ਚੰਡੀਗੜ, 18 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਦੇ ਭੰਡਾਰਨ ਵਾਸਤੇ ਢੱਕੀ ਹੋਈ ਥਾਂ ਦੀ ਭਾਰੀ ਘਾਟ
ਨਾਲ ਨਿਪਟਣ ਲਈ ਸੂਬੇ ਵਿੱਚ ਵਿਗਿਆਨਿਕ ਲੀਹਾਂ `ਤੇ ਅਨਾਜ ਦੇ ਭੰਡਾਰਨ ਲਈ 20 ਲੱਖ ਮੀਟਰਕ ਟਨ ਦੀ ਸਮਰੱਥਾ ਦੇ ਢੱਕੇ ਗੁਦਾਮਾਂ ਦੇ ਨਿਰਮਾਣ ਦੀ ਆਗਿਆ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਰੂਰੀ ਦਖਲ ਦੀ ਮੰਗ ਕੀਤੀ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਗਏ ਇੱਕ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਸਰਕਾਰ/ਐਫ਼.ਸੀ.ਆਈ ਦੀ 7 ਸਾਲਾਂ ਗਰੰਟੀ ਹੇਠ 20 ਲੱਖ ਮੀਟਰਕ ਟਨ ਸਮਰੱਥਾ ਦੇ ਢੱਕੇ ਹੋਏ ਗੋਦਾਮਾਂ ਦੇ ਨਿਰਮਾਣ ਦੀ ਆਗਿਆ ਦੇਣ ਵਾਸਤੇ ਭਾਰਤ ਸਰਕਾਰ ਦੇ ਖੁਰਾਕ ਮੰਤਰਾਲੇ ਨੂੰ ਨਿਰਦੇਸ਼ ਦੇਣ।
ਮੁੱਖ ਮੰਤਰੀ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਪਿਛਲੇ ਕੁੱਝ ਸੀਜਨਾਂ ਦੌਰਾਨ ਅਥਾਹ ਫਸਲ ਹੋਣ ਕਾਰਨ ਪੰਜਾਬ ਤੋਂ ਅਨਾਜ ਉਠਾਉਣ ਦੀ ਗਤੀ ਬਹੁਤ ਧੀਮੀ ਰਹੀ ਹੈ। ਇਸ ਦੇ ਕਾਰਨ ਢਕੇ ਹੋਏ ਸਟੋਰੇਜ਼ ਦੀ ਥਾਂ ਦੀ ਬਹੁਤ ਜ਼ਿਆਦਾ ਕਮੀ ਪੈਦਾ ਹੋ ਗਈ ਹੈ। ਇਸ ਦੇ ਨਤੀਜੇ ਵਜੋਂ ਸੂਬੇ ਵਿਚੋਂ 280 ਲੱਖ ਮੀਟਰਕ ਟਨ ਵਿਚੋਂ 100 ਲੱਖ ਮੀਟਰਕ ਟਨ ਤੋਂ ਵੱਧ ਕਣਕ ਇਸ ਵੇਲੇ ਖੁਲੇ ਵਿਚ ਸਟੋਰ ਕੀਤੀ ਹੋਈ ਹੈ। ਉਨਾਂ ਕਿਹਾ ਕਿ ਗੈਰ ਮੌਸਮੀ ਮੀਂਹ ਦੇ ਕਾਰਨ ਇਸ ਸਾਲ ਸਥਿਤੀ ਬਹੁਤ ਗੰਭੀਰ ਬਣੀ ਰਹੀ, ਜਿਸ ਦੇ ਨਤੀਜੇ ਵਜੋਂ ਢਿੱਲ ਦਿੱਤੀਆਂ ਸਪੈਸੀਫਿਕੇਸ਼ਨਾਂ (ਯੂ.ਆਰ.ਐਸ) ਦੇ ਆਧਾਰ `ਤੇ ਕਣਕ ਦੀ ਵਿਸ਼ੇਸ਼ ਮਾਤਰਾ ਦੀ ਖਰੀਦ ਕੀਤੀ ਗਈ।
ਹਾਲਾਂਕਿ ਐਫ਼.ਸੀ.ਆਈ ਨੇ ਸੂਬੇ ਵਿੱਚ ਰੇਲਵੇ ਪਟੜੀ ਦੁਵਾਲੇ 21 ਲੱਖ ਮੀਟਰਕ ਟਨ ਦੀ ਸਮਰੱਥਾ ਦੇ ਵਾਧੂ ਸਾਇਲੋ ਦੇ ਨਿਰਮਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਨਾਂ ਦੇ ਨਿਰਮਾਣ ਦੇ ਵਾਸਤੇ 4-5 ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਲੱਗੇਗਾ। ਉਨਾਂ ਕਿਹਾ ਕਿ ਸਟੋਰੇਜ਼ ਦੀ ਢੁੱਕਵੀਂ ਥਾਂ ਦੀ ਕਮੀ ਦੇ ਨਤੀਜੇ ਵਜੋਂ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ ਆਉਂਦੇ ਸੀਜ਼ਨ ਦੌਰਾਨ ਅਢੁੱਕਵੀਆਂ ਥਾਵਾਂ `ਤੇ ਕਣਕ ਦੀ ਸਟੋਰਜ ਕਰਨੀ ਪਵੇਗੀ।ਇਸ ਦੇ ਨਾਲ ਕਣਕ ਦੇ ਸਟਾਕ ਨੂੰ ਨੁਕਸਾਨ ਹੋਵੇਗਾ। ਉਨਾਂ ਨੇ ਇਸ ਨੁਕਸਾਨ ਨੂੰ ਰਾਸ਼ਟਰੀ ਨੁਕਸਾਨ ਦੱਸਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਖੁਰਾਕ ਮੰਤਰਾਲੇ ਨੂੰ ਭਾਰਤ ਸਰਕਾਰ/ਐਫ.ਸੀ.ਆਈ ਦੀ ਗਰੰਟੀ ਹੇਠ ਢਕੇ ਹੋਏ ਗੋਦਾਮਾਂ ਦੇ ਨਿਰਮਾਣ ਦੀ ਆਗਿਆ ਦੇਣ ਵਾਸਤੇ ਬੇਨਤੀ ਕੀਤੀ ਹੈ ਪਰ ਮੰਤਰਾਲੇ ਕੋਲੋਂ ਰਸਮੀ ਪ੍ਰਵਾਨਗੀ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਵਿਗਿਆਨਕ ਲੀਹਾਂ `ਤੇ ਗੋਦਾਮ ਦੇ ਨਿਰਮਾਣ ਲਈ ਆਮ ਤੌਰ `ਤੇ ਤਕਰੀਬਨ 10 ਮਹੀਨੇ ਲੱਗਦੇ ਹਨ ਅਤੇ ਅਗਲੇ ਹਾੜੀ 2020-21 ਦਾ ਸੀਜ਼ਨ ਸ਼ੁਰੂ ਹੋਣ ਲਈ ਹੁਣ ਸਿਰਫ 10 ਮਹੀਨੇ ਹੀ ਬਚੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਗਲੀ ਹਾੜੀ ਦੇ ਸੀਜਨ ਤੱਕ ਵਿਗਿਆਨਕ ਲੀਹਾਂ `ਤੇ ਸਟੋਰੇਜ ਦੀ ਢੁੱਕਵੀ ਥਾਂ ਦੀ ਉਪਲਭਦਤਾ ਯਕੀਨੀ ਬਨਾਉਣ ਲਈ ਸੂਬਾ ਸਰਕਾਰ ਸਖਤ ਜਦੋ-ਜਹਿਦ ਕਰ ਰਹੀ ਹੈ।ਉਨਾਂ ਨੇ ਇਸ ਅਹਿਮ ਮਾਮਲੇ ਦੇ ਨਿਪਟਾਰੇ ਵਾਸਤੇ ਪ੍ਰਧਾਨ ਮੰਤਰੀ ਦੇ ਜ਼ਰੂਰੀ ਦਖਲ ਦੀ ਮੰਗ ਕੀਤੀ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media