ਅਜਿਹੀਆਂ ਘਟਨਾਵਾਂ ਰੋਕਣ ਲਈ ਐਸ.ਓ.ਪੀਜ਼ ਤਿਆਰ ਕਰਨ ਲਈ ਆਫਤ ਪ੍ਰਬੰਧਨ ਗਰੁੱਪ ਨੂੰ ਨਿਰਦੇਸ਼
ਚੰਡੀਗੜ, 11 ਜੂਨ (ਪੰਜਾਬ ਪੋਸਟ ਬਿਊਰੋ) – ਸੰਗਰੂਰ ਜ਼ਿਲੇ ਦੇ ਸੁਨਾਮ ਇਲਾਕੇ ਦੇ ਪਿੰਡ ਭਗਵਾਨਪੁਰ ਵਿਖੇ ਬੋਰ ਵਿਚ ਡਿੱਗਕੇ 2 ਸਾਲਾਂ ਦੇ ਫਤਹਿਵੀਰ ਸਿੰਘ ਦੀ
ਹੋਈ ਦਰਦਨਾਕ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿਚ ਖੁਲੇ ਪਏ ਸਾਰੇ ਬੋਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਫਤਹਿਵੀਰ ਸਿੰਘ ਨੂੰ 108 ਘੰਟੇ ਦੀ ਸਖਤ ਜਦੋ-ਜਹਿਦ ਦੇ ਬਾਵਜੂਦ ਬਚਾਇਆ ਨਾ ਜਾ ਸਕਿਆ।
ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਖੁੱਲੇ ਪਏ ਬੋਰਾਂ ਬਾਰੇ ਡਿਪਟੀ ਕਮਿਸ਼ਨਰਾਂ ਤੋਂ ਜਾਣਕਾਰੀ ਮੰਗੀ ਹੈ ਅਤੇ ਉਨਾਂ ਨੇ ਇਸ ਤਰਾਂ ਦੀ ਦੁਖਦਾਈ ਘਟਨਾ ਤੋਂ ਬਚਣ ਲਈ ਇਨਾਂ ਦੇ ਸਬੰਧ ਵਿੱਚ ਤੁਰੰਤ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ ਹਨ।
ਇਸ ਘਟਨਾ `ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਮੱਖ ਸਕੱਤਰ ਦੀ ਅਗਵਾਈ ਵਾਲੇ ਆਫਤ ਪ੍ਰਬੰਧਨ ਗਰੁੱਪ ਨੂੰ ਅਜਿਹਿਆਂ ਘਟਨਾਵਾਂ ਤੋਂ ਬਚਣ ਅਤੇ ਰੋਕਣ ਲਈ ਐਸ.ਪੀ.ਓਜ (ਸਟੈਂਡਰਡ ਆਪਰੇਟਿੰਗ ਪ੍ਰਾਸੀਜ਼ਰ) ਨੂੰ ਅੰਤਿਮ ਰੂਪ ਦੇਣ ਲਈ ਅਖਿਆ ਹੈ।ਮੁੱਖ ਮੰਤਰੀ ਫਤਹਿਵੀਰ ਨੂੰ ਬਚਾਉਣ ਲਈ ਬਚਾਉ ਕਾਰਜਾਂ ਦੀ ਲਗਾਤਾਰ ਨਿਗਰਾਨੀ ਕਰਦੇ ਰਹੇ।ਕੁਦਰਤੀ ਆਫਤਾਂ ਨਾਲ ਨਿਪਟਣ ਲਈ ਗਠਿਤ ਕੀਤੇ ਗਰੁੱਪ ਨੂੰ ਰਾਹਤ ਕਾਰਜਾਂ ਵਿੱਚ ਕਿਸੇ ਵੀ ਤਰਾਂ ਦੇ ਘਾਟ ਦਾ ਅਧਿਐਨ ਕਰਨ ਅਤੇ ਭਵਿੱਖ ਵਿੱਚ ਇਸ ਤਰਾਂ ਦੇ ਕਿਸੇ ਵੀ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਸਿਫਾਰਸ਼ਾਂ ਦੇਣ ਲਈ ਆਖਿਆ ਹੈ।
ਇਸ ਗਰੁੱਪ ਵਿੱਚ ਹੋਰਨਾਂ ਮੈਂਬਰਾਂ ਵਿਚ ਪ੍ਰਿੰਸੀਪਲ ਸਕੱਤਰ ਵਿੱਤ (ਪੀ.ਐਸ.ਐਫ), ਵਿੱਤ ਕਮਿਸ਼ਨਰ ਦੇਹਾਤੀ ਵਿਕਾਸ ਅਤੇ ਪੰਚਾਇਤ (ਐਫ.ਸੀ.ਆਰ.ਡੀ.ਪੀ) ਅਤੇ ਵਿੱਤ ਕਮਿਸ਼ਨਰ ਵਿਕਾਸ (ਐਫ.ਸੀ.ਡੀ) ਸ਼ਾਮਲ ਹਨ।
ਫਤਹਿਵੀਰ ਸਿੰਘ ਦੀ ਮੌਤ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ, “ਫਤਹਿਵੀਰ ਸਿੰਘ ਦੀ ਦੁੱਖਦਾਈ ਮੌਤ ਬਾਰੇ ਸੁਣ ਕੇ ਮਨ ਬਹੁਤ ਉਦਾਸ ਹੋਇਆ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਭਾਰੀ ਘਾਟੇ ਨੂੰ ਸਹਿਣ ਕਰਨ ਲਈ ਪ੍ਰਮਾਤਮਾ ਉਸ ਦੇ ਪਰਿਵਾਰ ਨੂੰ ਬਲ ਬਖਸ਼ੇ।ਖੁਲੇ ਬੋਰਾਂ ਦੇ ਸਬੰਧ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟਾਂ ਮੰਗੀਆਂ ਗਈ ਤਾਂ ਜੋ ਭਵਿੱਖ ਵਿਚ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਉਨਾਂ ਅੱਗੇ ਲਿਖਿਆ ਹੈ, “ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਜ਼ਿਲੇ ਵਿੱਚ ਕੋਈ ਵੀ ਖੁਲਾਂ ਬੋਰ ਨਾ ਹੋਣ ਨੂੰ ਯਕੀਨੀ ਬਣਾਉਣ ਅਤੇ ਉਨਾਂ ਨੂੰ 24 ਘੰਟਿਆਂ ਵਿੱਚ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਆਖਿਆ ਗਿਆ ਹੈ।ਜੇ ਤੁਹਾਡੇ ਇਲਾਕੇ ਵਿੱਚ ਕੋਈ ਵੀ ਖੁੱਲਾ ਬੋਰ ਹੈ ਤਾਂ ਤੁਸੀਂ ਸਾਡੀ ਹੈਲਪਲਾਈਨ ਨੰਬਰ 0172-2740397 `ਤੇ ਫੋਨ ਕਰ ਸਕਦੇ ਹਨ।
ਬੱਚੇ ਅਤੇ ਉਸ ਦੇ ਪਰਿਵਾਰ ਲਈ ਅਰਦਾਸ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 6 ਜੂਨ ਨੂੰ ਸ਼ਾਮ 4:15 ਵਜੇ ਬੱਚੇ ਦੇ 125 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਜਾਣ ਬਾਰੇ ਸੂਚਨਾ ਮਿਲਣ ਦੇ ਕੁੱਝ ਮਿੰਟਾਂ ਅੰਦਰ ਹੀ ਜ਼ਿਲਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਬਚਾਅ ਕਾਰਜ ਆਰੰਭ ਦਿੱਤੇ ਗਏ।ਐਨ.ਡੀ.ਆਰ.ਐਫ ਬਚਾਅ ਕਾਰਜਾਂ ਵਿੱਚ ਜੁਟ ਗਈ ਅਤੇ ਪਟਿਆਲਾ, ਸੰਗਰੂਰ ਅਤੇ ਚੰਡੀਮੰਦਰ ਕਮਾਂਡ ਦੀਆਂ ਫੌਜ ਦੀਆਂ ਅਥਾਰਟੀਆਂ ਨੂੰ ਵੀ ਉਸੇ ਵੇਲੇ ਸੂਚਿਤ ਕਰ ਦਿੱਤਾ ਗਿਆ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਹੁਣ ਤੱਕ ਹਾਸਲ ਕੀਤੀਆਂ ਰਿਪੋਰਟਾਂ ਮੁਤਾਬਿਕ ਐਨ.ਡੀ.ਆਰ.ਐਫ ਦੇ ਜਵਾਨਾਂ ਨੇ ਭਾਵੇਂ ਪਹੁੰਚਣ ਦੇ 10 ਘੰਟਿਆਂ ਦੇ ਅੰਦਰ ਹੀ ਬੱਚੇ ਦੇ ਦੋਵਾਂ ਗੁੱਟਾਂ ਦੁਆਲੇ ਰੱਸੀ ਬੰਨ ਲਈ ਸੀ, ਪਰ ਪਾਈਪ ਦਾ ਘੇਰਾ ਤੰਗ ਸੀ ਜੋ ਬੱਚੇ ਦੇ ਫਸ ਜਾਣ ਦਾ ਕਾਰਨ ਬਣ ਗਿਆ।ਜਿਸ ਕਰਕੇ ਮਜ਼ਬੂਰਨ ਉਨਾਂ ਨੂੰ ਆਪਣਾ ਇਹ ਤਰੀਕਾ ਤਿਆਗਣਾ ਪਿਆ।ਇਸੇ ਦੌਰਾਨ ਜੇ.ਸੀ.ਬੀ ਅਤੇ ਹੋਰ ਮਸ਼ੀਨਾਂ ਨੇ ਡੂੰਘਾਈ ਨੂੰ ਘਟਾਉਣ ਲਈ ਮੌਕੇ `ਤੇ ਉਸ ਥਾਂ ਉਪਰ ਮਿੱਟੀ ਪੁੱਟਣ ਦਾ ਕੰਮ ਕੀਤਾ ਜਿਥੇ ਇਹ ਕਾਰਜ ਕੀਤੇ ਜਾ ਰਹੇ ਸਨ।
ਜ਼ਿਲਾ ਪ੍ਰਸ਼ਾਸਨ ਵਲੋਂ ਹਰ ਤਰਾਂ ਦਾ ਸੰਭਵ ਤਕਨੀਕੀ ਸਹਿਯੋਗ ਮੁਹੱਈਆ ਕਰਵਾਇਆ ਗਿਆ, ਪਰ ਕਿਸੇ ਵੀ ਢਿੱਗ ਨੂੰ ਡਿੱਗਣ ਤੋਂ ਰੋਕਣ ਲਈ ਸਮਾਨਾਂਤਰ ਮਿੱੱਟੀ ਪੁੱਟਣ ਅਤੇ ਉਸ ਦੇ ਬਰਾਬਰ ਪਾਈਪਾਂ ਪਾਉਣ ਵਿੱਚ 46 ਘੰਟਿਆਂ ਦਾ ਸਮਾਂ ਲੱਗਾ।ਇਸੇ ਦੌਰਾਨ ਜਿਥੇ ਪਾਈਪ ਪਾਈ ਜਾ ਰਹੀ ਸੀ, ਉਥੇ ਦਿਸ਼ਾ ਦੀ ਸਮੱਸਿਆ ਹੋਣ ਕਾਰਨ ਕਾਰਵਾਈ ਵਿੱਚ ਵਿਘਨ ਪਿਆ ਜਿਸ ਕਰਕੇ ਕੁੱਝ ਸਮਤਲ ਪੁਟਾਈ ਕਰਨ ਦੀ ਵੀ ਲੋੜ ਪੈਦਾ ਹੋਈ।
ਐਨ.ਡੀ.ਆਰ.ਐਫ ਦੇ ਅਧਿਕਾਰੀਆਂ ਜੋ ਪੂਰੇ ਓਪਰੇਸ਼ਨ ਦੌਰਾਨ ਫੌਜ ਨਾਲ ਲਗਾਤਾਰ ਸੰਪਰਕ ਵਿੱਚ ਸਨ, ਦੇ ਮੁਤਾਬਿਕ ਬੱਚੇ ਨੂੰ ਕੱਢਣ ਦੀ ਪ੍ਰਕਿਰਿਆ ਦੌਰਾਨ ਉਸ ਨੂੰ ਸਰੀਰਕ ਤੌਰ `ਤੇ ਕੋਈ ਹਾਨੀ ਨਹੀਂ ਪਹੁੰਚੀ।ਇਹ ਪ੍ਰਕਿਰਿਆ ਹੱਥੀਂ ਕੀਤੀ ਗਈ ਕਿਉਂਕਿ ਮਸ਼ੀਨਰੀ ਦੀ ਵਰਤੋਂ ਨਾਲ ਬੱਚੇ ਦਾ ਨੁਕਸਾਨ ਹੋਣ ਦੀ ਸੰਭਾਵਨਾ ਸੀ, ਕਿਉਂਜੋ ਅਜਿਹੀ ਮਸ਼ੀਨਰੀ ਲਈ ਖਾਸਤੌਰ `ਤੇ ਪਾਣੀ ਦੀ ਲੋੜ ਹੁੰਦੀ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media