ਕਿਸਾਨਾਂ ਨੂੰ ਰਾਹਤ ਨਾ ਦੇਣ `ਤੇ ਮੋਦੀ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਵਿੱਚ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦੇ ਪਹਿਲੇ ਬਜਟ ਨੇ
ਮੋਦੀ ਸਰਕਾਰ ਦੇ ਕਿਸਾਨ, ਮਜ਼ਦੂਰ ਤੇ ਨੌਜੁਆਨ ਵਿਰੋਧੀ ਚਿਹਰੇ ਨੂੰ ਲੋਕਾਂ ਸਾਹਮਣੇ ਨੰਗਾ ਕੀਤਾ ਹੈ, ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਵਲੋਂ ਪੇਸ਼ ਕੀਤੇ ਕੇਂਦਰੀ ਬਜਟ ਤੇ ਪ੍ਰਤੀਕਿਰਿਆ ਦਿੰਦਿਆਂ ਅੰਮ੍ਰਿਸਤਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਕੀਤਾ ਗਿਆ।ਔਜਲਾ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਪੁਰਾਣੇ ਵਾਅਦਿਆਂ ਨੂੰ ਹੀ ਦੁਹਰਾਇਆ ਅਤੇ ਕੁਝ ਵੀ ਨਵਾਂ ਪੇਸ਼ ਨਾ ਕਰਕੇ ਕੇਂਦਰੀ ਵਿੱਤ ਮੰਤਰੀ ਨੇ ਇਹ ਮੰਨ ਲਿਆ ਹੈ ਕਿ ਦੇਸ਼ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਕੋਲ ਕੋਈ ਠੋਸ ਨੀਤੀ ਨਹੀਂ ਹੈ।
ਔਜਲਾ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਨਵੇਂ ਭਾਰਤ ਦੀ ਗੱਲ ਕਰ ਰਹੀ ਹੈ ਉਥੇ ਹੀ ਕੇਂਦਰੀ ਵਿੱਤ ਮੰਤਰੀ ਵਲੋਂ ਪੇਸ਼ ਕੀਤਾ ਗਿਆ ਬਜਟ ਸਿਰਫ ਪੁਰਾਣੀ ਸ਼ਰਾਬ ਨੂੰ ਨਵੀਂ ਬੋਤਲ ਵਿੱਚ ਪੇਸ਼ ਕਰਨ ਵਾਂਗ ਹੈ।ਕੇਂਦਰੀ ਬਜਟ ਨੇ ਦੇਸ਼ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਅਤੇ ਇਸ ਬਜ਼ਟ ਨਾਲ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ ਜਿਸ ਨਾਲ ਪਹਿਲਾਂ ਤੋਂ ਹੀ ਜਨਤਾ ਦਾ ਕਚੁੰਮਰ ਕੱਢਣ ਵਾਲੀ ਮਹਿੰਗਾਈ ਦਾ ਡੰਗ ਹੋਰ ਤਜ਼ ਹੋਵੇਗਾ।ਉਨ੍ਹਾਂ ਕਿਹਾ ਕਿ ਸੋਨੇ `ਤੇ ਐਕਸਾਈਜ਼ ਡਿਊਟੀ ਦੇ ਵਧਣ ਨਾਲ ਜਨਤਾ `ਤੇ ਮਹਿੰਗਾਈ ਦੀ ਹੋਰ ਮਾਰ ਪਵੇਗੀ। ਔਜਲਾ ਨੇ ਕਿਹਾ ਕਿ ਬਜਟ ਵਿੱਚ ਕਿਸਾਨਾਂ, ਮਜਦੂਰ ਲਈ ਕਿਸੇ ਰਾਹਤ ਦਾ ਐਲਾਨ ਨਾ ਕਰਕੇ ਮੋਦੀ ਸਰਕਾਰ ਨੇ ਸਾਬਤ ਕਰ ਦਿਤਾ ਹੈ ਕਿ ਉਹ ਦੇਸ਼ ਵਿਚੋਂ ਗਰੀਬੀ ਨਹੀਂ ਬਲਕਿ ਗਰੀਬਾਂ ਨੂੰ ਹੀ ਦੂਰ ਕਰਨਾ ਚਾਹੁੰਦੀ ਹੈ। ਮੋਦੀ ਸਰਕਾਰ ਨੇ ਬਜਟ ਵਿੱਚ ਸਰਮਾਏਦਾਰ ਪੱਖੀ ਤਜਵੀਜਾਂ ਪੇਸ਼ ਕਰਕੇ ਦਸ ਦਿਤਾ ਹੈ ਕਿ ਉਸਨੂੰ ਕਿਸਾਨਾਂ ਮਜ਼ਦੂਰਾਂ ਦੀ ਕੋਈ ਪ੍ਰਵਾਹ ਨਹੀਂ ਹੈ। ਔਜਲਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਦਿਨ-ਬ-ਦਿਨ ਹੇਠਾਂ ਵੱਲ ਨੂੰ ਜਾ ਰਿਹਾ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਜਿਸ ਲਈ ਪੰਜਾਬ ਅੰਦਰ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਲਈ ਫਸਲੀ ਵਿੰਭਿੰਨਤਾ ਜਰੂਰੀ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਬਜਟ ਵਿੱਚ ਫਸਲੀ ਵਿੰਭਿੰਨਤਾ ਲਈ ਕੋਈ ਐਲਾਣ ਨਾ ਕਰਕੇ ਪੰਜਾਬ ਨੂੰ ਮਾਰੂਥਲ ਵਿੱਚ ਤਬਦੀਲ ਕਰਨ ਵਿੱਚ ਇਕ ਹੋਰ ਕਦਮ ਪੁੱਟਦਿਆਂ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿਤਾ ਹੈ। ਕੇਂਦਰੀ ਬਜਟ ਵਿੱਚ ਮੋਦੀ ਸਰਕਾਰ ਨੇ ਸਰਹੱਦੀ ਖੇਤਰ ਦੇ ਵਿਕਾਸ ਲਈ ਅਹਿਮ ਰੋਲ ਅਦਾ ਕਰ ਸਕਣ ਵਾਲੇ ਸਪੈਸ਼ਲ ਇਕਨੌਮਿਕ ਜੋਨ (ਐਸ.ਈ.ਜ਼ੈਡ) ਦੀ ਸਥਾਪਨਾ ਲਈ ਕੋਈ ਕਦਮ ਨਹੀਂ ਉਠਾਇਆ। ਔਜਲਾ ਨੇ ਕਿਹਾ ਕਿ ਬਜਟ ਵਿੱਚ ਬੇਰੁਜਗਾਰੀ ਨੂੰ ਦੂਰ ਕਰਨ, ਕਰਜੇ ਦੀ ਦਲਦਲ ਵਿੱਚ ਫਸੇ ਪੰਜਾਬ ਦੇ ਕਿਸਾਨਾਂ, ਮਜ਼ਦੁਰਾਂ ਤੇ ਨੌਜੁਆਨਾਂ ਦੀ ਭਲਾਈ ਲਈ ਕੋਈ ਐਲਾਣ ਨਾ ਕਰਕੇ ਇਹ ਸਬਤ ਕਰ ਦਿਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਇਕ ਜੁਮਲੇਬਾਜ ਸਰਕਾਰ ਹੈ ਅਤੇ ਮੋਦੀ ਸਰਕਾਰ ਤੋਂ ਕਿਸੇ ਭਲੇ ਦੀ ਆਸ ਕਰਨੀ ਪੰਜਾਬੀ ਦੀ ਕਹਾਵਤ ‘ ਮੱਝ ਦੇ ਅੱਗੇ ਬੀਨ ਵਜਾਉਣ ਦੇ ਬਰਾਬਰ’ ਹੈ।ਝੂਠ ਦੇ ਸਹਾਰੇ ਕੇਂਦਰ ਦੀ ਸੱਤਾ ਤੇ ਕਾਬਜ ਮੋਦੀ ਸਰਕਾਰ ਤੋਂ ਲੋਕ ਹਿਤੈਸ਼ੀ ਨੀਤੀਆਂ ਦੀ ਆਸ ਨਹੀਂ ਕੀਤੀ ਜਾ ਸਕਦੀ।
ਔਜਲਾ ਨੇ ਕੇਂਦਰ ਸਰਕਾਰ ਤੇ ਭੇਦਭਾਵ ਦੀ ਨੀਤੀ ਅਖਤਿਆਰ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਨਵੰਬਰ 2019 ਵਿੱਚ ਸਮੁੱਚੀ ਲੁਕਾਈ ਦੇ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਵਿਸ਼ਵ ਪੱਧਰ ਤੇ ਮਨਾਈ ਜਾ ਰਹੀ ਹੈ ਪ੍ਰੰਤੂ ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਜਨਮ ਸ਼ਤਾਬਦੀ ਲਈ ਕਿਸੇ ਵੀ ਫੰਡ ਜਾਂ ਬਜ਼ਟ ਦਾ ਐਲਾਨ ਨਾ ਕਰਕੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media