ਦਰਸ਼ਕਾਂ ਦੇ ਰੂਬਰੂ ਕੀਤੀਆਂ ਪੰਜਾਬੀ ਦੀਆਂ ਚਾਰ ਸ਼ਾਰਟ ਫਿਲਮਾਂ
ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ) – 8ਵੇਂ ਸਮਰ ਆਰਟ ਕੈਂਪ / ਫੈਸਟੀਵਲ 2019 ਤਹਿਤ ਅੱਜ `ਸੌਂਗ ਆਫ ਪੀਸ` ਦੇ
ਬੈਨਰ ਹੇਠ ਸਥਾਨਕ ਆਰਟ ਗੈਲਰੀ ਵਿਖੇ ਅੰਮ੍ਰਿਤਸਰ ਦੇ ਨਾਮਵਰ ਦਿਵਿਆਂਗ ਗ੍ਰਾਫਿਕਸ ਕਲਾਕਾਰ ਮਨਦੀਪ ਸਿੰਘ ਮੰਨੂ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਅਤੇ ਇੰਜ. ਧਰਮ ਸਿੰਘ ਆਡੀਟੋਰੀਅਮ ਵਿਖੇ ਪੰਜਾਬੀ ਦੀਆਂ ਚਾਰ ਸ਼ਾਰਟ ਫਿਲਮਾਂ ਦਰਸ਼ਕਾਂ ਦੇ ਰੂਬਰੂ ਕੀਤੀਆਂ ਗਈਆਂ।ਡਿਜ਼ੀਟਲ ਗ੍ਰਾਫਿਕਸ ਮਾਧਿਅਮ ਰਾਹੀਂ ਤਿਆਰ ਕੀਤੀਆਂ ਗਈਆਂ 20 ਦੇ ਕਰੀਬ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਅਤੇ ਸ਼ਾਰਟ ਫਿਲਮਾਂ ਦਾ ਉਦਘਾਟਨ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।
ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ `ਸੌਂਗ ਆਫ ਪੀਸ` ਪ੍ਰਦਰਸ਼ਨੀ ਮਨੁੱਖੀ ਮਨ ਦੀਆਂ ਅੰਤਰੀਵ ਤੇ ਕੋਮਲ ਭਾਵਨਾਵਾਂ ਅਤੇ ਪ੍ਰਮਾਤਮਾ ਨਾਲ ਇੱਕ ਮਿਕ ਹੋਣ ਦੇ ਭਾਵ ਦਰਸਾਉਂਦੀ ਹੈ।ਉਨਾਂ ਆਖਿਆ ਕਿ ਅੰਮ੍ਰਿਤਸਰ ਦਾ ਇਹ ਦਿਵਿਆਂਗ ਕਲਾਕਾਰ ਮਨਦੀਪ ਸਿੰਘ ਮੰਨੂ ਆਪਣੀ ਮਿਹਨਤ ਅਤੇ ਲਗਨ ਸਦਕਾ ਅੰਤਰਰਾਸ਼ਟਰੀ ਪੱਧਰ `ਤੇ ਪ੍ਰਸਿੱਧੀ ਕਮਾ ਚੁੱਕਾ ਹੈ।ਇਸ ਸਮੇਂ ਜੋ ਚਾਰ ਸ਼ਾਰਟ ਫਿਲਮਾਂ ਦਿਖਾਈਆਂ ਗਈਆਂ, ਉਨ੍ਹਾਂ ਵਿੱਚ ਅਮਰਦੀਪ ਗਿੱਲ ਨਿਰਦੇਸ਼ਿਤ ਖੂਨ, ਨਵਤੇਜ਼ ਸੰਧੂ ਦੀ ਨੂਰਾਂ, ਡਾ. ਸਾਹਿਬ ਸਿੰਘ ਦੀ ਸੁਲਘਦੀ ਮਿੱਟੀ ਅਤੇ ਹਰਿੰਦਰ ਸੋਹਲ ਦੀ ਕਿਆਰੀਆਂ ਸ਼ਾਮਿਲ ਹਨ।ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਇੰਜ: ਪੀ.ਐਸ ਗਰੋਵਰ ਸਨ।
ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਲਾਕਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਨਰਿੰਦਰਜੀਤ ਸਿੰਘ ਆਰਕੀਟੈਕਟ, ਡਾ. ਪੀ.ਐਸ ਗਰੋਵਰ, ਹਰਮਿੰਦਰ ਸਿੰਘ ਫਰੀਡਮ, ਦੇਵ ਦਰਦ, ਭੁਪਿੰਦਰ ਸਿੰਘ ਆਰਟਿਸਟ, ਦੀਪ ਦਵਿੰਦਰ ਸਿੰਘ, ਦੀਦਾਰ ਸਿੰਘ ਗੈਮਕੋ, ਜੱਜਪਾਲ ਸਿੰਘ, ਸੰਦੀਪ ਸਿੰਘ ਵਿੱਕੀ, ਅੰਮ੍ਰਿਤਪਾਲ ਸਿੰਘ, ਸੁਕੀਰਤ ਸਿੰਘ, ਪ੍ਰਨੀਤ ਬੱਬਰ, ਮੈਡਮ ਆਰਤੀ, ਤਰਲੋਚਨ ਸਿੰਘ, ਰਣਜੋਧ ਸਿੰਘ, ਕਲਾਸੀਕਲ ਸੰਗੀਕਾਰਾ ਸੁਰਕਸ਼ਾ, ਅਨੀਰੁੱਧ ਆਦਿ ਤੋਂ ਇਲਾਵਾ ਆਰਟਿਸਟਾਂ, ਸਿੱਖਿਆਰਥੀ ਅਤੇ ਵੱਡੀਗਿਵਤੀ `ਚ ਕਲਾ ਪ੍ਰੇਮੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਮਨਦੀਪ ਸਿੰਘ ਮੰਨੂ ਸਥਾਨਕ ਕੈਂਬਰਿਜ਼ ਸਕੂਲ ਵਿੱਚ ਗ੍ਰਾਫਿਕਸ ਟੀਚਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media