ਸੂਰਜੀ ਊਰਜਾ, ਬਰਸਾਤੀ ਪਾਣੀ ਹਾਰਵੈਸਟਿੰਗ ਤੇ ਵਾਤਾਵਰਣ ਸੰਭਾਲ ਲਈ ਮੈਨੇਜ਼ਮੈਂਟ ਤੱਤਪਰ – ਛੀਨਾ
ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਮੂਹ 19 ਵਿੱਦਿਅਕ ਸੰਸਥਾਵਾਂ ’ਚ
ਪੌਦਾਕਰਨ ਮੁਹਿੰਮ ਦੀ ਸ਼ੁਰੂਆਤ ਜਲਦ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਕਾਲਜਾਂ ਅਤੇ ਸਕੂਲਾਂ ਦੇ ਚੋਗਿਰਦਿਆਂ ਨੂੰ ਹਰਿਆ-ਭਰਿਆ ਰੱਖ ਕੇ ਵਾਤਾਵਰਣ ਦੀ ਸਾਂਭ-ਸੰਭਾਲ ਕਰਨਾ ਹੈ। ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਮੈਨੇਜ਼ਮੈਂਟ ਨੇ ਵਿੱਦਿਅਕ ਢਾਂਚੇ ਦੀ ਮਜ਼ਬੂਤੀ ਤੋਂ ਇਲਾਵਾ ਸਮਾਜ ਸੇਵੀ ਕਾਰਜਾਂ ’ਚ ਆਪਣਾ ਅਹਿਮ ਯੋਗਦਾਨ ਪਾਉਣ ਸਦਕਾ ਇਕ ਅਲੱਗ ਮੁਕਾਮ ਕਾਇਮ ਕੀਤਾ ਹੈ। ਜਿਸ ਸਦਕਾ ਵਾਤਾਵਰਣ ’ਚ ਤੇਜ਼ੀ ਨਾਲ ਆ ਰਹੇ ਬਦਲਾਅ ਦੇ ਮੱਦੇਨਜ਼ਰ ਖ਼ਾਲਸਾ ਗਵਰਨਿੰਗ ਕੌਂਸਲ ਪਿਛਲੇ ਕਾਫ਼ੀ ਲੰਮੇਂ ਤੋਂ ਵੱਡੇ ਪੈਮਾਨੇ ’ਤੇ ਪੌਦੇ ਲਗਾ ਕੇ ਆਪਣੀ ਮੁੱਢਲੀ ਜ਼ਿੰਮੇਵਾਰੀ ਨਿਭਾਅ ਰਹੀ ਹੈ, ਉਥੇ ਮੌਜ਼ੂਦ ਹਾਲਾਤਾਂ ’ਚ ਦਿਨ-ਬ-ਦਿਨ ਧਰਤੀ ਹੇਠਲੇ ਘੱਟ ਪਾਣੀ ਦੇ ਪੱਧਰ ਨੂੰ ਸਥਿਰ ਬਣਾਉਣ, ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਉਕਤ ਵਿੱਦਿਅਕ ਅਦਾਰਿਆਂ ’ਚ ਪੌਦਾਕਰਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਬਿਜਲੀ ਉਤਪਾਦ ’ਚ ਆਪਣਾ ਅਹਿਮ ਯੋਗਦਾਨ ਪਾਉਂਦਿਆਂ ਮੈਨੇਜ਼ਮੈਂਟ ਅਧੀਨ ਚਲਦੇ ਕਾਲਜਾਂ, ਸਕੂਲਾਂ, ਕੰਟੀਨਾਂ ਤੇ ਹੋਸਟਲਾਂ ’ਚ ਸੋਲਰ ਸਿਸਟਮ ਵੀ ਆਰੰਭ ਕਰ ਦਿੱਤੇ ਗਏ ਹਨ।
ਬਿਜਲੀ ਉਤਪਾਦ ’ਚ 700 ਕਿਲੋਵਾਟ ਦੇ ਊਰਜਾ ਪ੍ਰੋਜੈਕਟ ਖ਼ਾਲਸਾ ਵਿੱਦਿਅਕ ਸੰਸਥਾਵਾਂ ’ਚ ਲੱਗਣ ਦੀ ਸ਼ੁਰੂਆਤ ਹੋ ਗਈ ਹੈ ਅਤੇ ਮੈਨੇਜ਼ਮੈਂਟ ਅਧੀਨ ਸਮੂਹ ਅਦਾਰਿਆਂ ’ਚ ਸੋਲਰ ਊਰਜਾ ਨੂੰ ਲਾਗੂ ਕੀਤਾ ਜਾ ਰਿਹਾ ਹੈ। ਦਿੱਲੀ ਦੀ ਇਕ ਕੰਪਨੀ ਨਾਲ ਇਕਰਾਰਨਾਮਾ ਮੁਕੰਮਲ ਕਰਨ ਉਪਰੰਤ ਮੈਨੇਜ਼ਮੈਂਟ ਵੱਲੋਂ ਬਿਜਲੀ ਬਚਾਉਣ, ਪ੍ਰਦੂਸ਼ਣ ਰਹਿਤ ਸਾਫ਼-ਸੁੱਥਰੀ ਊਰਜਾ ਪ੍ਰਦਾਨ ਕਰਨ ਅਤੇ ਵਾਤਾਵਰਣ ਪ੍ਰਤੀ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਆਫ਼ ਲਾਅ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਅਤੇ ਕਾਲਜ ਦੇ ਸਮੂਹ ਹੋਸਟਲਾਂ ’ਤੇ ਸੋਲਰ ਸਿਸਟਮ ਲਗਾ ਦਿੱਤੇ ਗਏ ਹਨ।
ਛੀਨਾ ਨੇ ਕਿਹਾ ਕਿ ਹਰੇਕ ਸੰਸਥਾ ਦੀ ਇਮਾਰਤ ’ਚ ‘ਰੇਨ ਵਾਟਰ ਹਾਰਵੈਸਟਿੰਗ’ ’ਚ ਲਾਜ਼ਮੀ ਬਣਾਇਆ ਗਿਆ ਹੈ ਤਾਂ ਕਿ ਬਰਸਾਤੀ ਦਿਨਾਂ ’ਚ ਪਾਣੀ ਨੂੰ ਸੰਭਾਲ ਕੇ ਬੋਰਿੰਗ ਰਾਹੀਂ ਧਰਤੀ ਹੇਠ ਭੇਜਿਆ ਜਾਵੇ ਤਾਂ ਕਿ ਪਾਣੀ ਦੇ ਘੱਟਦੇ ਪੱਧਰ ਨੂੰ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਰੁੱਖਾਂ ਦੀ ਕਟਾਈ ਵੀ ਬਹੁਤ ਗੰਭੀਰ ਮੁੱਦਾ ਹੈ। ਜਿਸ ਸਬੰਧੀ ਜੇਕਰ ਹੁਣ ਵੀ ਸੰਜੀਦਗੀ ਨਾ ਵਿਖਾਈ ਗਈ ਤਾਂ ਸੂਬੇ ’ਚ ਸੋਕੇ ਵਰਗੇ ਹਾਲਾਤ ਅਤੇ ਦੂਸ਼ਿਤ ਆਬੋ-ਹਵਾ ਨਾਲ ਮਨੁੱਖੀ ਜ਼ਿੰਦੜੀਆਂ ਖ਼ਤਰੇ ’ਚ ਆ ਜਾਣਗੀਆਂ।ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਆਉਂਦੀਆਂ ਵਿੱਦਿਅਕ ਸੰਸਥਾਵਾਂ ਨੂੰ ਹਰਿਆ-ਭਰਿਆ ਰੱਖਣ, ਪਾਣੀ ਹੇਠਲੇ ਘੱਟ ਰਹੇ ਪੱਧਰ ਦੀ ਗੰਭੀਰਤਾ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਦੇ ਮੰਤਵ ਤਹਿਤ ਮੈਨੇਜ਼ਮੈਂਟ ਵੱਡੇ ਪੈਮਾਨੇ ’ਤੇ ਪੌਦੇ ਲਗਾਏਗਾ। ਸੋਲਰ ਸਿਸਟਮ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ’ਚ ਊਰਜਾ ਦੀ ਘਾਟ ਨੂੰ ਦੂਰ ਕਰਨ ਲਈ ਸੋਲਰ ਪਾਵਰ ਇਕ ਲਾਹੇਵੰਦ ਹੱਲ ਹੈ। ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਨੂੰ ਅਪਨਾਉਣ ਨਾਲ ਪਾਵਰ ਕੱਟਾਂ ਨਾਲ ਨਜਿੱਠਣ ’ਚ ਵੀ ਮਦਦ ਮਿਲੇਗੀ ਕਿਉਂਕਿ ਪਾਵਰ ਸਪਲਾਈ ਨਿਰਵਿਘਨ ਜਾਰੀ ਰਹੇਗੀ ਅਤੇ ਪਾਵਰ ਫ਼ੇਲਰ ਦੌਰਾਨ ਡੀਜ਼ਲ ਜਨਰੇਟਰਾਂ ਦੀ ਵਰਤੋਂ ਬਹੁਤ ਜਿਆਦਾ ਕਮੀ ਆਵੇਗੀ
ਉਨਾਂ ਸੂਬਾ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਉਕਤ ਹਾਲਾਤਾਂ ਸਬੰਧੀ ਪੈਦਾ ਹੋ ਰਹੀ ਮੌਜ਼ੂਦਾ ਸਥਿਤੀ ਬਾਰੇ ਜਾਗੂਰਕ ਕਰਨ ਲਈ ਅਭਿਆਨ ਛੇੜਣ ਤੇ ਅਣਗਹਿਲੀ ਵਰਤਣ ਵਾਲਿਆਂ ਲਈ ਸਖ਼ਤ ਕਾਨੂੰਨ ਲਾਗੂ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਭਾਰਤ ਕਈ ਅਜਿਹੇ ਰਾਜ ਹਨ ਜੋ ਕਿ ਸੋਕੇ ਦੀ ਮਾਰ ਹੇਠਾਂ ਆ ਚੁੱਕੇ ਹਨ ਅਤੇ ਅਜਿਹੇ ’ਚ ਜੇਕਰ ਹੁਣ ਵੀ ਕੋਈ ਉਚਿੱਤ ਕਦਮ ਨਾ ਚੁੱਕਿਆ ਗਿਆ ਤਾਂ ਤੀਸਰੇ ਵਿਸ਼ਵ ਯੁੱਧ ਦੀ ਸ਼ੁਰੂਆਤ ਪਾਣੀ ਤੋਂ ਹੋਣ ਦੀ ਆਸ਼ੰਕਾ ਹੈ।ਛੀਨਾ ਨੇ ਵਿੱਦਿਅਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਵਾਤਾਵਰਣ, ਪਾਣੀ ਅਤੇ ਬਿਜਲੀ ਸਬੰਧੀ ਜਾਗਰੂਕਤਾ ਫ਼ੈਲਾਉਣ ’ਚ ਅਹਿਮ ਭੂਮਿਕਾ ਨਿਭਾਉਣ ਲਈ ਅਗਾਂਹ ਆਉਣ ਦੀ ਗੁਜ਼ਾਰਿਸ਼ ਕੀਤੀ।
Check Also
ਖ਼ਾਲਸਾ ਕਾਲਜ ਵਿਖੇ ‘ਪੰਜਾਬ ਅਰਥਵਿਵਸਥਾ ਦਾ ਵਾਤਾਵਰਣ ਪੁਨਰ-ਸਥਿਤੀ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਅਤੇ ਖੇਤੀਬਾੜੀ ਵਿਭਾਗ …
Punjab Post Daily Online Newspaper & Print Media