸਿੰਘਾ ਅਨੁਸਾਰ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਹੋਏ ਇਨ੍ਹਾਂ ਅੰਮ੍ਰਿਤ ਸੰਚਾਰ ਸਮਾਗਮਾਂ ਤੋਂ ਇਲਾਵਾ ਵੀ ਇਸ ਸਾਲ ਵੱਖ ਵੱਖ ਥਾਵਾਂ ’ਤੇ ਗਰੁਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕੀਤੇ ਗਏ ਹਨ, ਜਿਨ੍ਹਾਂ ਵਿਚ ਹਜ਼ਾਰਾਂ ਸੰਗਤਾਂ ਗੁਰੂ ਲੜ ਲੱਗੀਆਂ ਹਨ।ਉਨ੍ਹਾਂ ਕਿਹਾ ਕਿ ਭਾਈ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਲਗਾਤਾਰ ਜਾਰੀ ਹੈ ਅਤੇ ਇਸ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media