ਨਵੀਂ ਦਿੱਲੀ, 20 ਜੂਨ (ਪੰਜਾਬ ਪੋਸਟ ਬਿਊਰੋ) – 21 ਜੂਨ ਨੂੰ ਚੰਡੀਗੜ੍ਹ ਵਿਖੇ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਮਾਣਯੋਗ
ਪ੍ਰਧਾਨ ਮੰਤਰੀ ਨੇ ਯੋਗ ਦੀ ਤਰੱਕੀ ਅਤੇ ਵਿਕਾਸ ਲਈ ਇਹ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਆਯੁਸ਼ ਮੰਤਰਾਲੇ ਨੇ ਇਸ ਪੁਰਸਕਾਰ ਲਈ ਅਗਵਾਈ ਲੀਹਾਂ ਤਿਆਰ ਕੀਤੀਆਂ। ਦੋ ਕਮੇਟੀਆਂ ਦੀ ਸਥਾਪਨਾ ਕੀਤੀ ਗਈ ਜਿਨ੍ਹਾਂ ਵਿੱਚ ਸਕਰੀਨਿੰਗ ਕਮੇਟੀ (ਮੁਢਲੀ ਚੋਣ ਲਈ) ਅਤੇ ਮੁਲਾਂਕਣ ਕਮੇਟੀ (ਜਿਊਰੀ) ਸ਼ਾਮਲ ਸਨ। ਇਨ੍ਹਾਂ ਦਾ ਉਦੇਸ਼ ਪੁਰਸਕਾਰਾਂ ਨੂੰ ਅੰਤਿਮ ਰੂਪ ਦੇਣ ਲਈ ਇੱਕ ਪਾਰਦਰਸ਼ੀ ਢੰਗ ਅਪਣਾਉਣਾ ਸੀ। ਪੁਰਸਕਾਰਾਂ ਲਈ ਨਾਮਜ਼ਦਗੀਆਂ ਖੁੱਲ੍ਹੇ ਇਸ਼ਤਿਹਾਰ ਰਾਹੀਂ ਮੰਗੀਆਂ ਗਈਆਂ।
ਸਕਰੀਨਿੰਗ ਕਮੇਟੀ ਦੀ ਅਗਵਾਈ ਸਕੱਤਰ (ਆਯੁਸ਼) ਵੱਲੋਂ ਕੀਤੀ ਗਈ ਅਤੇ ਇਸ ਕਮੇਟੀ ਨੇ 79 ਅਰਜ਼ੀਆਂ ਦੀ ਚੋਣ ਕੀਤੀ। ਜਿਊਰੀ ਦੀ ਅਗਵਾਈ ਕੈਬਿਨਟ ਸਕੱਤਰ ਨੇ ਕੀਤੀ ਅਤੇ ਇਸ ਵਿੱਚ ਪ੍ਰਧਾਨ ਮੰਤਰੀ ਦੇ ਐਡੀਸ਼ਨਲ ਪ੍ਰਿੰਸੀਪਲ ਸਕੱਤਰ, ਸਕੱਤਰ (ਪੂਰਬ, ਐੱਮਈਏ), ਸਕੱਤਰ (ਆਯੁਸ਼), ਡਾ. ਹੰਸਾ ਯੋਗੇਂਦਰਾ ਅਤੇ ਡਾ.ਜਯੰਤ ਦਿਓਪੁਜਾਰੀ ਮੈਂਬਰਾਂ ਵਜੋਂ ਸ਼ਾਮਲ ਸਨ। ਜਿਊਰੀ ਨੇ ਸਕਰੀਨਿੰਗ ਕਮੇਟੀ ਦੀਆਂ ਸਿਫਾਰਸ਼ਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਸੰਸਥਾਵਾਂ ਅਤੇ ਨਿੱਜੀ ਵਿਅਕਤੀਆਂ ਵੱਲੋਂ ਪਾਏ ਗਏ ਯੋਗਦਾਨ ਦਾ ਆਪਣੇ ਤੌਰ ‘ਤੇ ਵੀ ਵਿਸ਼ਲੇਸ਼ਣ ਕਰਕੇ ਉਮੀਦਵਾਰਾਂ ਦੀ ਚੋਣ ਕੀਤੀ।
ਸਾਰੇ ਸਬੰਧਤ ਤੱਥਾਂ ਅਤੇ ਦਿੱਤੇ ਗਏ ਵੇਰਵਿਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਜਿਊਰੀ ਨੇ ਸਿਫਾਰਸ਼ ਕੀਤੀ ਕਿ ਚਾਲੂ ਸਾਲ ਦਾ ਪੁਰਸਕਾਰ ਲਾਈਫ ਮਿਸ਼ਨ ਗੁਜਰਾਤ ਦੇ ਸਵਾਮੀ ਰਾਜਰਿਸ਼ੀ ਮੁਨੀ (ਨਿਜੀ – ਰਾਸ਼ਟਰੀ ਵਰਗ), ਇਟਲੀ ਦੀ ਸੁਸ਼੍ਰੀ ਐਨਟੋਨੀਏਟਾ ਰੋਜ਼ੀ (ਨਿਜੀ – ਅੰਤਰਰਾਸ਼ਟਰੀ ਵਰਗ), ਬਿਹਾਰ ਸਕੂਲ ਆਵ੍ ਯੋਗਾ, ਮੁੰਗੇਰ (ਸੰਗਠਨ – ਰਾਸ਼ਟਰੀ ਵਰਗ) ਅਤੇ ਜਪਾਨ ਯੋਗਾ ਨਿਕੇਤਨ, ਜਪਾਨ (ਸੰਗਠਨ – ਅੰਤਰਰਾਸ਼ਟਰੀ ਵਰਗ) ਵਿੱਚ ਦਿੱਤਾ ਜਾਵੇ।
ਭਾਰਤ ਸਰਕਾਰ ਨੇ ਉਪਰੋਕਤ ਦੋ ਵਰਗਾਂ ਅਤੇ ਦੋ ਸੰਸਥਾਵਾਂ ਨੂੰ ਯੋਗ ਦੇ ਵਿਕਾਸ ਅਤੇ ਤਰੱਕੀ ਲਈ ਪ੍ਰਧਾਨ ਮੰਤਰੀ ਯੋਗ ਪੁਰਸਕਾਰ 2019 ਦੇਣ ਦੀ ਸਿਫਾਰਸ਼ ਪ੍ਰਵਾਨ ਕਰ ਲਈ ਹੈ। ਸਵਾਮੀ ਰਾਜਰਿਸ਼ੀ ਮੁਨੀ, ਲਿੰਬਡੀ, ਗੁਜਰਾਤ ਵਿਖੇ ਯੋਗੀ ਵਜੋਂ ਫਰਜ਼ ਨਿਭਾ ਰਹੇ ਹਨ। ਉਨ੍ਹਾਂ ਨੇ ਯੋਗ ਦੀ ਦੀਕਸ਼ਾ 1971 ਵਿੱਚ ਸਵਾਮੀ ਕ੍ਰਿਪਾਲਵਨੰਦਾ ਤੋਂ ਹਾਸਿਲ ਕੀਤੀ ਸੀ। ਸਵਾਮੀ ਰਾਜਰਿਸ਼ੀ ਮੁਨੀ ਨੇ ਲਕੁਲਿਸ਼ ਇੰਟਰਨੈਸ਼ਨਲ ਫੈਲੋਸ਼ਿਪਜ਼ ਇਨਲਾਈਟਨਮੈਂਟ (ਲਾਈਫ ਮਿਸ਼ਨ) ਦੀ ਸਥਾਪਨਾ ਕੀਤੀ ਅਤੇ ਮਿਸ਼ਨ ਨੇ ਯੋਗ ਦੀ ਤਰੱਕੀ ਲਈ ਅਤੇ ਮਨੁੱਖਤਾ ਦੀ ਸੇਵਾ ਲਈ ਕਈ ਵੱਡੇ ਕੰਮ ਕੀਤੇ। ਸਵਾਮੀ ਜੀ ਨੇ ਪੁਰਾਣੇ ਵਿਗਿਆਨ ਯੋਗ ਰਾਹੀਂ ਹਜ਼ਾਰਾਂ ਲੋਕਾਂ ਦੇ ਜੀਵਨ ਨੂੰ ਲਾਈਫ ਮਿਸ਼ਨ ਨਾਲ ਛੂਹਿਆ। ਉਨ੍ਹਾਂ ਨੇ ਯੋਗ ਦੇ ਵੱਖ ਵੱਖ ਪਹਿਲੂਆਂ, ਜਿਵੇਂ ਕਿ ਯੋਗਿਕ ਫਿਲਾਸਫੀ ਅਤੇ ਯੋਗ ਥੈਰੋਪੀ ਨੂੰ ਦਰਸਾਉਂਦੀਆਂ ਕਈ ਕਿਤਾਬਾਂ ਲਿਖੀਆਂ। ਉਹ ਲਕੂਲਿਸ਼ ਯੋਗਾ ਯੂਨੀਵਰਸਿਟੀ, ਸ਼ਰੋਡੀ, ਗੁਜਰਾਤ ਦੇ ਰੂਹਾਨੀ ਮੁਖੀ ਅਤੇ ਚੇਅਰਮੈਨ ਹਨ। ਇਹ ਸੰਸਥਾ ਵਿਦਿਆਰਥੀਆਂ ਨੂੰ ਯੋਗ ਵਿੱਚ ਮਾਹਿਰ ਬਣਨ ਵਿੱਚ ਮਦਦ ਦਿੰਦੀ ਹੈ ਅਤੇ ਇਸ ਦੇ ਵੱਖ ਵੱਖ ਪਹਿਲੂਆਂ ਬਾਰੇ ਦੱਸਦੀ ਹੈ।
ਸੁਸ਼੍ਰੀ ਐਨਟੋਨੀਏਟਾ ਰੋਜ਼ੀ ਲੇਰਿਸੀ (Lerici), ਇਟਲੀ ਵਿਖੇ ਇੱਕ ਯੋਗ ਅਧਿਆਪਕ ਹਨ ਜਿਨ੍ਹਾਂ ਦਾ ਯੋਗ ਵਿੱਚ 42 ਸਾਲ ਤੋਂ ਵੱਧ ਦਾ ਤਜਰਬਾ ਹੈ। ਮੂਲ ਤੌਰ ‘ਤੇ ਉਹ ਸਵਾਮੀ ਸ਼ਿਵਾਨੰਦ ਯੋਗ ਰਵਾਇਤ ਦੀ ਚੇਲੀ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਯੋਗ ਮਾਸਟਰਾਂ ਤੋਂ ਯੋਗ ਦੇ ਵੱਖ-ਵੱਖ ਢੰਗਾਂ ਦੀ ਵਿੱਦਿਆ ਹਾਸਲ ਕੀਤੀ। ਯੋਗ ਦੀ ਸਿੱਖਿਆ ਦੇਣ ਵਿੱਚ ਉਨ੍ਹਾਂ ਦਾ ਇ$ਕ ਸ਼ਾਨਦਾਰ ਪੇਸ਼ੇਵਰ ਰਿਕਾਰਡ ਹੈ ਅਤੇ ਇਸ ਵਿਸ਼ੇ ਪ੍ਰਤੀ ਆਪਣੀ ਪ੍ਰਤੀਬੱਧਤਾ ਕਾਰਨ ਉਨ੍ਹਾਂ ਦੀ ਵਿਸ਼ਵ ਭਰ ਵਿੱਚ ਕਦਰ ਹੈ। ਉਹ ਸਰਵ ਯੋਗ ਇੰਟਰਨੈਸ਼ਨਲ ਦੇ ਬਾਨੀ ਹਨ ਅਤੇ ਇਟਲੀ ਅਤੇ ਯੂਰਪ ਵਿੱਚ ਉਹ ਰਵਾਇਤੀ ਭਾਰਤੀ ਯੋਗ ਨੂੰ ਉਤਸ਼ਾਹਿਤ ਕਰਨ ਲਈ 4 ਦਹਾਕਿਆਂ ਤੋਂ ਕੰਮ ਕਰ ਰਹੇ ਹਨ। ਯੂਰਪ ਵਿੱਚ ਯੋਗ ਦੀਆਂ ਕਈ ਪੇਸ਼ੇਵਰ ਸੰਸਥਾਵਾਂ ਵਿੱਚ ਉਨ੍ਹਾਂ ਨੇ ਕਈ ਅਹਿਮ ਅਹੁਦਿਆਂ ਉੱਤੇ ਕੰਮ ਕੀਤਾ ਹੈ। ਉਨ੍ਹਾਂ ਦੇ ਕੰਮ ਨੇ ਯੋਗ ਨੂੰ ਯੂਰਪ ਵਿੱਚ ਵਿੱਦਿਅਕ ਖੇਤਰ ਵਿੱਚ ਵੀ ਮਾਨਤਾ ਦਿਵਾਈ ਹੈ ਅਤੇ ਯੋਗ ਥੈਰਪੀ ਨੂੰ ਇਲਾਜ ਦੇ ਇਕ ਢੰਗ ਵਜੋਂ ਪ੍ਰਭਾਵੀ ਸਿੱਧ ਕੀਤਾ ਹੈ।
ਬਿਹਾਰ ਸਕੂਲ ਆਵ੍ ਯੋਗਾ, ਮੁੰਗੇਰ ਦੀ ਸਥਾਪਨਾ 1964 ਵਿੱਚ ਸ਼੍ਰੀ ਸਵਾਮੀ ਸੱਤਯਾਨੰਦ ਸਰਸਵਤੀ ਵੱਲੋਂ ਕੀਤੀ ਗਈ। ਇਹ ਸਕੂਲ ਉਨ੍ਹਾਂ ਯੋਗ ਤਕਨੀਕਾਂ ਲਈ ਜਾਣਿਆ ਜਾਂਦਾ ਹੈ ਜੋ ਕਿ ਰਵਾਇਤੀ, ਵੇਦਾਂਤਕ, ਤਾਂਤਰਿਕ ਅਤੇ ਯੋਗਿਕ ਸਿੱਖਿਆਵਾਂ ਦੇ ਰਵਾਇਤੀ ਸਰੀਰਕ ਅਤੇ ਮਾਨਸਿਕ ਸਿਹਤ ਵਿਗਿਆਨਾਂ ਨੂੰ ਮਿਸ਼ਰਤ ਕਰਕੇ ਵਿਕਸਤ ਕੀਤੀਆਂ ਗਈਆਂ ਹਨ। ਬਿਹਾਰ ਸਕੂਲ ਕਈ ਉੱਘੇ ਹਸਪਤਾਲਾਂ, ਸੰਗਠਨਾਂ ਅਤੇ ਸੰਸਥਾਵਾਂ ਨੂੰ ਯੋਗਾ ਪ੍ਰੋਜੈਕਟਾਂ ਅਤੇ ਮੈਡੀਕਲ ਖੋਜ ਵਿੱਚ ਅਗਵਾਈ ਪ੍ਰਦਾਨ ਕਰਦਾ ਹੈ। ਬਿਹਾਰ ਸਕੂਲ ਆਵ੍ ਯੋਗਾ ਵੱਲੋਂ ਤਿਆਰ ਕੀਤੇ ਗਏ ਪ੍ਰੋਗਰਾਮਾਂ ਦੀ ਵਰਤੋਂ ਅੱਜ ਕਲ੍ਹ ਵਿੱਦਿਆ, ਸਰਕਾਰੀ ਖੇਤਰ, ਹਸਪਤਾਲਾਂ, ਰੱਖਿਆ ਸੰਸਥਾਵਾਂ, ਨਿੱਜੀ ਅਤੇ ਜਨਤਕ ਖੇਤਰ ਦੀਆਂ ਸਨਅਤਾਂ ਅਤੇ ਇਥੋਂ ਤੱਕ ਕਿ ਜੇਲ੍ਹਾਂ ਵਿੱਚ ਵੀ ਕੀਤੀ ਜਾਂਦੀ ਹੈ। ਇਸ ਸਕੂਲ ਵੱਲੋਂ ਇੱਕ ਉੱਘਾ ਮਾਸਿਕ ਮੈਗਜ਼ੀਨ ‘ਯੋਗਾ’ 2013 ਤੋਂ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਯੋਗ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਇਸ ਸਕੂਲ ਦੇ 100 ਤੋਂ ਵੱਧ ਪ੍ਰਕਾਸ਼ਨ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵੱਖ-ਵੱਖ ਯੋਗ ਕੋਰਸਾਂ ਵਿੱਚ ਹਵਾਲਾ ਪੁਸਤਕਾਂ ਵਜੋਂ ਵਰਤੇ ਜਾਂਦੇ ਹਨ।
ਜਪਾਨ ਯੋਗ ਨਿਕੇਤਨ ਦੀ ਸਥਾਪਨਾ 1980 ਵਿੱਚ ਕੀਤੀ ਗਈ ਸੀ ਅਤੇ ਇਹ ਜਪਾਨ ਵਿੱਚ ਯੋਗਾ ਲਈ ਇਕ ਰਾਹ ਦਰਸਾਊ ਸੰਸਥਾਨ ਹੈ। ਇਹ ਯੋਗ ਨਿਕੇਤਨ, ਰਿਸ਼ੀਕੇਸ਼ ਅਤੇ ਐੱਸ ਵਿਆਸਾ ਯੋਗਾ ਯੂਨੀਵਰਸਿਟੀ, ਬੰਗਲੁਰੂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ। ਇਸ ਸੰਸਥਾਨ ਵੱਲੋਂ ਉੱਚ ਕੁਆਲਟੀ ਦੇ ਕਈ ਯੋਗ ਟ੍ਰੇਨਿੰਗ ਪ੍ਰੋਗਰਾਮ ਅਤੇ ਥੈਰੇਪੀ ਕੋਰਸਿਜ਼ ਚਲਾਏ ਜਾ ਰਹੇ ਹਨ ਜਿਨ੍ਹਾਂ ਰਾਹੀਂ ਯੋਗ ਨੇ ਜਪਾਨ ਵਿੱਚ ਆਪਣਾ ਸਥਾਨ ਬਣਾਇਆ ਹੈ। ਇਹ ਸੰਸਥਾਨ ਜਪਾਨ ਵਿੱਚ ਸਰਟੀਫਾਈਡ ਯੋਗ ਪੇਸ਼ੇਵਰ ਤਿਆਰ ਕਰ ਰਿਹਾ ਹੈ ਜਿਸ ਨੇ ਦੇਸ਼ ਵਿੱਚ ਯੋਗ ਦੀ ਵਿਗਿਆਨਕ ਧਾਰਨਾ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਦੇ ਪ੍ਰਕਾਸ਼ਨ ‘ਯੋਗਾ ਥੈਰੇਪੀ ਥਿਊਰੀ -ਮਾਡਰਨ ਮੈਥਡਜ਼ ਬੇਸਡ ਆਨ ਟ੍ਰੇਡੀਸ਼ਨਲ ਟੀਚਿੰਗਜ਼ ਆਵ੍ ਹਿਊਮਨ ਸਟ੍ਰਕਚਰ ਐਂਡ ਫੰਕਸ਼ਨ’ ਦਾ ਇਸ ਦੀ ਪ੍ਰਮਾਣਿਕਤਾ ਕਾਰਣ ਸਤਿਕਾਰ ਕੀਤਾ ਜਾਂਦਾ ਹੈ।
ਜੇਤੂਆਂ ਨੂੰ ਇੱਕ ਟ੍ਰਾਫੀ, ਇਕ ਸਰਟੀਫਿਕੇਟ ਅਤੇ ਨਕਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਹਰ ਨਕਦ ਪੁਰਸਕਾਰ ਵਿੱਚ 25 ਲੱਖ ਰੁਪਏ ਦਿੱਤੇ ਜਾਣਗੇ।
Punjab Post Daily Online Newspaper & Print Media