ਭੀਖੀ/ ਮਾਨਸਾ, 21 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਯੋਗਾ ਸਾਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤੀ ਪ੍ਰਦਾਨ ਕਰਦਾ ਹੈ।ਇਸ ਲਈ ਹਰੇਕ ਵਿਅਕਤੀ
ਨੂੰ ਆਪਣੀ ਜ਼ਿੰਦਗੀ ਵਿੱਚ ਯੋਗ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੇ ਅੱਜ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਥਾਨਕ ਚੇਤੰਨ ਸਿੰਘ ਸਰਵਹਿੱਤਕਾਰੀ ਵਿਦਿਆ ਮੰਦਿਰ ਵਿਖੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਕੀਤਾ।ਇਸ ਅੰਤਰ-ਰਾਸ਼ਟਰੀ ਯੋਗਾ ਦਿਵਸ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਮੀਤ ਸਿੰਘ ਸਿੱਧੂ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਅਤੇ ਸਹਾਇਕ ਕਮਿਸ਼ਨਰ ਨਵਦੀਪ ਕੁਮਾਰ ਨੇ ਸਾਂਝੇ ਤੌਰ ’ਤੇ ਸ਼ਮਾਂ ਰੋਸ਼ਨ ਕਰਕੇ ਕੀਤੀ।ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਨੇ ਕਿਹਾ ਕਿ ਯੋਗਾ ਕਰਨ ਨਾਲ ਸਾਡੇ ਸਰੀਰ ਨੂੰ ਸ਼ਕਤੀ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਵਿਅਕਤੀ ਤਣਾਅ ਮੁਕਤ ਰਹਿੰਦਾ ਹੈ।
ਯੋਗ ਇੰਸਟਰਕਟਰ ਈਸ਼ਵਰ ਗੋਇਲ ਨੇ ਮੌਜੂਦਾ ਨੂੰ ਜਿਥੇ ਵੱਖ-ਵੱਖ ਆਸਨ ਕਰਵਾਏ, ਉਥੇ ਉਨ੍ਹਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬਿਮਾਰੀਆਂ ਤੋਂ ਮੁਕਤ ਜੀਵਨ ਦੀ ਕਲਪਨਾ ਕਰਦੇ ਹਾਂ, ਤਾਂ ਸਾਨੂੰ ਸਾਰਿਆਂ ਨੂੰ ਸਵੇਰੇ ਜਲਦੀ ਉਠ ਕੇ ਯੋਗ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਡੀ.ਐਸ.ਪੀ ਗੁਰਮੀਤ ਸਿੰਘ ਬਰਾੜ ਜ਼ਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫ਼ਸਰ ਗੁਰਿੰਦਰ ਸਿੰਘ ਬੈਂਸ, ਜ਼ਿਲ੍ਹਾ ਕੋ-ਆਡੀਨੇਟਰ ਅਫ਼ਸਰ ਯੋਗਾ ਮਾਨਸਾ ਬਲਦੇਵ ਰਾਜ ਬਾਂਸਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਬੀਰ ਸਿੰਘ ਮਾਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਰਾਮਜੀਤ ਸਿੰਘ, ਐਸ.ਐਚ.ਓ ਥਾਣਾ ਸਿਟੀ-1 ਰਜਿੰਦਰ ਪਾਲ ਸਿੰਘ, ਸਵੱਛ ਭਾਰਤ ਪ੍ਰੇਰਕ ਆਦਿਤਯ ਮਦਾਨ, ਪ੍ਰਧਾਨ ਚੇਤੰਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਚਿਮਨ ਲਾਲ, ਪ੍ਰਿੰਸੀਪਲ ਸ਼੍ਰੀ ਜੇ.ਕੇ ਪਟਿਆਲ, ਬਰਾਂਚ ਮੈਨੈਜਰ ਏ.ਯੂ ਬੈਂਕ ਲਵਦੀਪ ਗਰਗ ਤੋਂ ਇਲਾਵਾ ਖਾਲਸਾ ਸਕੂਲ ਗਾਂਧੀ ਸਕੂਲ ਤੇ ਸਰਵਹਿੱਤਕਾਰੀ ਵਿਦਿਆ ਮੰਦਰ ਦੇ ਐਨ.ਐਸ.ਐਸ ਵਲੰਟੀਅਰ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।
ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਐਨ.ਐਸ.ਐਸ ਵਲੰਟੀਅਰਾਂ ਦੁਆਰਾ, ਗੁਰੂਕੁਲ ਅਕੈਡਮੀ ਉਭਾ, ਐਨ.ਐਸ.ਐਸ ਯੂਨਿਟ ਬਰੇਟਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਵੀ ਯੋਗਾ ਦਿਵਸ ਮਨਾਇਆ ਗਿਆ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media