2434 ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ, ਅਕਤੂਬਰ ਤੇ ਨਵੰਬਰ `ਚ ਲੱਗਣਗੇ ਵੱਡੇ ਜਾਬ ਮੇਲੇ
ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਘਰ ਘਰ ਚਲਾਈ ਜਾ ਰਹੀ ਰੁਜਗਾਰ ਸਕੀਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ
ਰਾਜ ਦੀ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਨੂੰ ਨਿਸ਼ਚਿਤ ਬਣਾਉਣ ਲਈ ਕਾਇਮ ਕੀਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੋਜ਼ਗਾਰਾਂ ਲਈ ਵਰਦਾਨ ਸਿੱਧ ਹੋ ਰਹੇ ਹਨ।ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤਾ ਗਿਆ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਜ ਸਰਕਾਰ ਦੇ ਘਰ-ਘਰ ਨੌਕਰੀ ਮਿਸ਼ਨ ਦੇ ਮੰਤਵ ਨੂੰ ਸਾਕਾਰ ਕਰਨ ਦੀ ਲੀਹ ’ਤੇ ਚਲਦਾ ਹੋਇਆ ਹੁਣ ਤੱਕ 2434 ਨੌਜਵਾਨਾਂ ਨੂੰ ਰੋਜ਼ਗਾਰ ਉਪਲੱਬਧ ਕਰਵਾਉਣ ’ਚ ਸਫ਼ਲ ਹੋਇਆ ਹੈ।
ਵਿਸ਼ੇਸ਼ ਸਾਰੰਗਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਬੇਰੁਜਗਾਰ ਪ੍ਰਾਰਥੀਆਂ ਲਈ ਰਜਿਸਟਰੇਸ਼ਨ, ਕੌਂਸਲਿੰਗ, ਪਲਸੇਮੈਂਟ, ਸਵੈ-ਰੁਜਗਾਰ, ਸਕਿੱਲ ਟ੍ਰੇਨਿੰਗ ਬਾਹਰ ਜਾਣ ਦੇ ਚਾਹਵਾਨ ਪ੍ਰਾਰਥੀਆਂ ਨੂੰ ਉਨ੍ਹਾਂ ਦੀ ਜਰੂਰਤ ਅਨੁਸਾਰ ਸਹੂਲਤ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਹਰ ਮਹੀਨੇ ਦੋ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਤਾਂ ਜੋ ਹਰ ਘਰ ਵਿੱਚ ਘੱਟੋ ਘੱਟ ਹਰ ਵਿਅਕਤੀ ਨੂੰ ਰੁਜ਼ਗਾਰ ਮਿਲ ਸਕੇ।ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਅਕਤੂਬਰ ਅਤੇ ਨਵੰਬਰ ਵਿੱਚ 2 ਵੱਡੇ ਜਾਬ ਮੇਲੇ ਆਯੋਜਤ ਕੀਤੇ ਜਾ ਰਹੇ ਹਨ ਜਿੰਨਾਂ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ 19826 ਨੌਜਵਾਨਾਂ ਦੀ ਘਰ ਘਰ ਰੁਜਗਾਰ ਪੋਰਟਲ ਤੇ ਰਜਿਸਟਰੇਸ਼ਨ ਹੋਈਆਂ ਹਨ ਅਤੇ ਬਿਊਰੋ ਦੇ ਦਫਤਰ ਦੇ ਮੁਲਾਜਮਾਂ ਵੱਲੋਂ ਲੇਬਰ ਚੌਂਕਾਂ ਵਿੱਚ ਜਾ ਕੇ ਮਜਦੂਰਾਂ ਦੀ ਵੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ।
ਡਿਪਟੀ ਡਾਇਰੈਕਟਰ ਰੁਜ਼ਗਾਰ ਰਮੇਸ਼ ਚੰਦਰ ਖੁੱਲਰ ਨੇ ਦੱਸਿਆ ਕਿ ਬਿਊਰੋ ਦੇ ਦਫਤਰ ਵਿੱਚ ਹਰ ਰੋਜ 40 ਦੇ ਗਰੁੱਪ ਵਿੱਚ ਵਿਦਿਆਰਥੀਆਂ ਦਾ ਦੌਰਾ ਕਰਵਾ ਕੇ ਉਨ੍ਹਾਂ ਨੂੰ ਰੋਜ਼ਗਾਰ ਖੇਤਰ ਵਿੱਚ ਮੌਜੂਦ ਸੰਭਾਵਨਾਵਾਂ ਬਾਰੇ ਦੱਸਿਆ ਜਾਂਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਵਿਦਿਆਰਥੀਆਂ ਦੇ ਗਰੁੱਪਾਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਦੌਰਾ ਜ਼ਰੂਰ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਭਵਿੱਖ ਦੀ ਯੋਜਨਾਬੰਦੀ ਬਾਰੇ ਹੁਣ ਤੋਂ ਹੀ ਜਾਣਕਾਰੀ ਮਿਲ ਸਕੇ।ਉਨ੍ਹਾਂ ਦੱਸਿਆ ਕਿ ਬਿਊਰੋ ਕੋਲ ਕੈਰੀਅਰ ਕੌਂਸਲਰਾਂ ਦੀਆਂ ਸੇਵਾਵਾਂ ਵੀ ਉਪਲਬਧ ਹਨ।
ਖੁੱਲਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਗਭਗ ਇੱਕ ਦਰਜਨ ਦੇ ਕਰੀਬ ਲਾਈਨ ਵਿਭਾਗਾਂ ਦਾ ਸਹਿਯੋਗ ਵੀ ਲਿਆ ਜਾਂਦਾ ਹੈ।ਇਨ੍ਹਾਂ ਵਿਭਾਗਾਂ ਵਲੋਂ ਉਮੀਦਵਾਰਾਂ ਨੂੰ ਰੋਜ਼ਗਾਰ ਦੇ ਨਾਲ-ਨਾਲ ਕੇਂਦਰ ਤੇ ਰਾਜ ਸਰਕਾਰ ਦੀਆਂ ਵੱਖ-ਵੱਖ ਸਵੈ-ਰੋਜ਼ਗਾਰ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ ਅਤੇ ਆਨਲਾਈਨ ਅਰਜ਼ੀ ਭਰਨ ’ਚ ਵੀ ਸਹਾਇਤਾ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਉਦਯੋਗ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਸਿਖਿਆ, ਖੇਤੀਬਾੜੀ ਤੇ ਕਿਸਾਨ ਭਲਾਈ, ਡੇਅਰੀ, ਐਸ.ਸੀ ਤੇ ਬੀ.ਸੀ ਵਿੱਤ ਕਾਰਪੋਰੇਸ਼ਨਾਂ, ਕਿਰਤ ਵਿਭਾਗਾਂ ਨੂੰ ਲਾਈਨ ਵਿਭਾਗਾਂ ਵਜੋਂ ਬਿਊਰੋ ’ਚ ਬਿਠਾਇਆ ਜਾਂਦਾ ਹੈ ਜਦਕਿ ਜ਼ਿਲ੍ਹਾ ਲੀਡ ਬੈਂਕ ਦੇ ਅਧਿਕਾਰੀ ਵੀ ਲਾਈਨ ਵਿਭਾਗ ਵਜੋਂ ਬੈਂਕ ਕਰਜ਼ਿਆਂ ਨਾਲ ਸਬੰਧਤ ਯੋਜਨਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ।
ਉਨ੍ਹਾਂ ਅੱਗੇ ਦੱੱਸਿਆ ਕਿ ਬਿਊਰੋ ਵਲੋਂ ਰੋਜ਼ਗਾਰ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਉਮੀਦਵਾਰਾਂ ਨੂੰ ਹੁਨਰੀ ਤੌਰ ’ਤੇ ਨਿਪੁੰਨ ਬਣਾਉਣ ਵਾਸਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਿਖਲਾਈ ਦਿਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਬਿਊਰੋ ਦੇ ਦਫ਼ਤਰ ’ਚ ਸੰਪਰਕ ਕਰ ਸਕਦੇ ਹਨ। ਉਹ ਰੋਜ਼ਗਾਰ ਪ੍ਰਾਪਤੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਬਿਊਰੋ ਦੇ ਜ਼ਿਲ੍ਹਾ ਦਫਤਰ ਵਿਖੇ ਮੁਫ਼ਤ ਇੰਟਰਨੈਟ ਸੇਵਾਵਾਂ ਦਾ ਲਾਭ ਵੀ ਉਠਾ ਸਕਦੇ ਹਨ।
ਸਤਿੰਦਰ ਸਿੰਘ ਡਿਪਟੀ ਸੀ.ਈ.ਓ ਨੇ ਦੱਸਿਆ ਕਿ 14 ਜੂਨ ਨੂੰ ਲਗਾਏ ਗਏ ਰੁਜ਼ਗਾਰ ਮੇਲੇ ਦੌਰਾਨ 40 ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਹਰਬਲ ਲਾਈਫ, ਐਚ.ਡੀ.ਐਫ.ਸੀ ਲਾਈਫ ਇੰਸ਼ੋਰੈਂਸ ਅਤੇ ਸਵਿਗੀ ੱਲੋਂ ਹੁਣ ਤੱਕ 187 ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਗਿਆ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media