ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਬਰਸਾਤੀ ਪਾਣੀ ਦੇ ਪ੍ਰਬੰਧ ਕਰਨ ਦੀ ਵੀ ਕੀਤੀ ਹਦਾਇਤ
ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਆ ਰਹੇ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ
ਸਾਰੀਆਂ ਤਹਿਸੀਲਾਂ ਦੇ ਐਸ ਡੀ ਐਮ, ਡਰੇਨਜ਼ ਵਿਭਾਗ, ਪੁਲਿਸ, ਫੌਜ, ਸੀਵਰੇਜ, ਨਗਰ ਕੌਂਸਲਾਂ, ਕਾਰਪੋਰੇਸ਼ਨ, ਪੰਚਾਇਤ, ਸਿੰਚਾਈ ਵਿਭਾਗ, ਸਿਹਤ, ਪਸ਼ੂ ਪਾਲਣ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਜਿਲ੍ਹੇ ਦੇ ਰਾਵੀ ਤੇ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਸ਼ਹਿਰੀ ਅਬਾਦੀਆਂ ਵਿਚ ਪੈਂਦੇ ਅਜਿਹੇ ਇਲਾਕੇ ਜਿੱਥੇ ਮੀਂਹ ਦਾ ਪਾਣੀ ਜਮਾ ਹੁੰਦਾ ਹੈ, ਨੂੰ ਇਸ ਕੁਦਰਤੀ ਆਫਤ ਤੋਂ ਬਚਾਅ ਕਰਨ ਦੇ ਹੁੱਕਮ ਦਿੱਤੇ।ਉਨਾਂ ਸਪੱਸ਼ਟ ਕੀਤਾ ਕਿ ਜਿੱਥੇ ਹੜ੍ਹਾਂ ਦੌਰਾਨ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਮਾਰ ਹੇਠ ਆਉਂਦੇ ਹਨ, ਉਥੇ ਸ਼ਹਿਰੀ ਆਬਾਦੀ ਵੀ ਪਾਣੀ ਨਾਲ ਭਰ ਜਾਂਦੀਆਂ ਹਨ, ਜੋ ਕਿ ਹੜ੍ਹਾਂ ਤੋਂ ਘੱਟ ਨਹੀਂ ਹੁੰਦਾ।
ਢਿਲੋਂ ਨੇ ਅੰਮਿ੍ਰਤਸਰ ਸ਼ਹਿਰ ਦੇ ਨੀਵੇਂ ਇਲਾਕਿਆਂ ਤੋਂ ਇਲਾਵਾ ਵਿਰਾਸਤੀ ਗਲੀ ਵਿਚ ਖੜ੍ਹਦੇ ਮੀਂਹ ਦੇ ਪਾਣੀ ਦਾ ਨੋਟਿਸ ਲੈਂਦੇ ਕਿਹਾ ਕਿ ਉਕਤ ਇਲਾਕਿਆਂ ਨੂੰ ਬਰਸਾਤ ਆਉਣ ਤੋਂ ਪਹਿਲਾਂ ਇਨਾਂ ਦੀ ਨਿਕਾਸੀ ਦਾ ਪ੍ਰਬੰਧ ਸੀਵਰੇਜ ਸਾਫ ਕਰਕੇ ਕੀਤਾ ਜਾਵੇ, ਤਾਂ ਜੋ ਨਿੱਕੀ ਜਿਹੀ ਗਲਤੀ ਦਾ ਖਮਿਆਜ਼ਾ ਲੋਕਾਂ ਤੇ ਯਾਤਰੀਆਂ ਨੂੰ ਨਾ ਭੁਗਤਣਾ ਪਵੇ।ਉਨਾਂ ਕਿਹਾ ਕਿ ਇਸੇ ਤਰਾਂ ਜਿਲ੍ਹੇ ਦੀਆਂ ਉਨਾਂ ਆਬਾਦੀਆਂ, ਜਿੰਨਾ ਵਿਚ ਬਰਸਾਤ ਦਾ ਪਾਣੀ ਜਮਾ ਹੁੰਦਾ ਹੈ, ਦਾ ਸਰਵੇ ਕਰਕੇ ਤਰੁੰਤ ਪ੍ਰਭਾਵੀ ਪ੍ਰਬੰਧ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਰਾਵੀ ਤੇ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਅਧਿਕਾਰੀਆਂ ਦੀਆਂ ਪਿੰਡ ਪੱਧਰ ਉਤੇ ਡਿਊਟੀਆਂ ਲਗਾਉਣ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ, ਉਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਅਤੇ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਨ ਲਈ ਤਿਆਰ ਰਹਿਣ ਵਾਸਤੇ ਵੀ ਕਿਹਾ।ਢਿਲੋਂ ਨੇ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਪ੍ਰਬੰਧਾਂ ਦਾ ਖੁਦ ਮੌਕੇ ਉਤੇ ਜਾ ਕੇ ਨਿਰੀਖਣ ਕਰਨਗੇ ਅਤੇ ਕਿਸੇ ਵੀ ਕੰਮ ਵਿਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਢਿਲੋਂ ਨੇ ਕਿਹਾ ਕਿ ਡਰੇਨਾਂ ਅਤੇ ਨਾਲਿਆਂ ਦੀ ਕੀਤੀ ਜਾ ਰਹੀ ਸਫਾਈ ਕੇਵਲ ਖਾਨਾਪੂਰਤੀ ਨਾ ਹੋਵੇ, ਇਸ ਲਈ ਸਬੰਧਤ ਵਿਭਾਗ ਠੇਕੇਦਾਰਾਂ ਉਤੇ ਬਰਾਬਰ ਨਿਗ੍ਹਾ ਰੱਖਣ।ਉਨਾਂ ਕਿਹਾ ਕਿ ਉਕਤ ਕੰਮ ਜੇਕਰ ਧਿਆਨ ਨਾਲ ਕਰ ਦਿੱਤਾ ਜਾਵੇ ਤਾਂ ਹੜ੍ਹਾਂ ਨਾਲ ਹੋਣ ਵਾਲਾ ਵੱਡਾ ਖ਼ਤਰਾ ਟਾਲਿਆ ਜਾ ਸਕਦਾ ਹੈ।ਢਿਲੋਂ ਨੇ ਅੰਮ੍ਰਿਤਸਰ ਬੱਸ ਅੱਡੇ, ਅੰਮਿ੍ਰਤਸਰ ਹਵਾਈ ਅੱਡੇ ਆਦਿ ਉਤੇ ਵੀ ਪਾਣੀ ਨੇ ਨਿਕਾਸ ਦਾ ਬੰਦੋਬਸਤ ਬਰਸਾਤ ਤੋਂ ਪਹਿਲਾਂ ਪੂਰਾ ਕਰਨ ਦੇ ਹੁੱਕਮ ਦਿੰਦੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਬਰਸਾਤ ਪੈਣ ਨਾਲ ਅੰਮਿ੍ਰਤਸਰ ਤੋਂ ਆਵਾਜਾਈ ਕਿਸੇ ਵੀ ਤਰਾਂ ਪ੍ਰਭਾਵਿਤ ਹੋਵੇ।ਢਿੱਲੋਂ ਨੇ ਰਾਵੀ ਦੇ ਇਲਾਕੇ ਵਿਚ ਲੋੜ ਅਨੁਸਾਰ ਜੇ ਸੀ ਬੀ ਮਸ਼ੀਨਾਂ ਅਤੇ ਡਰਾਈਵਰਾਂ ਆਦਿ ਦਾ ਪ੍ਰਬੰਧ ਵੀ ਕਰਨ ਦੇ ਹੁਕਮ ਦਿੰਦੇ ਕਿਹਾ ਕਿ ਸਾਨੂੰ ਵੱਡੀ ਬਰਸਾਤ ਨੂੰ ਧਿਆਨ ਵਿਚ ਰੱਖਕੇ ਆਪਣੀ ਤਿਆਰੀ ਕਰਨੀ ਚਾਹੀਦੀ ਹੈ, ਨਾ ਕਿ ਬੈਠ ਕੇ ਬਰਸਾਤ ਦੀ ਉਡੀਕ ਕਰਨੀ ਚਾਹੀਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਐਸ.ਡੀ.ਐਮ ਰਜਤ ਉਬਰਾਏ, ਵਿਕਾਸ ਹੀਰਾ, ਸ਼ਿਵਰਾਜ ਸਿੰਘ ਬੱਲ ਅਤੇ ਸ੍ਰੀਮਤੀ ਅਲਕਾ ਕਾਲੀਆ, ਡੀ.ਡੀ.ਪੀ.ਓ ਗੁਰਪ੍ਰੀਤ ਸਿੰਘ ਗਿੱਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media