ਸੰਗਰੂਰ, 21 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹੇ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿੱਚ ਲੋਕਾਂ ਦੀ
ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਤਹਿਤ ਵੱਖ-ਵੱਖ ਵਿਭਾਗਾਂ ’ਤੇ ਆਧਾਰਿਤ ਟੀਮਾਂ ਦਾ ਗਠਨ ਕਰਦਿਆਂ ਇਹ ਆਦੇਸ਼ ਜਾਰੀ ਕੀਤੇ ਹਨ ਕਿ ਇਹ ਟੀਮਾਂ ਆਪੋ ਆਪਣੇ ਖੇਤਰਾਂ ਵਿੱਚ ਖੁੱਲ੍ਹੇ ਅਤੇ ਗੈਰ-ਵਰਤਣਯੋਗ ਬੋਰਵੈਲਾਂ, ਖੁੱਲ੍ਹੇ ਬਿਜਲੀ ਦੇ ਬਕਸਿਆਂ ਤੇ ਨੰਗੀਆਂ ਤਾਰਾਂ, ਕੱਚੇ ਖੂਹਾਂ ਤੇ ਬਿਨਾਂ ਵਰਤੋਂ ਤੋਂ ਖਾਲੀ ਪਈਆਂ ਖੂਹੀਆਂ, ਬਿਨਾਂ ਢੱਕਣ ਵਾਲੇ ਸੀਵਰੇਜ ਪਾਈਪਾਂ ਅਤੇ ਖਾਲੀ ਜਾਂ ਖੁੱਲ੍ਹੇ ਪਏ ਵੱਡੇ ਖੱਡੇ ਸਬੰਧੀ ਪੜਤਾਲ ਕਰਨਗੇ ਅਤੇ ਕਿਸੇ ਵੀ ਖਾਮੀ ਦੇ ਸਾਹਮਣੇ ਆਉਣ ’ਤੇ ਫੌਰੀ ਢੁਕਵੇਂ ਕਦਮ ਪੁੱਟਣੇ ਯਕੀਨੀ ਬਣਾਉਣਗੇ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਸੇ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਆਉਂਦਾ ਹੈ ਤਾਂ ਉਹ ਤੁਰੰਤ ਇਸ ਦੀ ਜਾਣਕਾਰੀ ਪਰਤੀਕ ਦੇ ਮੋਬਾਇਲ ਨੰਬਰ 84274-43888 ’ਤੇ ਦੇਣ ਤਾਂ ਜੋ ਸਬੰਧਤ ਵਿਭਾਗਾਂ ਰਾਹੀਂ ਫੌਰੀ ਢੁਕਵਾਂ ਹੱਲ ਕਰਵਾਇਆ ਜਾ ਸਕੇ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੇਲੋੜੇ ਖੁੱਲ੍ਹੇ ਬੋਰਵੈਲਾਂ ਬਾਰੇ ਜਾਣਕਾਰੀ ਦੇਣ ਲਈ 0172-2740397 ਨੰਬਰ ਮੁਹੱਈਆ ਕਰਵਾਇਆ ਗਿਆ ਹੈ, ਜਿਸ ’ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 17 ਖੁੱਲ੍ਹੇ ਬੋਰਵੈਲ ਬੰਦ ਕਰਵਾਏ ਜਾ ਚੁੱਕੇ ਹਨ ।
ਉਨਾਂ ਨੇ ਧਾਰਮਿਕ ਸਥਾਨਾਂ ਵਿੱਚ ਧਾਰਮਿਕ ਬੇਅਦਬੀ ਨੂੰ ਰੋਕਣ ਲਈ ਵੀ ਇਨ੍ਹਾਂ ਟੀਮਾਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਧਾਰਮਿਕ ਅਸਥਾਨਾਂ ਦੇ ਮੈਨੇਜਰ, ਗ੍ਰੰਥੀ, ਪੁਜਾਰੀ ਅਤੇ ਮੌਲਵੀ ਆਦਿ ਨੂੰ ਸੀ.ਸੀ.ਟੀ.ਵੀ ਕੈਮਰੇ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਜੇਕਰ ਪਹਿਲਾਂ ਹੀ ਸੀ.ਸੀ.ਟੀ.ਵੀ ਲੱਗੇ ਹੋਏ ਹਨ ਤਾਂ ਉਨ੍ਹਾਂ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਅਤੇ ਕੋਈ ਕਮੀ ਪਾਏ ਜਾਣ ’ਤੇ ਢੁਕਵੇਂ ਕਦਮ ਪੁੱਟੇ ਜਾਣ। ਡਿਪਟੀ ਕਮਿਸ਼ਨਰ ਨੇ ਪਾਵਰਕੌਮ ਦੇ ਐਸ.ਈ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਐਸ.ਈ, ਨੈਸ਼ਨਲ ਹਾਈਵੇ ਦੇ ਐਕਸੀਅਨ, ਸਿਵਲ ਸਰਜਨ, ਲੋਕ ਨਿਰਮਾਣ ਵਿਭਾਗ ਦੇ ਐਸ.ਈ, ਸੀਵਰੇਜ ਬੋਰਡ ਦੇ ਐਕਸੀਅਨ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਧਿਕਾਰੀਆਂ ਤੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਦਿਆਂ ਪਹਿਲ ਦੇ ਆਧਾਰ ’ਤੇ ਆਪਣੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।ਥੋਰੀ ਨੇ ਦੱਸਿਆ ਕਿ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਸਬੰਧਤ ਡੀ.ਐਸ.ਪੀ ਸਮੇਤ ਸਬ ਡਵੀਜ਼ਨਾਂ ਦਾ ਅਚਨਚੇਤੀ ਜਾਇਜ਼ਾ ਲੈਣਗੇ ਅਤੇ ਕਿਸੇ ਵੀ ਵਿਭਾਗ ਦੀ ਅਣਗਹਿਲੀ ਸਾਹਮਣੇ ਆਉਣ ’ਤੇ ਤੁਰੰਤ ਵਿਭਾਗੀ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ। ਉਨ੍ਹਾਂ ਸਰਕਲ ਰੈਵਨਿਊ ਅਧਿਕਾਰੀਆਂ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਵੀ ਹਦਾਇਤ ਕੀਤੀ ਕਿ ਸਬੰਧਤ ਟੀਮਾਂ ਦੀ ਨਿਗਰਾਨੀ ਕਰਦੇ ਹੋਏ ਸਮੁੱਚੇ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਵਿੱਚ ਸਹਿਯੋਗ ਦਿੱਤਾ ਜਾਵੇ।
ਉਨ੍ਹਾਂ ਖੁਸ਼ਹਾਲੀ ਦੇ ਰਾਖਿਆਂ (ਜੀ.ਓ.ਜੀ) ਨੂੰ ਚੌਕਸੀ ਰੱਖਣ ਅਤੇ ਅਜਿਹਾ ਕੋਈ ਵੀ ਮਾਮਲਾ ਧਿਆਨ ਵਿੱਚ ਆਉਣ ’ਤੇ ਤੁਰੰਤ ਜਾਣਕਾਰੀ ਦੇਣ ਲਈ ਵੀ ਆਖਿਆ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media