ਕਿਹਾ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦੀ ਗੈਲਰੀ ਦੇ ਨਿਰਮਾਣ ਕਾਰਜ਼ ਤੇਜੀ ਨਾਲ ਜਾਰੀ
ਮਹਿਤ ਚੌਕ, 5 ਜੂਨ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਜੂਨ ’84 ਦੇ ਘਲੂਘਾਰੇ ਦੌਰਾਨ ਸੰਤ
ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੁਚੱਜੀ ਅਗਵਾਈ ’ਚ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸਿੱਖੀ ਅਣਖ ਖਾਤਰ ਆਪਾ ਵਾਰ ਗਏ ਮਹਾਨ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵਲੋਂ ਸਮੂਹ ਸਿੱਖ ਜਗਤ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਦੀ ਤਰਾਂ ਕਰਾਏ ਜਾ ਰਹੇ ਅਰਦਾਸ ਸਮਾਗਮ ਵਿਚ ਸਮੂਹ ਸਿੱਖ ਜਗਤ ਨੂੰ ਹੁੰਮ ਹੁਮਾ ਕੇ ਸ਼ਾਮਿਲ ਹੋਣ ਦੀ ਜਿਥੇ ਅਪੀਲ ਕੀਤੀ ਹੈ ਉਥੇ ਹੀ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼ਹੀਦਾਂ ਪ੍ਰਤੀ ਅਦਬ ਸਤਿਕਾਰ ਨੂੰ ਧਿਆਨ ਵਿਚ ਰੱਖਦਿਆਂ ਘਲੂਘਾਰੇ ਸਮਾਗਮ ’ਤੇ ਕਿਸੇ ਤਰਾਂ ਦੀ ਹੁਲੜਬਾਜ਼ੀ ਕਰਨ ਤੋਂ ਸੰਕੋਜ ਕਰਨ ਅਤੇ ਸ਼ਾਂਤਮਈ ਤਰੀਕੇ ਨਾਲ ਸ਼ਰਧਾ ਪੂਰਵਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਿਹਾ।
ਦਮਦਮੀ ਟਕਸਾਲ ਮੁਖੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰੀ ਭਰਨ ਉਪਰੰਤ ਦਮਦਮੀ ਟਕਸਾਲ ਦੇ ਹੈਡ ਕੁਆਟਰ ਮਹਿਤਾ ਚੌਕ ਵਿਖੇ ਹੋ ਰਹੇ 35ਵੇਂ ਵਿਸ਼ਾਲ ਸ਼ਹੀਦੀ ਸਮਾਗਮ ਵਿਚ ਵੀ ਵੱਡੀ ਸੰਖਿਆ ਵਿੱਚ ਹਾਜਰੀਆਂ ਭਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਹੈ।
ਇਸੇ ਦੌਰਾਨ ਪ੍ਰੋ: ਸਰਚਾਂਦ ਸਿੰਘ ਨੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੇ ਹਵਾਲੇ ਨਾਲ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸ਼ਹੀਦੀ ਗੈਲਰੀ ਦੀ ਉਸਾਰੀ ਪ੍ਰਤੀ ਦਮਦਮੀ ਟਕਸਾਲ ਨੂੰ ਸੋਪੀ ਗਈ ਸੇਵਾ ਦਾ ਕਾਰਜ ਨਿਰੰਤਰ ਜਾਰੀ ਹੈ। ਪਹਿਲੇ ਪੜਾਅ ਵਜੋਂ ਫਰਸ਼ ’ਤੇ ਸੰੁਦਰ ਤੇ ਮਜ਼ਬੂਤ ਸੰਗਮਰਮਰ ਲਗਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਸ਼ਹੀਦਾਂ ਦੀਆਂ ਤਸਵੀਰ ਲਗਾਉਣ ਲਈ ਹਾਲ ਨੂੰ ਵੱਖ-ਵੱਖ ਹਿਸਿਆਂ ’ਚ ਵੰਡਣ ਅਤੇ ਤਸਵੀਰਾਂ ਲਗਾਉਣ ਲਈ ਫਰੇਮ ਤਿਆਰ ਕਰਨ ਹਿੱਤ ਸਟੀਲ ਫਬਰੀਕੇਟਰ ਦਾ ਕੰਮ ਚੱਲ ਰਿਹਾ ਹੈ। ਉਹਨਾਂ ਇਹ ਵੀ ਦਸਿਆ ਕਿ ਦਮਦਮੀ ਟਕਸਾਲ ਵਲੋਂ ਤਿਆਰ ਕੀਤੀ ਗਈ ਸ਼ਹੀਦਾਂ ਦੀ ਸੂਚੀ ਦੇ 900 ਵਿਚੋਂ 70 ਫੀਸਦੀ ਤਸਵੀਰਾਂ ਹਾਸਲ ਕਰ ਲਈਆਂ ਗਈਆਂ ਹਨ। ਬਾਕੀ ਤਸਵੀਰਾਂ ਨੂੰ ਇਕੱਤਰ ਕਰਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ ਅਤੇ ਸ਼ਹੀਦੀ ਗੈਲਰੀ ਜਲਦ ਮੁਕੰਮਲ ਕਰਕੇ ਕੌਮ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ।
Punjab Post Daily Online Newspaper & Print Media