ਕਿਹਾ ਕਾਲੀਆਂ ਭੇਡਾਂ ਦੀ ਮਿਲੀਭੁਗਤ ਕਾਰਨ ਨਸ਼ੀਲੇ ਪਦਾਰਥਾਂ ਨਾਲ ਪੰਜਾਬੀ ਨੌਜੁਆਨਾਂ ਨੂੰ ਕੀਤਾ ਜਾ ਰਿਹਾ ਬਰਬਾਦ
ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅਟਾਰੀ ਵਾਹਗਾ ਸਰਹੱਦ ਰਾਹੀਂ ਹੁੰਦੇ ਵਪਾਰ ਦੀ ਆੜ ਵਿੱਚ ਪਾਕਿਸਤਾਨ ਤੋਂ ਸਮੱਗਲ ਹੁੰਦੇ ਨਸ਼ੀਲੇ
ਪਦਾਰਥਾਂ ਦਾ ਮੁੱਦਾ ਸੰਸਦ ਵਿੱਚ ਉਠਾਉਂਦਿਆਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਟਾਰੀ ਵਿਖੇ ਬਣਾਈ (ਆਈ.ਸੀ.ਪੀ) ਸਾਂਝੀ ਚੈੱਕ ਪੋਸਟ `ਤੇ ਟਰੱਕ ਸਕੈਨਰ ਨਾ ਹੋਣ ਕਾਰਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਦੇਸ਼ ਦੇ ਨੌਜੁਆਨਾਂ ਨੂੰ ਤਬਾਹ ਕਰਨ ਲਈ ਪਾਕਿਸਤਾਨ ਤੋਂ ਭਾਰਤ ਭੇਜੇ ਜਾ ਰਹੇ ਹਨ ਜਿਸ ਦੀ ਉਦਾਹਰਨ ਬੀਤੇ ਸ਼ਨੀਵਾਰ ਨੂੰ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਕਸਟਮ ਵਿਭਾਗ ਵਲੋਂ ਫੜੀ ਗਈ ਹੈ।ਔਜਲਾ ਨੇ ਕਿਹਾ ਕਿ ਆਈ.ਸੀ.ਪੀ ਅਟਾਰੀ ਵਿਖੇ ਟਰੱਕ ਸਕੈਨਰ ਨਾ ਲੱਗਣਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ ਅਤੇ ਕੀ ਇਸ ਵੱਲ ਸਰਕਾਰ ਦਾ ਧਿਆਨ ਨਹੀਂ ਹੈ ਜਾਂ ਅਧਿਕਾਰੀ ਲਾਪਰਵਾਹ ਹਨ ਜਾਂ ਫਿਰ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਇਸ ਪ੍ਰੋਜੈਕਟ ਨੂੰ ਜਾਣ ਬੁੱਝ ਕੇ ਪੂਰਾ ਨਹੀਂ ਕੀਤਾ ਜਾ ਰਿਹਾ।
ਸੰਸਦ ਵਿੱਚ ਬੋਲਦਿਆਂ ਔਜਲਾ ਨੇ ਕੇਂਦਰ ਸਰਕਾਰ ਦਾ ਧਿਆਨ ਖਿੱਚਦਿਆਂ ਕਿਹਾ ਕਿ 13 ਅਪ੍ਰੈਲ 2012 ਨੂੰ ਅਟਾਰੀ ਵਿਖੇ ਸਾਂਝੀ ਚੈੱਕ ਪੋਸਟ ਦਾ ਉਦਘਾਟਨ ਤਤਕਾਲੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵਲੋਂ ਕੀਤਾ ਗਿਆ ਸੀ, ਜਦ ਕਿ ਗੁਆਂਢੀ ਦੇਸ਼ ਪਾਕਿਸਤਾਨ ਨਾਲ ਵਪਾਰ 2008 ਵਿੱਚ ਹੀ ਸ਼ੁਰੂ ਹੋ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਪਾਕਿਸਤਾਨ ਨੇ ਆਪਣੇ ਪਾਸੇ ਫੁੱਲ ਬਾਡੀ ਟਰੱਕ ਸਕੈਨਰ ਲਗਾ ਦਿੱਤਾ ਸੀ ਜੋ ਕਿ 6 ਐਕਸਲ ਵਾਲੇ ਟਰੱਕ ਨੂੰ ਇਕੋ ਸਮੇਂ ਸਕੈਨ ਕਰ ਸਕਦਾ ਹੈ।ਪ੍ਰੰਤੂ ਭਾਰਤ ਵਾਲੇ ਪਾਸੇ ਅੱਜ ਤਕ ਵੀ ਇਹ ਸਕੈਨਰ ਨਹੀਂ ਲੱਗਾ ਜੋ ਕਿ ਕਿਸੇ ਸਾਜਿਸ਼ ਦਾ ਹਿੱਸਾ ਲੱਗਦਾ ਹੈ।ਔਜਲਾ ਨੇ ਸੰਸਦ ਵਿੱਚ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਅਟਾਰੀ ਸਰਹੱਦ ਤੇ ਨਮਕ ਦੀ ਖੇਪ ਵਿੱਚ ਪੁੱਜੇ 6 ਕੁਇੰਟਲ ਦੇ ਕਰੀਬ ਨਸ਼ੀਲੇ ਪਦਾਰਥਾਂ ਨਾਲ ਪੰਜਾਬ ਦੇ ਕਰੀਬ 6 ਲੱਖ ਵਿਅਕਤੀ ਪ੍ਰਭਾਵਿਤ ਹੋ ਸਕਦੇ ਹਨ, ਪਰ ਸਰਹੱਦ `ਤੇ ਟਰੱਕ ਸਕੈਨਰ ਨਾ ਲੱਗਾ ਹੋਣ ਕਾਰਨ ਨਸ਼ਾ ਤਸਕਰ ਵਪਾਰ ਦੀ ਆੜ ਵਿੱਚ ਅਜਿਹੇ ਘਿਣਾੳਣੇ ਮਨਸੂਬਿਆਂ ਨੂੰ ਪੂਰਾ ਕਰਕੇ ਸੂਬੇ ਦੀ ਨੌਜੁਆਨ ਪੀੜੀ ਨੂੰ ਕੱਖੋਂ ਹੌਲੇ ਕਰ ਰਹੇ ਹਨ।ਔਜਲਾ ਨੇ ਨਸ਼ੀਲੇ ਪਦਾਰਥ ਫੜਨ ਵਾਲੇ ਕਸਟਮ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਸ਼ੰਕਾ ਪ੍ਰਗਟ ਕੀਤਾ ਕਿ ਟਰੱਕ ਸਕੈਨਰ ਨਾ ਲੱਗਾ ਹੋਣ ਕਾਰਨ ਪਤਾ ਨਹੀਂ ਕਿੰਨੇ ਕੁਇੰਟਲ ਨਸ਼ੀਲੇ ਪਦਾਰਥ ਕਸਟਮ ਵਿਭਾਗ ਦੀਆਂ ਅੱਖਾਂ ਤੋਂ ਬਚਕੇ ਦੇਸ਼ ਦੇ ਨੌਜੁਆਨਾਂ ਨੂੰ ਤਬਾਹ ਕਰਨ ਲਈ ਭਾਰਤ ਪੁੱਜ ਚੁੱਕੇ ਹਨ।
ਔਜਲਾ ਨੇ ਕਿਹਾ ਕਿ 2017 ਵਿੱਚ ਦੇਸ਼ ਦੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਵਲੋਂ ਅਟਾਰੀ ਸਰਹੱਦ ਤੇ ਫੁੱਲ ਬਾਡੀ ਟਰੱਕ ਸਕੈਨਰ ਲਗਾੁੳਣ ਦਾ ਐਲਾਣ ਕੀਤਾ ਸੀ ਜਿਸ ਤੋਂ ਆਸ ਬੱਝੀ ਸੀ ਕਿ ਬਹੁਤ ਜਲਦ ਟਰੱਕ ਸਕੈਨਰ ਲੱਗਣ ਨਾਲ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਤੇ ਰੋਕ ਸੰਭਵ ਹੋ ਸਕੇਗੀ, ਪਰ ਊਠ ਦੇ ਲਟਕਦੇ ਬੁੱਲ ਵਾਂਗ ਹੀ ਇਹ ਪ੍ਰੋਜੈਕਟ ਵੀ ਲਟਕਦਾ ਹੀ ਗਿਆ ਤੇ ਅੱਜ ਤੱਕ ਪੂਰਾ ਨਾ ਹੋ ਸਕਿਆ।ਔਜਲਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਦੀ ਮਿਆਦ 31 ਮਾਰਚ 2018 ਸੀ । ਇਸ ਪ੍ਰੋਜੈਕਟ ਨੂੰ ਪੂਰਾ ਹੋਣ ਵਿੱਚ ਵਿਭਾਗ ਵਲੋਂ ਕਦੇ 15 ਦਿਨ ਤੇ ਕਦੇ 30 ਦਿਨ ਦਾ ਸਮਾਂ ਦੱਸਿਆ ਜਾਂਦਾ ਰਿਹਾ ਜੋ ਅੱਜ ਤੱਕ ਪੂਰਾ ਨਾ ਹੋ ਸਕਿਆ।
ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਪਤਾ ਲੱਗਾ ਹੈ ਕਿ ਆਈ.ਸੀ.ਪੀ. ਅਟਾਰੀ ਵਿਖੇ ਐਟਾਮਿਕ ਐਨਰਜੀ ਕਮਿਸ਼ਨ ਤੇ ਲੈਂਡ ਪੋਰਟ ਅਥਾਰਟੀ ਦੀਆਂ ਤਜਵੀਜਾਂ `ਤੇ ਟਰੱਕ ਸਕੈਨਰ ਲੱਗਣਾ ਸੀ, ਪ੍ਰੰਤੂ ਰਾਸ਼ਟਰੀ ਸੁਰੱਖਿਆ ਲਈ ਅਹਿਮ ਪ੍ਰੋਜੈਕਟ ਲਈ ਕਮਿਸ਼ਨ ਵਲੋਂ ਪੇਸ਼ ਤਜਵੀਜਾਂ ਨੂੰ ਪਾਸੇ ਕਰ ਜੋ ਬਿਲਡਿੰਗ ਬਣਾਈ ਗਈ ਹੈ ਉਹ ਟਰੱਕ ਸਕੈਨਰ ਲੱਗਣ ਦੇ ਮਾਪਦੰਡਾਂ ਤੇ ਪੂਰਾ ਨਹੀਂ ਉਤਰਦੀ।ਜਿਸ ਲਈ ਵਿਭਾਗ ਵਲੋਂ ਬਣਾਈ ਬਿਲਡਿੰਗ ਤੇ ਇਤਰਾਜ਼ ਲਗਾਇਆ ਗਿਆ ਹੈ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਬਣਾਈ ਬਿਲਡਿੰਗ ਨੂੰ ਢਾਹਿਆ ਜਾਣਾ ਹੈ।
ਉਨਾਂ ਕਿਹਾ ਕਿ ਫੜੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਕਾਬੂ ਕੀਤੇ ਲੋਕਾਂ ਦਾ ਪੁਲਿਸ ਰਿਮਾਂਡ ਨਹੀਂ ਲਿਆ ਗਿਆ ਤੇ ਸਿੱਧਾ ਜੇਲ ਭੇਜ ਦਿੱਤਾ ਗਿਆ ਹੈ।ਔਜਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਦੋਹਾਂ ਮਾਮਲਿਆਂ ਦੀ ਜਾਂਚ ਕਰਵਾਈ ਜਾਏ ਤੇ ਰਾਸ਼ਟਰੀ ਸੁਰੱਖਿਆ ਦੇ ਨਾਮ ਤੇ ਦੇਸ਼ ਦੀ ਸੱਤਾ ਤੇ ਕਾਬਜ ਹੋਈ ਭਾਜਪਾ ਸਰਕਾਰ ਰਾਸ਼ਟਰੀ ਸੁਰੱਖਿਆ ਨਾਲ ਖਿਲ਼ਵਾੜ ਕਰਨ ਵਾਲੇ ਅਧਿਕਾਰੀਆਂ ਦੀ ਜਿੰਮੇਂਵਾਰੀ ਤੈਅ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕਰੇ ਤੇ ਆਈ.ਸੀ.ਪੀ ਅਟਾਰੀ ਵਿਖੇ ਜਲਦੀ ਤੋਂ ਜਲਦੀ ਟਰੱਕ ਸਕੈਨਰ ਲਗਾ ਕੇ ਪਾਕਿਸਤਾਨ ਨਾਲ ਹੁੰਦੇ ਵਪਾਰ ਦੀ ਆੜ ਹੇਠ ਦੇਸ਼ ਦੇ ਨੌਜੁਆਨਾਂ ਨੂੰ ਖੋਖਲੇ ਕਰਨ ਲਈ ਭੇਜੇ ਜਾ ਰਹੇ ਨਸ਼ੀਲੇ ਪਦਾਰਥਾਂ `ਤੇ ਰੋਕ ਲਗਾਵੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media